ਚੰਡੀਗੜ੍ਹ, 28 ਜਨਵਰੀ, 2017 : ਹੋਰ ਮਸਲਿਆ ਵਾਂਗ ਸਭਿਆਚਾਰਕ ਪ੍ਰਦੂਸ਼ਣ ਵਰਗਾ ਗੰਭੀਰ ਮਸਲਾ ਕਦੇ ਵੀ ਚੋਣ ਮੁੱਦਾ ਨਹੀ ਬਣਦਾ ਇਹ ਪ੍ਰਤੀਕਰਮ ਪ੍ਰਗਟ ਕਰਦੇ ਇਪਟਾ, ਪੰਜਾਬ ਨੇ ਕਿਹਾ ਹੈ ਕਿ ਬੇਸ਼ਕ ਸਮਾਜ ਦੀਆਂ ਮੁੱਢਲੀਆ ਲੋੜਾਂ ਕੁੱਲੀ, ਗੁੱਲੀ ਅਤੇ ਜੁੱਲੀ ਹਨ। ਇਨ੍ਹਾਂ ਨੂੰ ਪਹਿਲ ਵੀ ਦੇਣੀ ਚਾਹੀਦੀ ਹੈ। ਪਰ ਜੇ ਸਮਾਜ ਜ਼ਹਿਨੀ ਅਤੇ ਮਾਨਿਸਕ ਤੌਰ 'ਤੇ ਬਿਮਾਰ, ਅਪੰਗ ਅਤੇ ਕੰਗਾਲ ਹੋ ਜਾਵੇਗਾ ਤਾਂ ਚਾਹੇ ਅਸੀਂ ਜਿੰਨੀ ਮਰਜ਼ੀ ਤੱਰਕੀ ਕਰ ਲਈਏ, ਚੰਨ ਤਾਰਿਆਂ ਦੇ ਭੇਦ ਪਾ ਲਈਏ, ਜ਼ਮੀਨ-ਅਸਮਾਨ ਖੰਗਾਲ ਸੁੱਟੀਏ ਪਰ ਮਾਨਿਸਕ ਤੌਰ 'ਤੇ ਬਿਮਾਰ ਅਤੇ ਅਪੰਗ ਬੰਦੇ ਲਈ ਸਭ ਕੁੱਝ ਅਰਥਹੀਣ ਹੈ।ਲੱਚਰ, ਅਸ਼ਲੀਲ, ਹਿੰਸਕ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੀ ਪੰਜਾਬੀ ਗਾਇਕੀ ਸਮਾਜ ਨੂੰ ਜ਼ਹਿਨੀ ਤੌਰ 'ਤੇ ਬਿਮਾਰ ਕਰਦੀ ਹੈ ਅਤੇ ਸਮਾਜ ਵਿਚ ਬਲਾਤਕਾਰ, ਗੁੰਡਾਗਰਦੀ,ਨਸ਼ੇ ਫੈਲਾ ਰਹੀ ਹੈ।ਨੋਜਵਾਨਾਂ ਨੂੰ ਗੁੰਮਰਾਹ ਕਰ ਹਰੀ ਹੈ।ਰਿਸ਼ਤਿਆਂ ਨੂੰ ਤਾਰ ਤਾਰ ਕਰ ਹਰੀ ਹੈ।
ਬੀਤੇ ਤਕਰੀਬਨ ਦੋ ਦਹਾਕਿਆਂ ਤੋਂ ਇਪਟਾ, ਪੰਜਾਬ ਨੇ ਤਕਰੀਬਨ ਹਰ ਰਾਜਨੀਤੀਕ ਪਾਰਟੀ ਨੂੰ ਹਰ ਚੋਣ ਵੇਲੇ ਸਭਿਆਚਾਰਕ ਪ੍ਰਦੂਸ਼ਣ ਨੂੰ ਚੋਣ ਮੁੱਦਾ ਵੱਜੋਂ ਉਭਾਰਨ ਅਤੇ ਆਪੋ-ਆਪਣੇ ਚੋਣ ਮੈਨੀਫੈਸਟੋ ਪੱਤਰਾਂ ਵਿਚ ਸ਼ਾਮਿਲ ਕਰਨ ਦੀਆਂ ਅਨੇਕਾਂ ਬੇਨਤੀਆਂ ਕੀਤੀ ਗਈਆਂ ਹਨ।ਪਰ ਕਿਸੇ ਪਾਸਿਓ ਕੋਈ ਹੁੰਗਾਂਰਾ ਨਹੀਂ ਮਿਲਿਆਂ।ਇਪਟਾ ਵੱਲੋਂ ਆਪਣੀਆਂ ਮਾਲਵਾ, ਮਾਝਾ, ਦੁਆਬਾ ਅਤੇ ਪੁਆਧ ਇਕਾਈਆਂ, ਭਰਾਤਰੀ ਜੱਥੇਬੰਦੀਆਂ,ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਉਪਾਸ਼ਕਾਂ ਦੇ ਸਰਗਰਮ ਸਹਿਯੋਗ ਨਾਲ ਪੰਜਾਬ ਭਰ ਵਿਚ ਜ਼ਿਲਾ ਪੱਧਰ 'ਤੇ ਸਭਿਆਚਾਰਕ ਪ੍ਰਦੂਸ਼ਣ ਦੇ ਖਿਲਾਫ ਮੁਹਿੰਮ ਵਿੱਢੀ ਹੋਈ ਹੈ।ਜਿਸ ਤਾਹਿਤ ਲੱਚਰ, ਅਸ਼ਲੀਲ ਅਤੇ ਹਿੰਸਕ ਅਤੇ ਨਸ਼ਿਆ ਨੂੰ ਉਤਸ਼ਾਹਿਤ ਕਰਦੇ ਪੰਜਾਬੀ ਗੀਤਾਂ ਨੂੰ ਸਖਤੀ ਨਾਲ ਨੱਥ ਪਾਉਂਣ ਲਈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਹਰ ਜ਼ਿਲੇ ਦੇ ਡੀ.ਸੀ. ਸਾਹਿਬ ਰਾਹੀਂ ਮੰਗ-ਪੱਤਰ ਦੇਣ, ਸਭਿਆਚਾਰਕ ਪ੍ਰਦੂਸ਼ਣ ਦਾ ਪੁਤਲੇ ਫੁਕੇ ਜਾਂਦੇ ਹਨ।ਇਸ ਤੋਂ ਇਲਾਵਾਮੁਹਾਲੀ ਤੋਂ ਸਰਘੀ ਕਲਾ ਕੇਂਦਰ, ਮੋਰਿਡਾ ਤੋਂ ਸੱਜਰੀ ਸਵੇਰ ਕਲਾ ਕੇਂਦਰ, ਖੰਨਾ ਤੋਂ ਇਪਟਾ ਖੰਨਾ, ਲੁਧਿਆਣਾਂ ਤੋਂ ਇਪਟਾ ਲੁਧਿਆਣਾ, ਸੰਗਰੂਰ ਤੋਂ ਮਾਲਵਾ ਸਭਿਆਚਾਰਕ ਕੇਂਦਰ, ਪਟਿਆਲਾ ਤੋਂ ਆਦਿ ਰੰਗਮੰਚ, ਮੋਗੇ ਤੋਂ ਰੈਡ ਆਰਟ ਅਤੇ ਰੋਜ਼ਗਾਰ ਪ੍ਰਪਾਤੀ ਮੰਚ, ਕਪੂਰਥਲਾਂ ਤੋਂ ਲੋਕ ਕਲਾ ਮੰਚ ਅਤੇ ਇਪਟਾ ਆਰ.ਸੀ.ਐਫ, ਮੱਝਵਿੰਡ ਅੰਮ੍ਰਿਤਸਰ ਤੋਂ ਪੰਜ ਪਾਣੀ ਸਭਿਆਚਾਰਕ ਮੰਚ ਸਮੇਤਇਸਤਰੀ ਜਾਗਰਤੀ ਮੰਚ ਸਮੇਤ ਕਈ ਹੋਰ ਜੱਥੇਬੰਦੀਆਂ ਕਲਮਕਾਰਾਂ ਅਤੇ ਵਿਦਵਾਨਾਂ ਨੇ ਵੀ ਸਮੇਂ ਸਮੇਂ ਸਭਿਆਚਾਰਕ ਪ੍ਰਦੂਸ਼ਣ ਨੂੰ ਠੱਲ ਪਾਉਣ ਲਈ ਆਵਾਜ਼ ਬੁਲੰਦ ਕਰਦੇ ਰਹੇ ਹਨ।ਇਸ ਇਨਸਾਨੀਅਤ ਵਿਰੋਧੀ ਵੱਗ ਰਹੀ ਹਵਾਂ ਨੂੰ ਠੱਲ ਪਾਉਂਣਾ ਪ੍ਰਮੁੱਖਤਾ ਦੇ ਆਧਾਰ 'ਤੇ ਕਰਨ ਵਾਲਾ ਕੰਮ ਹੈ ਪਰ ਇਹ ਇਹ ਸਭ ਕੱਲੇ-ਕਾਰੇ ਵਿਆਕਤੀ ਜਾਂ ਸੰਸਥਾਂ ਦੇ ਵੱਸ ਦਾ ਰੋਗ ਨਹੀਂ ਸਗੋਂ ਇਸ ਲਈ ਰਾਜਨੀਤਿਕ ਇੱਛਾ ਸ਼ਕਤੀ ਦੀ ਵੀ ਲੋੜ ਹੈ।ਤਾਂਜੋ ਪੰਜਾਬੀ ਅਤੇ ਭਾਰਤੀ ਸਮਾਜ ਤੱਰਕੀ ਦੀਆ ਸ਼ਿਖਰਾਂ ਛੂੰਹਣ ਦੇ ਨਾਲ-ਨਾਲ ਜ਼ਿਹਨੀ ਅਤੇ ਮਾਨਿਸਕ ਪੱਧਰ 'ਤੇ ਵੀ ਤੰਦਰੂਸਤ ਹੋ ਸਕੇ।
ਇਪਟਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਇੰਦਜੀਤ ਰੂਪੋਵਾਲੀ ਅਤੇ ਜਨਰਲ ਸੱਕਤਰ ਸੰਜੀਵਨ ਸਿੰਘ ਕਿਹਾ ਕਿ ਇਪਟਾ ਹਿੰਦੀ ਫਿਲਮੀਆਂ ਦੇ ਸਿਰਮੌਰ ਹਸਤਾਖਰ ਪ੍ਰਿਥਵੀ ਰਾਜ ਕਪੂਰ, ਬਲਰਾਜ ਸਾਹਨੀ, ਨਰਗਿਸ ਦੱਤ, ਸ਼ਬਾਨਾ ਆਜ਼ਮੀ, ਏ.ਕੇ.ਹੰਗਲ,ਉਤਪਲਦੱਤ, ਦੁਰਗਾ ਖੋਟੇ, ਕੈਫ਼ੀ ਆਜ਼ਮੀ, ਸੰਜੀਵ ਕੁਮਾਰ, ਹੇਮੰਤ ਕੁਮਾਰ, ਮਨਾ ਡੇ, ਸਾਹਿਰ ਲੁਧਿਆਣਵੀ, ਮੁਲਕ ਰਾਜ ਆਨੰਦ, ਸ਼੍ਰੀਏ.ਕੇਹੰਗਲ, ਭੀਸ਼ਮ ਸਾਹਨੀ, ਪੰਜਾਬ ਤੋਂ ਸੁਰਿੰਦਰ ਕੌਰ (ਲੋਕ-ਗਾਇਕਾ), ਤੇਰਾ ਸਿੰਘ ਚੰਨ, ਜਗਦੀਸ਼ ਫਰਿਆਦੀ, ਹਰਨਾਮ ਸਿੰਘ ਨਰੂਲਾ, ਜੋਗਿੰਦਰ ਬਾਹਰਲਾ, ਅਮਰਜੀਤ ਗੁਰਦਾਸ ਪੁਰੀ ਆਦਿ ਅਣਗਿਤ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪ੍ਰਸਿੱਧੀ ਦੇ ਫਨਕਾਰ ਇਪਟਾ ਨਾਲ ਜੁੜੇ।
ਇਪਟਾ ਨੇ ਆਪਣੀ ਸਥਾਪਨਾਂ ਮੌਕੇ ਹੀ ਐਲਾਨ ਕਰ ਦਿਤਾ ਸੀ ਕਿ ਕਲਾ ਸਿਰਫ਼ ਕਲਾ ਨਹੀਂ ਬਲਕਿ ਲੋਕਾਂ ਲਈ ਹੈ। ਭਾਂਵੇ ਬੰਗਾਲ ਦਾ ਹਿਰਦਾ ਹਿਲਾਊ ਅਕਾਲ ਹੋਵੇ, ਅਜ਼ਾਦੀ ਦੀ ਲੜਾਈ ਜਾਂ ਕਿਸਾਨਾਂ-ਮਜ਼ਦੂਰਾਂ ਦਾ ਸੰਘਰਸ਼ ਹੋਵੇ ਇਪਟਾ ਨੇ ਹਮੇਸ਼ਾਂ ਹੀ ਆਪਣੀ ਜ਼ੁੰਮੇਵਾਰੀ ਇਮਾਨਦਾਰੀ ਅਤੇ ਗੰਭੀਰਤਾ ਨਾਲ ਨਿਭਾਈ।ਇਪਟਾ ਕੇਵਲ ਕਲਾਕਾਰਾਂ ਦਾ ਮੰਚ ਨਾ ਹੋ ਕੇ ਹਰ ਅਜਿਹੇ ਇਨਸਾਨ ਦਾ ਮੰਚ ਬਣਿਆਂ ਜੋ ਲੋਕ-ਹਿਤੈਸ਼ੀ ਸਭਿਆਚਾਰ ਦੇ ਹਾਮੀ ਸਨ।ਇਪਟਾ ਦੇ ਕਾਰਕੁੰਨਾਂ ਨੇ ਨਾ ਸਿਰਫ਼ ਗੋਰੇ ਹਾਕਿਮ ਦਾ ਜ਼ੁਲਮ ਝੱਲਿਆ, ਸਗੋਂ ਅਜ਼ਾਦੀ ਤੋਂ ਬਾਦ ਕਾਲੇ ਹਾਕਿਮ ਦੇ ਤਸੱਦਦ ਅਤੇ ਅਤਿਆਚਾਰ ਸਹਿਣ ਦੇ ਬਾਵਜੂਦ ਵੀ ਲੋਕ-ਹਿਤੈਸ਼ੀ ਸਭਿਆਚਾਰ ਦੀ ਧੂਣੀ ਮੱਘਾਈ ਤੇ ਭੱਖਾਈ ਰੱਖੀ।
1947 ਤੋਂ ਪਹਿਲਾਂ ਨੌਜਵਾਨਾਂ ਕੋਲ ਮਕਸਦ ਸੀ ਦੇਸ਼ ਨੂੰ ਅਜ਼ਾਦ ਕਰਵਾਉਣਾ, ਦੇਸ਼ ਦੀ ਅਜ਼ਾਦੀ ਤੋਂ ਬਾਅਦ ਉਦੇਸ਼ ਸੀ ਦੇਸ਼ ਦੀ ਤੱਰਕੀ। ਹੁਣ ਯੁਵਕ ਦਿਸ਼ਾਹੀਣ ਅਤੇ ਉਦੇਸ਼ ਰਹਿਤ ਹੈ।ਅਜਿਹੀ ਨੌਜਵਾਨੀ ਨੂੰ ਬਹੁਤ ਛੇਤੀ ਗੁੰਮਰਾਹ ਕੀਤਾ ਜਾ ਸਕਦਾ ਹੈ। ਗੁੰਮਰਾਹ ਕੀਤਾ ਜਾ ਸਕਦਾ ਨਹੀਂ ਬਲਿਕ ਕੀਤਾ ਜਾ ਰਿਹਾ ਹੈ।ਗੁੰਮਰਾਹ ਕੀਤਾ ਜਾ ਰਿਹਾ ਹੈ, ਇਨਸਾਨੀਅਤ ਸਮਾਜ ਅਤੇ ਦੇਸ਼ ਵਿਰੋਧੀ ਤਾਕਤਾਂ ਵੱਲੋਂ। ਅਮੀਰ ਭਾਰਤੀ ਸਭਿਆਚਾਰ, ਵਿਰਸੇ ਅਤੇ ਭਾਸ਼ਾ 'ਤੇ ਬੜੀ ਸੋਚੀ ਸਮਝੀ ਸਾਜ਼ਿਸ਼ ਤਹਿਤ ਹਮਲਾ ਕਰਕੇ।
ਵੈਸੇ ਤਾਂ ਟੀ.ਵੀ. ਚੈਨਲਾਂ ਅਤੇ ਫਿਲਮਾਂ ਵਿਚ ਲੱਚਰ, ਅਸ਼ਲੀਲ ਅਤੇ ਹਿੰਸਕ ਗੀਤਾਂ ਅਤੇ ਹੋਰ ਪ੍ਰਸਾਰਣਾਂ 'ਤੇ ਪਾਬੰਧੀ ਲਈ ਸੈਂਸਰ ਬੋਰਡ ਅਤੇ ਭਾਰਤੀ ਸੰਵਿਧਾਨ ਵਿਚ ਪਹਿਲੋਂ ਹੀ ਵਿਵਸਥਾ ਹੈ ਪਰ ਸਹੀ ਅਰਥਾਂ ਵਿਚ ਲਾਗੂ ਨਹੀਂ ਹੋ ਰਹੇ।ਪਹਿਲਾਂ ਹੀ ਸਰਕਾਰ ਨੇ ਚੈਨਲਾਂ ਦੇ ਪ੍ਰੋਗਰਾਮਾਂ ਦੀ ਅਪ-ਲਿੰਕਗ ਵਿਦੇਸ਼ੀ ਧਰਤੀ ਤੋਂ ਕਰਨ ਦੀ ਇਜ਼ਾਜਤ ਦੇ ਕੇ ਪ੍ਰਈਵੇਟ ਚੈਨਲਾਂ ਨੂੰ ਮਨ-ਆਈਆਂ ਕਰਨ ਦੀ ਖੁੱਲ ਦੇ ਦਿੱਤੀ ਹੈ।ਜਿਸ ਮੁਲਕ ਤੋਂ ਅਪ-ਲਿਕੰਗ ਹੁੰਦੀ ਹੈ ਉਥੇ ਦੇ ਪ੍ਰਸਾਰਣ ਨਿਯਮ ਲਾਗੂ ਹੁੰਦੇ ਹਨ। ਜਿਹੜੀ ਪ੍ਰਸਾਰਣ ਸੱਮਗਰੀ ਸਾਡੀ ਪੀੜੀ ਦਾ ਜ਼ਿਹਨੀ ਤਵਾਜ਼ਨ ਵਿਗਾੜ ਰਹੀ ਹੈ ਉਸ ਨੂੰ ਸਿੰਗਾਪੁਰ ਵਰਗਾ ਖੁੱਲੇ ਸਭਿਆਚਾਰ ਵਰਗਾ ਮੁਲਕ ਸਧਾਰਣ ਵਰਤਾਰੇ ਦੇ ਤੌਰ 'ਤੇ ਲੈਂਦਾ ਹੋਵੇ। ਰਹਿੰਦੀ-ਖਹੁੰਦੀ ਕਸਰ ਐਫ.ਡੀ.ਆਈ ਨੇ ਟੀ.ਵੀ. ਚੈਨਲਾਂ ਦੀ ਨਿੱਜੀ ਹਿੱਸੇਦਾਰੀ ਵਧਾ ਕੇ ਪੂਰੀ ਕਰ ਦਿੱਤੀ ਹੈ। ਜਦ ਤੱਕ ਚੈਨਲਾਂ ਦੇ ਪ੍ਰਸਾਰਣ ਲਈ ਅਪ-ਲਿਕੰਗ ਅਤੇ ਡਾਊਨ-ਲਿਕੰਗ ਸਾਡੇ ਮੁਲਕ ਤੋਂ ਨਹੀ ਹੁੰਦੀ ਜਦ ਤੱਕ ਟੀ.ਵੀ. ਚੈਨਲਾਂ ਦੀ ਨਿੱਜੀ ਹਿੱਸੇਦਾਰੀ 'ਤੇ ਲਗਾਮ ਨਹੀਂ ਕਸੀ ਜਾਂਦੀ, ਉਦੋਂ ਤੱਕ ਪੰਜਾਬ ਅਤੇ ਸਾਰੇ ਭਾਰਤ ਵਿਚਸਭਿਆਚਾਰਕ , ਸਮਾਜਿਕ, ਆਰਿਥਕ ਜਾਂ ਸਿਆਸੀ ਪ੍ਰਦੂਸ਼ਣ ਰੂਪੀ ਦੈਂਤ ਨੂੰ ਨੱਥ ਪਾਉਣੀ ਨਾ-ਮੁਮਕਿਨ ਹੈ।
ਪੁਰਾਣੇਂ ਸਮਿਆਂ ਵਾਂਗ ਅੱਜ ਕਿਸੇ ਵੀ ਮੁਲਕ ਨੂੰ ਗੁਲਾਮ ਕਰਨ ਲਈ ਬੰਬਾਂ, ਬੰਦੂਕਾਂ, ਤੋਪਾਂ ਮਜ਼ਾਇਲਾਂ ਦੀ ਲੋੜ ਨਹੀਂ। ਉਸਦੇ ਸਭਿਆਚਾਰ, ਭਾਸ਼ਾ ਅਤੇ ਵਿਰਸੇ ਨੂੰ ਤਬਾਹ ਕਰ ਦੇਵੋ।ਮੁਲਕ ਖੁਦ ਬ ਖੁਦ ਗੁਲਾਮ ਬਣ ਜਾਵੇਗਾ।ਸਮਰਾਜੀ ਤਾਕਤਾਂ ਵੱਲੋਂ ਸਾਡੇ ਮੁਲਕ 'ਤੇ ਬੜੀ ਸੋਚੀ ਸਮਝੀ ਸਾਜਿਸ਼ ਤਾਹਿਤ ਆਰਿਥਕ ਅਤੇ ਸਭਿਆਚਾਰਕ ਤੌਰ 'ਤੇ ਹਮਲਾ ਕੀਤਾ ਜਾ ਰਿਹਾ ਹੈ।