ਮਜੀਠਾ, 27 ਜਨਵਰੀ, 2017 : ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਸ: ਬਿਕਰਮ ਸਿੰਘ ਮਜੀਠੀਆ ਨੇ ਦਾਅਵਾ ਕੀਤਾ ਹੈ ਕਿ ਕੇਜਰੀਵਾਲ ਜੁੰਡਲੀ 'ਆਮ ਆਦਮੀ ਪਾਰਟੀ' ਦੀ ਹਾਰ ਨੂੰ ਦੇਖਦਿਆਂ ਚੋਣ ਮੈਦਾਨ 'ਚ ਪੈਰ ਪਿਛਾਂਹ ਖਿੱਚ ਲੈਣ ਲਈ ਮਜਬੂਰ ਹੋ ਗਏ ਹਨ।
ਪਿੰਡ ਨਾਗ ਕਲਾਂ ਵਿਖੇ ਚੋਣ ਪ੍ਰਚਾਰ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਵੱਲੋਂ ਪਾਣੀਆਂ ਦੇ ਮੁੱਦੇ 'ਤੇ ਪੰਜਾਬ ਦਾ ਵਿਰੋਧ ਕਰਨਾ ਅਤੇ ਟੋਪੀ ਵਾਲਿਆਂ ਦੇ ਆਗੂਆਂ ਵੱਲੋਂ ਔਰਤਾਂ ਦੇ ਸ਼ੋਸ਼ਣ ਵਰਗੇ ਪੰਜਾਬੀ ਜੀਵਨ ਜਾਂਚ ਦੇ ਵਿਪਰੀਤ ਕਾਰਿਆਂ ਦੇ ਖ਼ੁਲਾਸਿਆਂ ਕਾਰਨ ਪੰਜਾਬ ਦੇ ਲੋਕਾਂ ਅੰਦਰ ਵਿਆਪਕ ਰੋਸ ਪੈਦਾ ਹੋਇਆ ਹੈ ਜਿਸ ਕਾਰਨ ਆਪ ਦੇ ਉਮੀਦਵਾਰਾਂ ਨੂੰ ਥਾਂ ਥਾਂ ਲੋਕਾਂ ਵੱਲੋਂ ਦੁਰਕਾਰਿਆ ਜਾ ਰਿਹਾ ਹੈ।
ਸ: ਮਜੀਠੀਆ ਨੇ ਕਿਹਾ ਕਿ ਪੰਜਾਬ ਦੀ ਧਰਤੀ ਔਰਤਾਂ ਦੇ ਸਤਿਕਾਰ ਲਈ ਜਾਣੀ ਜਾਂਦੀ ਹੈ, ਆਪ ਆਗੂਆਂ ਦੇ ਕਾਰਿਆਂ ਨੂੰ ਪੰਜਾਬ ਦੇ ਬਹਾਦਰ ਲੋਕਾਂ ਵੱਲੋਂ ਸਹਿਣ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਹਨਾਂ ਕਿਹਾ ਕਿ ਪੈਸੇ ਲੈ ਕੇ ਟਿਕਟਾਂ ਵੇਚਣ ਬਾਰੇ ਕੇਜੀਵਾਲ ਨੇ ਅੱਜ ਤਕ ਜਵਾਬ ਨਹੀਂ ਦਿੱਤਾ। ਪਾਣੀਆਂ ਦੇ ਮੁੱਦੇ 'ਤੇ ਪੰਜਾਬ ਵਿਰੁੱਧ ਜਾ ਕੇ ਪੰਜਾਬੀਆਂ ਨੂੰ ਧੋਖਾ ਦੇ ਚੁੱਕੇ ਕੇਜਰੀਵਾਲ ਦਿਲੀ 'ਚ ਕਿਸੇ ਸਿੱਖ ਨੂੰ ਮੰਤਰੀ ਨਹੀਂ ਬਣਾਇਆ। ਦਿਲੀ 'ਚ ਪਿਆਓ ਤੁੜਵਾਉਣ ਵਾਲੇ, ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਨਾ ਲੱਗਣ ਦੇਣ ਵਾਲੇ ਅਤੇ ਪਵਿੱਤਰ ਕੁਰਾਨ ਦੀ ਬੇਅਦਬੀ ਕਰਨ ਵਾਲੇ ਹਨ। ਉਹਨਾਂ ਕਿਹਾ ਕਿ ਕੇਜਰੀਵਾਲ ਜੁੰਡਲੀ ਨੇ ਆਪਣੇ ਮੈਨੀਫੈਸਟੋ ਦੀ ਤੁਲਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਕੀਤੀ, ਸ੍ਰੀ ਦਰਬਾਰ ਸਾਹਿਬ ਨਾਲ ਝਾੜੂ ਨੂੰ ਲਗਾਇਆ ਅਜਿਹੇ ਪੰਥ ਦੋਖੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦਾ ਭਰੋਸਾ ਚੋਣ ਸਟੰਟ ਹਨ।
ਸ: ਮਜੀਠੀਆ ਨੇ ਕਿਹਾ ਕਿ ਬੇਅਦਬੀ ਮਾਮਲਿਆਂ 'ਚ ਆਪ ਦੀ ਸ਼ਮੂਲੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।ਉਹਨਾਂ ਕਿਹਾ ਕਿ ਪੰਜਾਬ 'ਚ ਸਤ ਦਹਾਕਿਆਂ ਦੌਰਾਨ ਸਭ ਪਾਰਟੀਆਂ ਵਿਚਰਦੀਆਂ ਰਹੀਆਂ ਪਰ ਬੇਅਦਬੀ ਵਰਗੀ ਕਾਰਵਾਈ ਵੇਖਣ ਸੁਣਨ 'ਚ ਨਹੀਂ ਆਈ ਜਦ ਦੀ ਇਹ ਟੋਪੀ ਵਾਲਿਆਂ ਨੇ ਪੰਜਾਬ 'ਚ ਪੈਰ ਪਾਇਆਂ ਤਦ ਤੋਂ ਅਜਿਹੀਆਂ ਹਿਰਦੇਵੇਧਕ ਵਾਰਦਾਤਾਂ ਹੋਣੀਆਂ ਸ਼ੁਰੂ ਹੋਈਆਂ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਗੱਠਜੋੜ ਦੀ ਮੁੜ ਤੀਜੀ ਵਾਰ ਸਰਕਾਰ ਬਣਨੀ ਯਕੀਨੀ ਹੈ ਅਤੇ ਸੂਬੇ ਦੇ ਵਿਕਾਸ, ਅਮਨ ਸ਼ਾਂਤੀ, ਖੁਸ਼ਹਾਲੀ, ਰੁਜ਼ਗਾਰ, ਸਿੱਖਿਆ ਅਤੇ ਸਿਹਤ ਦੇ ਖੇਤਰਾਂ 'ਚ ਹੋਰ ਅਗਾਂਹ ਵਧਣ ਲਈ ਜੰਗੀ ਪੱਧਰ 'ਤੇ ਯਤਨ ਕੀਤੇ ਜਾਣਗੇ।
ਇਸ ਮੌਕੇ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਸ: ਸਾਜਨ ਸਿੰਘ, ਤਰਸੇਮ ਸਿੰਘ ਮੈਂਬਰ, ਦਲਬੀਰ ਸਿੰਘ, ਬਲਦੇਵ ਸਿੰਘ, ਗੁਰਵਿੰਦਰ ਸਿੰਘ, ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਲਾਡੀ, ਟਿੱਕਾ, ਸਾਧੂ, ਭੁੱਟੋ ਅਤੇ ਲਾਲ ਸਿੰਘ ਆਦਿ ਨੂੰ ਸ: ਮਜੀਠੀਆ ਨੇ ਸਨਮਾਨਿਤ ਕੀਤਾ।
ਇਸ ਮੌਕੇ ਮੇਜਰ ਸ਼ਿਵੀ, ਜੋਧ ਸਿੰਘ ਸਮਰਾ, ਸਰਬਜੀਤ ਸਪਾਰੀਵਿੰਡ, ਹਰਕੀਰਤ ਸਿੰਘ ਸ਼ਾਹੀਦ, ਦਲਜੀਤ ਸਿੰਘ, ਨਥਾ ਸਿੰਘ, ਸਰਪੰਚ ਮਨਜੀਤ ਸਿੰਘ, ਤਰਸੇਮ ਸਿੰਘ ਸੂਬੇਦਾਰ, ਸਵਿੰਦਰ ਮੈਂਬਰ, ਬਿਕਰਮਜੀਤ ਸਿੰਘ ਮੈਂਬਰ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।