ਰਿਹਾਇਸ਼ੀ ਜਾਇਦਾਦ ਤੋਂ ਪ੍ਰਾਪਰਟੀ ਟੈਕਸ ਹਟੇਗਾ, 400 ਯੂਨਿਟ ਤੱਕ ਅੱਧੇ ਬਿਲ ਕੀਤੇ ਜਾਣਗੇ ਮਾਫ – ਸੰਧੂ
ਬੇਰੋਜਗਾਰ ਨੌਜਵਾਨਾਂ ਲਈ 25 ਲੱਖ ਨੌਕਰੀਆਂ ਦੇ ਮੌਕੇ ਪੈਦਾ ਕੀਤੇ ਜਾਣਗੇ
ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਲਈ ਸਾਰਿਆਂ ਵਾਸਤੇ 5 ਲੱਖ ਤੱਕ ਕੈਸ਼ਲੈਸ ਇਲਾਜ
ਸਰਕਾਰੀ ਸਕੂਲਾਂ ਦੇ 9ਵੀਂ ਜਮਾਤ ਦੇ ਬੱਚਿਆਂ ਲਈ ਮੁਫਤ ਲੈਪਟਾਪ
ਵਪਾਰ ਨੂੰ ਇੰਸਪੈਕਟਰੀ ਰਾਜ ਤੋਂ ਮੁਕਤ ਕੀਤਾ ਜਾਵੇਗਾ, ਇੰਡਸਟਰੀ ਲਈ ਬਿਜਲੀ 5 ਰੁਪਏ ਯੁਨਿਟ ਤੋਂ ਘੱਟ ਹੋਵੇਗੀ
ਬੇਅਦਬੀ ਦੇ ਮਾਮਲਿਆਂ ਦੀ ਜਾਂਚ ਹੋਵੇਗੀ, ਸਾਜਿਸ਼ ਕਰਨ ਵਾਲਿਆਂ ਨੂੰ ਦਿੱਤੀ ਜਾਵੇਗੀ ਮਿਸਾਲੀ ਸਜਾ
6ਵਾਂ ਤਨਖਾਹ ਕਮਿਸ਼ਨ ਲਾਗੂ ਕੀਤਾ ਜਾਵੇਗਾ, ਠੇਕਾ ਆਧਾਰਿਤ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇਗਾ
ਚੰਡੀਗੜ੍ਹ, 27 ਜਨਵਰੀ, 2017 : ਆਮ ਆਦਮੀ ਪਾਰਟੀ (ਆਪ) ਨੇ ਅੱਜ ਐਲਾਨ ਕੀਤਾ ਕਿ ਪੰਜਾਬ ਦੇ ਕਿਸਾਨਾਂ ਨੂੰ ਦਸੰਬਰ 2018 ਤੱਕ ਕਰਜੇ ਦੇ ਜਾਲ ਵਿੱਚੋਂ ਕੱਢ ਦਿੱਤਾ ਜਾਵੇਗਾ। ਬੇਰੋਜਗਾਰਾਂ ਲਈ 25 ਲੱਖ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ ਅਤੇ ਨਾਲ ਹੀ ਪੰਜਾਬ ਨੂੰ ਇੱਕ ਮਹੀਨੇ ਦੇ ਅੰਦਰ ਨਸ਼ਾ-ਮੁਕਤ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਗਵੰਤ ਮਾਨ ਅਤੇ ਡਾਇਲਾਗ ਕਮੇਟੀ ਦੇ ਕਨਵੀਨਰ ਕੰਵਰ ਸੰਧੂ ਨੇ ਇੱਥੇ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਕਿਹਾ ਕਿ ਖੇਤੀਬਾੜੀ, ਵਪਾਰ, ਇੰਡਸਟਰੀ, ਸਿਹਤ, ਸਿੱਖਿਆ, ਐਸਸੀ,ਬੀਸੀ ਦੀ ਭਲਾਈ ਅਤੇ ਰੋਜਗਾਰ ਪੈਦਾ ਕਰਨ ਉਤੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਖ ਮੁੱਦੇ ਹੋਣਗੇ।
ਭਗਵੰਤ ਮਾਨ ਨੇ ਕਿਹਾ ਕਿ ਫਸਲ ਦੇ ਖਰਾਬੇ ਦਾ ਮੁਆਵਜਾ ਵਧਾ ਕੇ 20 ਹਜਾਰ ਰੁਪਏ ਕਰਨ ਦੇ ਨਾਲ-ਨਾਲ ਖੇਤ ਮਜਦੂਰਾਂ ਨੂੰ ਕੰਮ ਠੱਪ ਹੋਣ ਦੇ ਏਵਜ ਵਜੋਂ 10 ਹਜਾਰ ਰੁਪਏ ਮੁਆਵਜਾ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਕਿਸਾਨਾਂ ਦੇ ਕਰਜੇ ਬਾਰੇ ਸਰ ਛੋਟੂ ਰਾਮ ਐਕਟ ਆਫ 1931 ਲਾਗੂ ਕੀਤਾ ਜਾਵੇਗਾ ਅਤੇ ਜਿਨਾਂ ਕਿਸਾਨਾਂ ਨੇ ਮੂਲ ਤੋਂ ਜਿਆਦਾ ਵਿਆਜ ਅਦਾ ਕਰ ਦਿੱਤਾ ਹੈ, ਉਨਾਂ ਦਾ ਕਰਜਾ ਮਾਫ ਮੰਨਿਆ ਜਾਵੇਗਾ। ਆੜਤੀ ਬੈਂਕ ਦਰਾਂ ਤੋਂ ਜਿਆਦਾ ਨਹੀਂ ਵਿਆਜ ਨਹੀਂ ਵਸੂਲ ਸਕਦੇ।
ਉਨਾਂ ਕਿਹਾ ਕਿ ਡਰੱਗ ਮਾਫੀਆ ਨੂੰ ਕਰੜੇ ਹੱਥੀਂ ਲਿਆ ਜਾਵੇਗਾ ਅਤੇ ਸਾਰੇ ਸਿਆਸੀ ਤੇ ਗੈਰ-ਸਿਆਸੀ ਆਗੂ, ਜੋ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ਹੋਣਗੇ, ਉਨਾਂ ਨੂੰ ਇੱਕ ਮਹੀਨੇ ਦੇ ਅੰਦਰ ਜੇਲ ਵਿੱਚ ਸੁੱਟਿਆ ਜਾਵੇਗਾ। ਉਨਾਂ ਕਿਹਾ ਕਿ ਨਸ਼ਾ-ਮੁਕਤ ਪੀੜਤਾਂ ਨੂੰ 6 ਮਹੀਨੇ ਵਿੱਚ ਨਸ਼ਾ ਮੁਕਤ ਕੀਤਾ ਜਾਵੇਗਾ। ਮਾਨ ਨੇ ਕਿਹਾ ਕਿ ਨਸ਼ਾ ਮੁਕਤ ਕਰਨ ਤੋਂ ਬਾਅਦ ਨੌਜਵਾਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਂਦਾ ਜਾਵੇਗਾ ਅਤੇ ਉਨਾ ਨੂੰ ਰੋਜਗਾਰ ਮੁਹੱਈਆ ਕਰਵਾਇਆ ਜਾਵੇਗਾ।
ਉਨਾਂ ਕਿਹਾ ਕਿ ਬੇਅਦਬੀ ਦੇ 95 ਕੇਸਾਂ ਅਤੇ ਬਹਿਬਲ ਕਲਾਂ ਵਿੱਚ ਪੁਲਿਸ ਵੱਲੋਂ ਕੀਤੀ ਗਈ ਗੋਲੀਬਾਰੀ ਦੀ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਜਾਵੇਗਾ ਅਤੇ ਦੋਸ਼ੀਆਂ ਨੂੰ ਸਖਤ ਸਜਾ ਦਿੱਤੀ ਜਾਵੇਗੀ।
ਉਨਾਂ ਕਿਹਾ ਕਿ ਬੁਢਾਪਾ, ਵਿਧਵਾ ਅਤੇ ਅੰਗਹੀਣਤਾ ਪੈਨਸ਼ਨ ਮੌਜੂਦਾ 500 ਰੁਪਏ ਤੋਂ ਵਧਾ ਕੇ 2500 ਰੁਪਏ ਪ੍ਰਤਿ ਮਹੀਨਾ ਕੀਤੀ ਜਾਵੇਗੀ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਐਨਆਰਆਈ ਬੋਰਡ ਦਾ ਗਠਨ ਕੀਤਾ ਜਾਵੇਗਾ ਅਤੇ ਨਾਲ ਹੀ ਸ਼੍ਰੀ ਅੰਮ੍ਰਿਤਸਰ ਤੇ ਸ਼੍ਰੀ ਆਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦਿੱਤਾ ਜਾਵੇਗਾ। ਰਿਹਾਇਸ਼ੀ ਜਾਇਦਾਦ ਤੋਂ ਪ੍ਰਾਪਰਟੀ ਟੈਕਸ ਹਟਾਇਆ ਜਾਵੇਗਾ ਅਤੇ 400 ਯੂਨਿਟ ਤੱਕ ਅੱਧਾ ਬਿਜਲੀ ਦਾ ਬਿਲ ਮਾਫ ਕੀਤਾ ਜਾਵੇਗਾ।
ਉਨਾਂ ਕਿਹਾ ਕਿ ਸੂਬੇ ਵਿੱਚ ਸਿੱਖਿਆ ਅਤੇ ਸਿਹਤ ਢਾਂਚੇ ਨੂੰ ਪਹਿਲ ਦਿੱਤੀ ਜਾਵੇਗਾ। ਸਰਕਾਰੀ ਸਕੂਲਾਂ ਦੇ 9ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਲੈਪਟਾਪ ਦਿੱਤੇ ਜਾਣਗੇ। ਹਰੇਕ ਪ੍ਰਾਈਮਰੀ ਸਕੂਲ ਵਿੱਚ ਘੱਟੋ-ਘੱਟ 5 ਅਧਿਆਪਕ ਨਿਯੁਕਤ ਕੀਤੇ ਜਾਣਗੇ। ਅਧਿਆਪਕਾਂ ਦੀਆਂ ਖਾਲੀ ਪਈਆਂ 29000 ਅਸਾਮੀਆਂ ਨੂੰ ਜਲਦ ਭਰਿਆ ਜਾਵੇਗਾ ਅਤੇ 30,000 ਦੇ ਕਰੀਬ ਨਵੇਂ ਅਹੁਦੇ ਪੈਦਾ ਕੀਤੇ ਜਾਣਗੇ। ਦਿੱਲੀ ਦੀ ਤਰਜ ਉਤੇ ਹਰੇਕ ਪਿੰਡ ਵਿੱਚ ਇੱਕ ਪਿੰਡ ਕਲੀਨਿਕ ਅਤੇ ਸ਼ਹਿਰਾਂ ਵਿੱਚ ਮੁਹੱਲਾ ਕਲੀਨਿਕ ਖੋਲੇ ਜਾਣਗੇ।
ਇਸ ਮੌਕੇ ਕੰਵਰ ਸੰਧੂ ਨੇ ਮੀਡੀਆ ਦੇ ਮੁਖਾਤਿਬ ਹੁੰਦਿਆਂ ਕਿਹਾ ਕਿ ਆਪ ਸਰਕਾਰ ਵੱਲੋਂ ਜਿਲਾ ਅਤੇ ਤਹਿਸੀਲ ਪੱਧਰ ਉਤੇ ਆਮ ਆਦਮੀ ਕੈਨਟੀਨਾਂ ਖੋਲੀਆਂ ਜਾਣਗੀਆਂ, ਜਿੱਥੇ ਇੱਕ ਵਕਤ ਦਾ ਖਾਣਾ ਸਿਰਫ 5 ਰੁਪਏ ਵਿੱਚ ਮਿਲੇਗਾ। ਉਨਾਂ ਨੇ ਕਿ ਆਮ ਆਦਮੀ ਪਾਰਟੀ ਨੇ ਇੱਕ ਸੂਬੇ ਦੇ ਹਰ ਵਿਅਕਤੀ ਲਈ ਹੈਲਥ ਇੰਸ਼ੋਰੈਂਸ ਸਕੀਮ ਸ਼ੁਰੂ ਕਰਨ ਬਾਰੇ ਸੋਚਿਆ ਹੈ, ਜਿਸ ਰਾਹੀਂ ਪ੍ਰਾਈਵੇਟ ਹਸਪਤਾਲਾਂ ਵਿੱਚ 5 ਲੱਖ ਰੁਪਏ ਤੱਕ ਦਾ ਕੈਸ਼ਲੈਸ ਇਲਾਜ ਕਰਵਾਇਆ ਜਾ ਸਕਦਾ ਹੈ।
ਸੰਧੂ ਨੇ ਕਿਹਾ ਕਿ ਜਨ ਲੋਕਪਾਲ ਅਤੇ ਹਿਊਮਨ ਰਾਈਟ ਕਮਿਸ਼ਨ ਨਾਲ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਵਿੱਚ ਹੋਰ ਸਹਾਇਤਾ ਮਿਲੇਗਾ। ਉਨਾਂ ਕਿਹਾ ਕਿ ਬੇਅਦਬੀ ਦੇ ਸਾਰੇ ਮਾਮਲਿਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਮਿਸਾਲੀ ਸਜਾ ਦਿੱਤੀ ਜਾਵੇਗਾ। ਸੂਬੇ ਵਿੱਚ ਕਾਨੂੰਨ ਵਿਵਸਾਥਾ ਨੂੰ ਮੁੜ ਬਹਾਲ ਕੀਤਾ ਜਾਵੇਗਾ ਅਤੇ ਸੜਕ ਸੁਰੱਖਿਆ ਖਿਲਾਫ ਅਣਗਹਿਲੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸੰਧੂ ਨੇ ਕਿਹਾ ਕਿ ਉਨਾਂ ਨੇ ਕਰਮਚਾਰੀਆਂ ਨਾਲ 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਪੂਰੀ ਤਰਾਂ ਲਾਗੂ ਕਰਨ ਦਾ ਵਾਅਦਾ ਕੀਤਾ ਹੈ ਅਤੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵੇਲੇ ਬੰਦ ਕੀਤੀ ਪੈਨਸ਼ਨ ਸਕੀਮ ਨੂੰ ਮੁੜ ਲਾਗੂ ਕੀਤਾ ਜਾਵੇਗਾ। ਠੇਕੇ ਉਤੇ ਆਧਾਰਿਤ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਸਰਕਾਰੀ ਨੌਕਰੀਆਂ ਵਿੱਚ ਔਰਤਾਂ ਲਈ 33 ਫੀਸਦੀ ਰਾਖਵਾਂਕਰਨ ਹੋਵੇਗਾ।
ਉਨਾਂ ਕਿਹਾ ਕਿ ਸਾਬਕਾ ਫੌਜੀਆਂ ਨੂੰ ਨੌਕਰੀਆਂ ਵਿੱਚ 13 ਫੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਐਸਸੀ, ਐਸਟੀ ਅਤੇ ਬੀਸੀ ਕਮਿਸ਼ਨ ਨੂੰ ਹੋਰ ਤਾਕਤਾਂ ਦਿੱਤੀਆਂ ਜਾਣਗੀਆਂ ਤਾਂਕਿ ਉਹ ਦਬੇ-ਕੁਚਲੇ ਵਰਗਾਂ ਦੀ ਭਲਾਈ ਲਈ ਬਿਹਤਰੀ ਨਾਲ ਕੰਮ ਕਰ ਸਕਣ। ਉਨਾਂ ਕਿਹਾ ਕਿ ਸ਼੍ਰੀ ਅੰਮ੍ਰਿਤਸਰ ਅਤੇ ਸ਼੍ਰੀ ਆਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇਗਾ।