ਬੀਬੀ ਕੁਲਦੀਪ ਕੌਰ ਟੌਹੜਾ ਇਕ ਮੀਟਿੰਗ ਦੌਰਾਨ ਖੇਤਰ ਦੇ ਵਸਨੀਕਾਂ ਨਾਲ।
ਪਟਿਆਲਾ, 28 ਜਨਵਰੀ, 2017 : ਆਮ ਆਦਮੀ ਪਾਰਟੀ ਦੀ ਵਿਧਾਨ ਸਭਾ ਹਲਕਾ ਸਨੌਰ ਤੋਂ ਸਰਗਰਮ ਉਮੀਦਵਾਰ ਬੀਬੀ ਕੁਲਦੀਪ ਕੌਰ ਟੌਹੜਾ ਨੇ ਪਟਿਆਲਾ ਖੇਤਰ ਅਧੀਨ ਪੈਂਦੇ ਹਲਕਾ ਸਨੌਰ ਦੇ ਵੱਖ-ਵੱਖ ਏਰਿਆਂ ਵਿੱਚ ਭਰਵੀਆਂ ਚੋਣ ਮੀਟਿੰਗ ਦੌਰਾਨ ਲੋਕਾਂ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁੱਤਰ ਮੋਹ ਵਿਚ ਫਸੇ ਬਾਦਲ ਨੇ ਜੋ ਹਾਲ ਅਕਾਲੀ ਦਲ ਦਾ ਕੀਤਾ ਹੋਇਆ ਹੈ ਦੇ ਕਾਰਨ ਹੀ ਅੱਜ ਵੱਡੀ ਗਿਣਤੀ ਵਿਚ ਟਕਸਾਲੀ ਅਕਾਲੀ ਪਰਿਵਾਰਾਂ ਸਮੇਤ ਆਪ' ਪਾਰਟੀ ਵਿਚ ਸ਼ਾਮਲ ਹੋ ਰਹੇ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੋਵੇਂ ਅਜਿਹੀਆਂ ਪਾਰਟੀਆਂ ਹਨ ਜਿਨ੍ਹਾ ਵਿਚ ਵਰਕਰਾਂ ਦੀ ਪੁੱਛ ਪ੍ਰਤੀਤ ਸਿਰਫ਼ ਮੌਕੇ 'ਤੇ ਕੀਤੀ ਜਾਂਦੀ ਹੈ ਤੇ ਜਦੋਂ ਵੀ ਮਿਹਨਤ ਦਾ ਮੁੱਲ ਮੋੜਨ ਦਾ ਸਮਾਂ ਆਉਂਦਾ ਹੈ ਤਾਂ ਜ਼ਿਆਦਾਤਰ ਉਹਨਾਂ ਅਹੁਦਿਆਂ 'ਤੇ ਆਪਣੇ ਹੀ ਰਿਸ਼ਤੇਦਾਰਾਂ ਨੂੰ ਬੈਠਾ ਦਿੱਤਾ ਜਾਂਦਾ ਹੈ, ਜਿਸਦਾ ਸਬੂਤ ਅਕਾਲੀ ਦਲ ਤੇ ਕਾਂਗਰਸ ਵਲੋਂ ਆਪਣੇ-ਆਪਣੇ ਰਾਜ ਵੇਲੇ ਰਿਸ਼ਤੇਦਾਰਾਂ ਨੂੰ ਦਿੱਤੀਆਂ ਗਈਆਂ ਅਹੁਦੇਦਾਰੀਆਂ ਤੋਂ ਮਿਲਦੀ ਹੈ।
ਬੀਬੀ ਕੁਲਦੀਪ ਕੌਰ ਟੌਹੜਾ ਨੇ ਸਪੱਸ਼ਟ ਆਖਿਆ ਕਿ ਅਕਾਲੀ ਦਲ ਦੀ ਆਪਣੀ ਹੀ ਭਾਈਵਾਲ ਪਾਰਟੀ ਨਾਲ ਅੰਦਰੂਨੀ ਤੌਰ 'ਤੇ ਬਣਦੀ ਨਹੀਂ ਤੇ ਜਿਸ ਸਦਕਾ ਹੀ ਅਕਾਲੀ ਦਲ ਵਲੋਂ ਹਾਲ ਹੀ ਲੰਘਾਏ ਪੰਜ ਸਾਲਾਂ ਦੇ ਰਾਜ ਦੌਰਾਨ ਅਖੀਰ ਤੱਕ ਵੀ ਵੱਡੀ ਗਿਣਤੀ ਵਿਚ ਸੀਟਾਂ ਨਗਰ ਸੁਧਾਰ ਟਰੱਸਟ ਦੀ ਚੇਅਰਮੈਨੀ ਦੇ ਨਾਲ-ਨਾਲ ਕੈਬਨਿਟ ਮੰਤਰੀਆਂ ਦੇ ਅਹੁਦੇ ਤੱਕ ਸਹਿਮਤੀ ਨਾ ਹੋਣ ਦੇ ਚਲਦਿਆਂ ਭਰੇ ਹੀ ਨਾ ਜਾ ਸਕੇ ਤੇ ਹੁਣ ਓਹੀ ਸ਼੍ਰੋਮਣੀ ਅਕਾਲੀ ਦਲ ਕੇਂਦਰ ਵਿਚ ਬੀ. ਜੇ. ਪੀ. ਦੀ ਹਾਲ ਦੁਹਾਈ ਪਾ ਰਿਹਾ ਹੈ ਜਦੋਂ ਕਿ ਬੀ. ਜੇ. ਪੀ. ਦਾ ਪੰਜਾਬ ਵਿਚ ਵਿਚਰ ਰਿਹਾ ਵਰਕਰ ਚੀਕਾਂ ਮਾਰ-ਮਾਰ ਕੇ ਆਖ ਰਿਹਾ ਹੈ ਕਿ ਪੰਜਾਬ ਵਿਚ ਅਕਾਲੀ ਦਲ ਭਾਈਵਾਲ ਪਾਰਟੀ ਹੋਣ ਦੇ ਬਾਵਜੂਦ ਵੀ ਕੋਈ ਪੁੱਛ ਪ੍ਰਤੀਤ ਨਹੀਂ ਹੁੰਦੀ ਬਲਕਿ ਉਲਟਾ ਵਿਰੋਧੀਆਂ ਵਾਲਾ ਵਤੀਰਾ ਅਪਣਾਇਆ ਜਾਂਦਾ ਹੈ ਤੇ ਅਜਿਹਾ ਹੀ ਕੁੱਝ ਕਾਂਗਰਸ ਦੇ ਰਾਜ ਵਿਚ ਵੀ ਹੋਇਆ ਹੈ, ਜਿਸ ਕਾਰਨ ਹੀ ਲੋਕ ਅਕਾਲੀ ਦਲ ਤੇ ਕਾਂਗਰਸ ਦੇ ਇਸ ਘਟੀਆ ਕਲਚਰ ਤੋਂ ਦੁਖੀ ਹੋ ਚੁੱਕੇ ਹਨ ਤੇ ਜਿਹੜੇ ਵੀ ਲੋਕ ਕਾਂਗਰਸ ਤੇ ਅਕਾਲੀ ਦਲ ਵਿਚ ਰਲੇ ਹੋਏ ਹਨ ਉਹ ਸਿਰਫ਼ ਤੇ ਸਿਰਫ਼ ਕੁੱਝ ਨਾ ਕੁੱਝ ਪਾਰਟੀ ਦੇਵੇ ਮਿਲਣ ਦੀ ਆਸ 'ਤੇ ਅਟਕੇ ਹੋਏ ਹਨ ਜਿਸ ਦਿਨ ਉਹਨਾਂ ਨੂੰ ਅਹਿਸਾਸ ਹੋ ਜਾਵੇਗਾ ਕਿ ਹੁਣ ਪਾਰਟੀ ਤੋਂ ਕੁੱਝ ਨਹੀਂ ਮਿਲਣਾ ਉਸੇ ਪਲ ਹੀ ਉਹ ਪਾਰਟੀ ਛੱਡ ਦੇਣਗੇ, ਇਸ ਲਈ ਹੁਣ ਪੰਜਾਬ ਵਿਚ ਨਵੇਂ ਆਏ ਤੀਸਰੇ ਫਰੰਟ ਨੂੰ ਹੀ ਕਮਾਨ ਦੇਣਾ ਸਮੇਂ ਦੀ ਮੰਗ ਹੈ।