ਫਿਰੋਜ਼ਪੁਰ/ਗੁਰੂ ਹਰਸਹਾਇ, 27 ਜਨਵਰੀ, 2017 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੂਰੀ ਤਰ੍ਹਾਂ ਨਾਲ ਬਾਹਰੀ ਆਮ ਆਦਮੀ ਪਾਰਟੀ ਦੀ ਸੂਬੇ ਅੰਦਰ ਸ਼ਾਸਨ ਕਰਨ ਨੂੰ ਲੈ ਕੇ ਭਰੋਸੇਮੰਦੀ 'ਤੇ ਸਵਾਲ ਕਰਦਿਆਂ, ਇਕ ਵਾਰ ਫਿਰ ਤੋਂ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਲੋਕਾਂ ਦੀ ਭਲਾਈ ਪ੍ਰਤੀ ਆਪਣੀ ਇਮਾਨਦਾਰੀ ਨੂੰ ਸਾਬਤ ਕਰਨ ਲਈ ਆਪਣੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਕਰਨ ਦੀ ਚੁਣੌਤੀ ਦਿੱਤੀ ਹੈ।
ਇਸ ਲੜੀ ਹੇਠ ਦਿਨ 'ਚ ਪਹਿਲਾਂ ਏ.ਆਈ.ਸੀ.ਸੀ ਮੀਤ ਪ੍ਰਧਾਨ ਰਾਹੁਲ ਗਾਂਧੀ ਨਾਲ ਸਾਂਝੀ ਪਬਲਿਕ ਮੀਟਿੰਗ ਤੋਂ ਬਾਅਦ ਫਿਰੋਜ਼ਪੁਰ ਦਿਹਾਤੀ ਤੇ ਗੁਰੂ ਹਰਸਹਾਇ 'ਚ ਵਿਸ਼ਾਲ ਰੈਲੀਆਂ ਨੂੰ ਸੰਬੋਧਨ ਕਰਦਿਆਂ, ਕੈਪਟਨ ਅਮਰਿੰਦਰ ਨੇ ਕੇਜਰੀਵਾਲ ਵੱਲੋਂ ਬਿਨ੍ਹਾਂ ਚੋਣ ਲੜੇ ਪੰਜਾਬ 'ਚ ਮੁੱਖ ਮੰਤਰੀ ਅਹੁਦੇ ਨੂੰ ਕਬਜ਼ਾਉਣ ਲਈ ਪਿਛਲੇ ਦਰਵਾਜ਼ੇ ਤੋਂ ਪ੍ਰਵੇਸ਼ ਕਰਨ ਨੂੰ ਲੈ ਕੇ ਲਗਾਤਾਰ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਨਿੰਦਾ ਕੀਤੀ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਚੋਣਾਂ 'ਚ ਹਿੱਸਾ ਲੈ ਰਹੀਆਂ ਹੋਰ ਸਾਰੀਆਂ ਮੁੱਖ ਸਿਆਸੀ ਪਾਰਟੀਆਂ ਨੇ ਸਪੱਸ਼ਟ ਤੌਰ 'ਤੇ ਆਪਣੇ ਮੁੱਖ ਮੰਤਰੀਆਂ ਦੇ ਚੇਹਰਿਆਂ ਨੂੰ ਪੇਸ਼ ਕਰ ਦਿੱਤਾ ਹੈ। ਇਹ ਇਸ ਸੱਚਾਈ ਨੂੰ ਸਾਬਤ ਕਰਨ ਲਈ ਕਾਫੀ ਹੈ ਕਿ ਕੇਜਰੀਵਾਲ ਪੰਜਾਬ ਲਈ ਲੋਕਾਂ ਤੇ ਉਨ੍ਹਾਂ ਦੀਆਂ ਚਿੰਤਾਵਾਂ ਤੋਂ ਪੂਰੀ ਤਰ੍ਹਾਂ ਵੱਖ ਹੋਣ ਦੇ ਬਾਵਜੂਦ ਖੁਦ ਲਈ ਸੂਬੇ ਦੇ ਸੱਭ ਤੋਂ ਉੱਚੇ ਅਹੁਦੇ 'ਤੇ ਨਜ਼ਰ ਰੱਖੇ ਹੋਏ ਹਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਵਾਰ ਵਾਰ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਉਪਰ ਪੱਖ ਸਾਫ ਕਰਨ ਸਮੇਤ ਐਸ.ਵਾਈ.ਐਲ ਵਰਗੇ ਹੋਰ ਮਹੱਤਵਪੂਰਨ ਮੁੱਦਿਆਂ ਬਾਰੇ ਪੁੱਛੇ ਜਾਣ ਦੇ ਬਾਵਜੂਦ ਕੇਜਰੀਵਾਲ ਲਗਾਤਾਰ ਅਟਲ ਚੁੱਪੀ ਬਣਾਏ ਹੋਏ ਹਨ, ਜਿਸ ਤੋਂ ਉਨ੍ਹਾਂ ਦੀ ਬੇਈਮਾਨ ਸੋਚ ਦਾ ਸਾਫ ਇਸ਼ਾਰਾ ਮਿੱਲਦਾ ਹੈ।
ਇਸ ਲੜੀ ਹੇਠ, ਕੈਪਟਨ ਅਮਰਿੰਦਰ ਨੇ ਕਿਹਾ ਕਿ ਕੇਜਰੀਵਾਲ ਵੱਲੋਂ ਲਗਾਤਾਰ ਇਕ ਪੰਜਾਬੀ ਮੁੱਖ ਮੰਤਰੀ ਦਾ ਐਲਾਨ ਕਰਨ ਅਤੇ ਆਪ ਦੇ ਡਿਪਟੀ ਮੁੱਖ ਮੰਤਰੀ ਉਮੀਦਵਾਰ ਨੂੰ ਸਾਫ ਕਰਨ ਤੋਂ ਬੱਚਣਾ, ਸੰਕੇਤ ਦਿੰਦਾ ਹੇ ਕਿ ਉਹ ਇਸ ਨਾਮੀ ਅਹੁਦੇ ਨੂੰ ਹੜਪਣ ਦੀ ਇੱਛਾ ਰੱਖਦੇ ਹਨ ਤੇ ਇਹ ਸੱਚਾਈ ਉਨ੍ਹਾਂ ਦੀ ਆਪਣੀ ਪਾਰਟੀ ਦੇ ਆਗੂ ਵੱਲੋਂ ਹਾਲੇ 'ਚ ਜਗਜਾਹਿਰ ਕੀਤੀ ਗਈ ਸੀ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਪੰਜਾਬ ਦੇ ਲੋਕਾਂ ਦੀ ਹਾਲਤ 'ਤੇ ਆਪਣੇ ਵਿਅਕਤੀਗਤ ਹਿੱਤਾਂ ਨੂੰ ਅੱਗੇ ਵਧਾਉਣ 'ਤੇ ਵੀ ਕੇਜਰੀਵਾਲ ਦੀ ਨਿੰਦਾ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਅਜਿਹੇ ਗੱਭੀਰ ਸਮੇਂ 'ਚ ਬਾਹਰੀ ਵਿਅਕਤੀਆਂ ਨਾਲ ਪ੍ਰਯੋਗ ਕਰਨਾ ਸਹਿਣ ਨਹੀਂ ਕਰ ਸਕਦੇ, ਜਦਕਿ ਸੂਬੇ ਨੂੰ ਪੰਜਾਬ 'ਚ ਜ਼ਮੀਨ ਨਾਲ ਜੁੜੇ ਲੋਕਾਂ ਦੀ ਇਕ ਤਜ਼ੁਰਬੇਕਾਰ ਅਗਵਾਈ ਦੀ ਲੋੜ ਹੈ, ਜਿਹੜੀ ਉਨ੍ਹਾਂ ਦੀਆ ਸਮੱਸਿਆਵਾਂ ਨੂੰ ਸਮਝ ਸਕੇ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਆਪ ਦਾ ਪੰਜਾਬ ਤੋਂ ਪੂਰੀ ਤਰ੍ਹਾਂ ਟੁੱਟੇ ਹੋਣਾ ਇਸ ਤੱਥ ਤੋਂ ਸਾਬਤ ਹੁੰਦਾ ਹੈ ਕਿ ਇਹ ਆਪਣੀ ਚੋਣ ਪੀਕ੍ਰਿਆ ਨੂੰ ਚਲਾਉਣ ਵਾਸਤੇ ਦੂਜੇ ਸੂਬਿਆਂ ਤੋਂ ਹਜ਼ਾਰਾਂ ਲੋਕਾਂ ਨੂੰ ਲਿਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਖੁਦ ਇਕ ਹਰਿਆਣਵੀ ਹਨ, ਅਤੇ ਉਨ੍ਹਾਂ ਤੋਂ ਐਸ.ਵਾਈ.ਐਲ, ਚੰਡੀਗੜ੍ਹ ਤੇ ਪੰਜਾਬੀ ਭਾਸ਼ਾ ਵਰਗੇ ਮੁੱਦਿਆਂ 'ਤੇ ਪੰਜਾਬ ਦਾ ਪੱਖ ਲੈਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ, ਜਿਹੜੇ ਦਹਾਕਿਆਂ ਤੋਂ ਹਰਿਆਣਾ ਤੇ ਪੰਜਾਬ ਵਿਚਾਲੇ ਲਟਕ ਰਹੇ ਹਨ।
ਕੈਪਟਨ ਅਮਰਿੰਦਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਅਕਾਲੀਆਂ ਤੇ ਆਪ ਵਿਚਾਲੇ ਕੋਈ ਅੰਤਰ ਨਹੀਂ ਹੈ ਤੇ ਇਹ ਦੋਵੇਂ ਪੰਜਾਬ ਅਤੇ ਇਸਦੇ ਲੋਕਾਂ ਨੂੰ ਲੁੱਟਦਿਆਂ ਸਿਰਫ ਆਪਣੇ ਵਿਸ਼ੇਸ਼ ਹਿੱਤਾਂ ਨੂੰ ਵਾਧਾ ਦੇਣ ਪ੍ਰਤੀ ਇੱਛੁਕ ਹਨ।
ਉਹ ਬਾਦਲਾਂ ਉਪਰ ਸੂਬੇ ਦੀ ਅਰਥ ਵਿਵਸਣਾ ਨੂੰ ਤਬਾਹ ਕਰਨ ਲਈ ਵਰ੍ਹੇ, ਜਿਹੜੇ ਹੁਣ ਸੰਪ੍ਰਦਾਇਕ ਅਧਾਰ 'ਤੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ। ਜਿਸ 'ਤੇ, ਕੈਪਟਨ ਅਮਰਿੰਦਰ ਨੇ ਪ੍ਰਕਾਸ਼ ਸਿੰਘ ਬਾਦਲ ਦੀ ਲੰਬੀ 'ਚ ਜ਼ੋਰਦਾਰ ਕੁਟਾਈ ਕਰਨ ਦਾ ਵਾਅਦਾ ਦੁਹਰਾਇਆ, ਜਿਥੋਂ ਉਨ੍ਹਾਂ ਨੇ ਬਾਦਲ ਨੂੰ ਸਿਰਫ ਇਕ ਸਬਕ ਸਿਖਾਉਣ ਲਈ ਲੜਨ ਦਾ ਫੈਸਲਾ ਕੀਤਾ ਹੈ।
ਇਸੇ ਤਰ੍ਹਾਂ, ਸੂਬੇ 'ਚ ਕਿਸਾਨਾਂ ਵੱਲੋਂ ਵੱਡੀ ਗਿਣਤੀ 'ਚ ਖੁਦਕੁਸ਼ੀਆਂ ਕੀਤੇ ਜਾਣ 'ਤੇ ਦੁੱਖ ਪ੍ਰਗਟਾਉਂਦਿਆਂ, ਕੈਪਟਨ ਅਮਰਿੰਦਰ ਸੱਤਾ 'ਚ ਆਉਣ ਤੋਂ ਬਾਅਦ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕਰਨ ਸਬੰਧੀ ਆਪਣਾ ਵਾਅਦਾ ਦੁਹਰਾਇਆ। ਉਨ੍ਹਾਂ ਹਰੇਕ ਪਰਿਵਾਰ 'ਚੋਂ ਇਕ ਵਿਅਕਤੀ ਨੂੰ ਨੌਕਰੀ ਦੇਣ ਤੇ ਨੌਜ਼ਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਉਦਯੋਗਾਂ ਨੂੰ ਮੁੜ ਖੜ੍ਹੇ ਕਰਨ ਤੇ ਪੰਜਾਬ ਨੂੰ ਵਿਕਾਸ ਦੀ ਪੱਟੜੀ 'ਤੇ ਵਾਪਿਸ ਲਿਆਉਣ ਦਾ ਵਾਅਦਾ ਵੀ ਦੁਹਰਾਇਆ।
ਕੈਪਟਨ ਅਮਰਿੰਦਰ ਨੇ ਬੇਕਸੂਰ ਲੋਕਾਂ ਖਿਲਾਫ ਝੂਠੇ ਕੇਸ ਦਰਜ ਕਰਨ 'ਚ ਸ਼ਾਮਿਲ ਸਿਆਸਤਦਾਨਾਂ ਤੇ ਪੁਲਿਸ ਅਫਸਰਾਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਤੇ ਸੂਬੇ ਦੇ ਨੌਜ਼ਵਾਨਾਂ ਨੂੰ ਨਸ਼ਿਆਂ 'ਚ ਧਕੇਲਣ ਲਈ ਜ਼ਿੰਮੇਵਾਰਾਂ ਨੂੰ ਨਿਆਂ ਦਾ ਸਾਹਮਣਾ ਕਰਵਾਉਣ ਦਾ ਵਾਅਦਾ ਕੀਤਾ।
ਗੁਰੂ ਹਰਸਹਾਇ ਤੋਂ ਕਾਂਗਰਸ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਇਲਾਕੇ ਨੂੰ ਮਾਡਲ ਟਾਊਨ 'ਚ ਬਦਲਣ ਦਾ ਵਾਅਦਾ ਕੀਤਾ।
ਫਿਰੋਜ਼ਪੁਰ ਦਿਹਾਤੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਉਮੀਦਵਾਰ ਸਤਕਾਰ ਕੌਰ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਕਾਂਗਰਸ ਪੰਜਾਬ ਨੂੰ ਤਬਾਹ ਕਰਨ ਲਈ ਦੋਸ਼ੀ ਸਾਰੇ ਵਿਅਕਤੀਆਂ ਨੂੰ ਸਜ਼ਾ ਦਿਲਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡੇਗੀ।