ਚੰਡੀਗੜ੍ਹ, 28 ਜਨਵਰੀ, 2017 : ਜੇਕਰ ਆਮ ਆਦਮੀ ਪਾਰਟੀ ਸੱਤਾ ਵਿਚ ਆ ਗਈ ਤਾਂ ਅਰਵਿੰਦ ਕੇਜਰੀਵਾਲ ਪੰਜਾਬ ਦੇ ਪੈਸੇ ਨੂੰ ਦੂਜੇ ਸੂਬਿਆਂ ਵਿਚ ਪਾਰਟੀ ਦੇ ਪ੍ਰਚਾਰ ਲਈ ਇਸਤੇਮਾਲ ਕਰੇਗਾ। ਉਹ ਦਿੱਲੀ ਵਾਸੀਆਂ ਨਾਲ ਵੀ ਅਜਿਹਾ ਹੀ ਕਰ ਰਿਹਾ ਹੈ। ਇੰਨਾ ਹੀ ਨਹੀਂ ਪੰਜਾਬ ਵਿਚ ਈਮਾਨਦਾਰੀ ਦੀ ਰਾਜਨੀਤੀ ਦਾ ਢੋਲ ਪਿੱਟਣ ਵਾਲੀ ਆਮ ਆਦਮੀ ਪਾਰਟੀ ਦੀ ਦਿੱਲੀ ਵਾਲੀ ਸਰਕਾਰ ਨੇ ਸਿੰਚਾਈ ਅਤੇ ਹੜ੍ਹ ਰੋਕੂ ਵਿਭਾਗ ਵਿਚ ਕਰੋੜਾਂ ਰੁਪਏ ਦੇ ਘੁਟਾਲੇ ਕੀਤੇ ਹਨ।
ਇਹ ਸ਼ਬਦ ਰਾਜ ਸਭਾ ਮੰਤਰੀ ਅਤੇ ਸ੍ਰæੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸ਼ ਸੁਖਦੇਵ ਸਿੰਘ ਢੀਂਡਸਾ ਨੇ ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ। ਉਹਨਾ ਕਿਹਾ ਕਿ ਕੇਜਰੀਵਾਲ ਸਰਕਾਰ ਵੱਲੋਂ ਕੀਤੇ ਘੁਟਾਲਿਆਂ ਦਾ ਖੁਲਾਸਾ ਦਿੱਲੀ ਆਡਿਟ ਵਿਭਾਗ ਵੱਲੋਂ ਕੀਤਾ ਗਿਆ ਹੈ, ਜਿਸ ਨੇ ਹਾਲ ਹੀ ਵਿਚ ਦਿੱਲੀ ਸਰਕਾਰ ਦੇ ਸਿੰਚਾਈ ਅਤੇ ਹੜ੍ਹ ਰੋਕੂ ਵਿਭਾਗ ਦੀ ਆਡਿਟ ਰਿਪੋਰਟ ਦਾ ਆਡਿਟ ਕੀਤਾ ਹੈ।
ਸ਼ ਢੀਂਡਸਾ ਨੇ ਦੱਸਿਆ ਕਿ ਇਸ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਕੇਜਰੀਵਾਲ ਸਰਕਾਰ ਨੇ ਬਿਨਾਂ ਕੋਈ ਈ-ਟੈਂਡਰਿੰਗ ਕੀਤੇ ਜਾਂ ਅਖਬਾਰ ਵਿਚ ਇਸ਼ਤਿਹਾਰ ਦਿੱਤੇ ਇਕ ਬੋਟ ਕੰਪਨੀ ਨੂੰ ਇੱਕ ਕਰੋੜ 16 ਲੱਖ ਦਾ ਠੇਕਾ ਦਿੱਤਾ। ਇਸ ਤੋਂ ਇਲਾਵਾ 15 ਲੱਖ ਦੀ ਖਰੀਦੀ ਸਟੇਸ਼ਨਰੀ ਦਾ ਕੋਈ ਬਿਲ ਨਹੀਂ ਦਿੱਤਾ। ਯਮੁਨਾ ਨਦੀ ਦਾ ਸਰਵੇ ਕਰਵਾਉਣ ਲਈ ਇੱਕ ਏਜੰਸੀ ਨੂੰ 40 ਲੱਖ ਦਾ ਠੇਕਾ ਦਿੱਤਾ, ਪਰ ਉਸ ਵਿਚੋਂ ਨਾ ਇਨਕਮ ਟੈਕਸ ਕੱਟਿਆ ਅਤੇ ਨਾ ਹੀ ਲੇਬਰ ਸੈਸ। ਉਹਨਾਂ ਕਿਹਾ ਕਿ ਪਾਰਦਰਸ਼ੀ ਪ੍ਰਸਾਸ਼ਨ ਦਾ ਰੌਲਾ ਪਾਉਣ ਵਾਲੀ ਆਪ ਦਿੱਲੀ ਵਿਚ ਵੱਡੇ ਘੁਟਾਲੇ ਕਰਨ ਵਿਚ ਰੁੱਝੀ ਹੈ।
ਅਕਾਲੀ ਆਗੂ ਨੇ ਅੱਗੇ ਦੱਿਸਆ ਕਿ ਇੰਨਾ ਹੀ ਨਹੀਂ, ਆਪ ਵੱਲੋਂ ਦਿੱਲੀ ਵਾਸੀਆਂ ਤੋਂ ਇਕੱਠੇ ਕੀਤੇ ਟੈਕਸ ਦੇ ਪੈਸੇ ਨੂੰ ਦੂਜੇ ਰਾਜਾਂ ਵਿਚ ਪਾਰਟੀ ਦੇ ਪ੍ਰਚਾਰ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਪਿਛਲੇ ਇੱਕ ਹਫਤੇ ਵਿਚ ਦਿੱਲੀ, ਗੁਜਰਾਤ, ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਗੋਆ ਵਿਚ ਪਾਰਟੀ ਪ੍ਰਚਾਰ ਉੱਤੇ ਡੇਢ ਕਰੋੜ ਰੁਪਏ ਫੂਕੇ ਜਾ ਚੁੱਕੇ ਹਨ। ਇਸ ਸੰਬੰਧੀ ਦਿੱਲੀ ਸਰਕਾਰ ਨੇ ਫੇਸਬੁੱਕ, ਟਵਿੱਟਰ ਅਤੇ ਯੂਟਿਊਬ ਉੱਤੇ ਪ੍ਰਚਾਰ ਕਰਨ ਦੇ ਨਾਂ 'ਤੇ ਇੱਕ ਪੀਆਰ ਏਜੰਸੀ ਨੂੰ ਡੇਢ ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ।
ਸ਼ ਢੀਂਡਸਾ ਨੇ ਦੱਸਿਆ ਕਿ ਆਪ ਮੁਖੀ ਅਰਵਿੰਦ ਕੇਜਰੀਵਾਲ ਦਾ ਏਜੰਡਾ ਪੰਜਾਬ ਵਿਚ ਸਰਕਾਰ ਬਣਾ ਕੇ ਇੱਥੋਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਦੂਰ ਕਰਨਾ ਜਾਂ ਉਹਨਾਂ ਨੂੰ ਸਹੂਲਤਾਂ ਦੇਣਾ ਨਹੀਂ ਹੈ, ਸਗੋਂ ਉਹ ਪੰਜਾਬੀਆਂ ਦੇ ਪੈਸੇ ਨੂੰ ਆਪਣੀ ਪਾਰਟੀ ਦਾ ਦੂਜੇ ਸੂਬਿਆਂ ਵਿਚ ਵਿਸਥਾਰ ਕਰਨ ਲਈ ਇਸਤੇਮਾਲ ਕਰੇਗਾ। ਉਹਨਾਂ ਕਿਹਾ ਕਿ ਦਿੱਲੀ ਵਾਸੀਆਂ ਨਾਲ ਵੀ ਕੇਜਰੀਵਾਲ ਨੇ ਇਹੀ ਠੱਗੀ ਕੀਤੀ ਹੈ। ਸਰਕਾਰ ਬਣਾਉਣ ਤੋਂ ਬਾਅਦ ਉਹ ਦਿੱਲੀ ਵਾਸੀਆਂ ਦੀ ਮਿਹਨਤ ਦੀ ਕਮਾਈ ਨੂੰ ਦਿੱਲੀ ਦੇ ਵਿਕਾਸ ਲਈ ਇਸਤੇਮਾਲ ਕਰਨ ਦੀ ਥਾਂ, ਦੂਜੇ ਸੂਬਿਆਂ ਵਿਚ ਪਾਰਟੀ ਦੇ ਪ੍ਰਚਾਰ ਲਈ ਵਰਤ ਰਿਹਾ ਹੈ। ਦਿੱਲੀ ਵਾਸੀ ਸਹੂਲਤਾਂ ਲਈ ਰੋ ਰਹੇ ਹਨ ਅਤੇ ਕੇਜਰੀਵਾਲ ਉਹਨਾਂ ਦੇ ਪੈਸੇ ਨੂੰ ਸੋਸ਼ਲ ਮੀਡੀਆ ਉੱੱਤੇ ਪਾਣੀ ਵਾਂਗ ਵਹਾ ਰਿਹਾ ਹੈ।