ਜਲਾਲਾਬਾਦ, 28 ਜਨਵਰੀ,2017 : ਏ.ਆਈ.ਸੀ.ਸੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਸੁਖਬੀਰ ਸਿੰਘ ਬਾਦਲ ਦੇ ਮਜ਼ਬੂਤ ਅਧਾਰ ਵਾਲੇ ਜਲਾਲਾਬਾਦ 'ਚ ਹਮਲਾ ਬੋਲਦਿਆਂ, ਉਨ੍ਹਾਂ ਨੂੰ ਭਾਰਤ 'ਚ ਭ੍ਰਿਸ਼ਟਾਚਾਰ ਦਾ ਰਾਜਾ ਦੱਸਿਆ ਤੇ ਇਸਦੇ ਨਾਲ ਹੀ ਪੰਜਾਬ ਦੇ ਲੋਕਾਂ ਨੂੰ ਤਾਨਾਸ਼ਾਹ ਅਰਵਿੰਦ ਕੇਜਰੀਵਾਲ ਦੇ ਝੂਠੇ ਵਾਅਦਿਆਂ ਖਿਲਾਫ ਵੀ ਚੇਤਾਵਨੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਿਰਫ ਕੈਪਟਨ ਅਮਰਿੰਦਰ ਹੀ ਸੂਬੇ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਹੱਲ ਕੱਢ ਸਕਦੇ ਹਨ ਅਤੇ ਇਸਨੂੰ ਵਿਕਾਸ ਦੀ ਪੱਟੜੀ 'ਤੇ ਵਾਪਿਸ ਲਿਆ ਸਕਦੇ ਹਨ।
ਰਾਹੁਲ ਨੇ ਲੋਕਾਂ ਨਾਲ ਵਾਅਦਾ ਕੀਤਾ ਕਿ ਬਤੌਰ ਮੁੱਖ ਮੰਤਰੀ ਅਹੁਦਾ ਸੰਭਾਲਣ ਤੋਂ ਬਾਅਦ ਦੋ ਸਾਲਾਂ ਅੰਦਰ ਕੈਪਟਨ ਅਮਰਿੰਦਰ ਭ੍ਰਿਸ਼ਟ ਤੇ ਅੱਤਿਆਚਾਰੀ ਬਾਦਲਾਂ ਵੱਲੋਂ ਬਰਬਾਦ ਕੀਤੇ ਗਏ ਪੰਜਾਬ ਦਾ ਚੇਹਰਾ ਬਦਲ ਦੇਣਗੇ। ਉਨ੍ਹਾਂ ਨੇ ਕਿਹਾ ਕਿ ਸਮਾਜ ਦਾ ਹਰੇਕ ਵਰਗ ਕਾਂਗਰਸ ਦੀ ਸਰਕਾਰ 'ਚ ਤਰੱਕੀ ਕਰੇਗਾ ਅਤੇ ਇਹੋ ਇਕੋ ਇਕ ਪਾਰਟੀ ਹੈ, ਜਿਹੜੀ ਗਰੀਬਾਂ ਦੀ ਚਿੰਤਾ ਕਰਦੀ ਹੈ।
ਰਾਹੁਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਪ ਆਗੂ ਅਰਵਿੰਦ ਕੇਜਰੀਵਾਲ ਉਪਰ ਦੇਸ਼ ਤੇ ਦਿੱਲੀ ਦੇ ਲੋਕਾਂ ਨਾਲ ਹਰ ਤਰ੍ਹਾਂ ਦੇ ਝੂਠੇ ਵਾਅਦੇ ਕਰਨ ਨੂੰ ਲੈ ਕੇ ਚੁਟਕੀ ਲਈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਅਜਿਹੇ ਝੂਠੇ ਵਾਅਦੇ ਕਰਨ 'ਚ ਭਰੋਸਾ ਨਹੀਂ ਰੱਖਦੀ, ਸਗੋਂ ਆਪਣੇ ਸਾਰੇ ਵਾਅਦਿਆਂ 'ਤੇ ਖਰੀ ਉਤਰਨ ਪ੍ਰਤੀ ਵਚਨਬੱਧ ਹੈ।
ਇਸ ਦੌਰਾਨ ਮੋਦੀ ਦੇ ਹਰੇਕ ਗਰੀਬ ਵਿਅਕਤੀ ਦੇ ਖਾਤੇ 'ਚ 15 ਲੱਖ ਰੁਪਏ ਪਾਉਣ ਤੇ ਨੋਟਬੰਦੀ ਰਾਹੀਂ ਭ੍ਰਿਸ਼ਟਾਚਾਰ ਖਿਲਾਫ ਲੜਨ ਸਬੰਧੀ ਵਾਅਦੇ ਦਾ ਜ਼ਿਕਰ ਕਰਦਿਆਂ, ਰਾਹੁਲ ਨੇ ਕਿਹਾ ਕਿ ਹਰ ਕੋਈ ਅਜਿਹੇ ਝੂਠੇ ਵਾਅਦੇ ਕਰ ਸਕਦਾ ਹੈ, ਲੇਕਿਨ ਪੰਜਾਬ ਨੂੰ ਦਾਅਵਿਆਂ ਦੀ ਨਹੀਂ, ਵਿਕਾਸ ਦੀ ਲੋੜ ਹੈ। ਉਨ੍ਹਾਂ ਨੇ ਕੇਜਰੀਵਾਲ ਉਪਰ ਵੀ ਦਿੱਲੀ ਦੇ ਲੋਕਾਂ ਨਾਲ ਉਨ੍ਹਾਂ ਵੱਲੋਂ ਕੀਤਾ ਗਿਆ ਕੋਈ ਵੀ ਵਾਅਦਾ ਪੂਰਾ ਨਾ ਕਰਨ 'ਤੇ ਵਰ੍ਹਦਿਆਂ ਕਿਹਾ ਕਿ ਕੌਮੀ ਰਾਜਧਾਨੀ ਦੇ ਲੋਕਾਂ ਉਥੋਂ ਦੀ ਆਪ ਸਰਕਾਰ ਦੇ ਬੁਰੇ ਪ੍ਰਦਰਸ਼ਨ ਦੀ ਪੁਸ਼ਟੀ ਕਰ ਸਕਦੇ ਹਨ।
ਰਾਹੁਲ ਭ੍ਰਿਸ਼ਟਾਚਾਰ ਖਿਲਾਫ ਲੜਨ ਦੇ ਵੱਡੇ ਵੱਡੇ ਦਾਅਵੇ ਕਰਨ ਤੋਂ ਬਾਅਦ ਦੇਸ਼ ਦੇ ਸੱਭ ਤੋਂ ਭ੍ਰਿਸ਼ਟ ਵਿਅਕਤੀ (ਸੁਖਬੀਰ ਬਾਦਲ) ਨਾਲ ਸਟੇਜ ਸਾਂਝਾ ਕਰਨ ਵਾਲੇ ਮੋਦੀ 'ਤੇ ਵਰ੍ਹੇ, ਅਤੇ ਕਿਹਾ ਕਿ ਨਾ ਪ੍ਰਧਾਨ ਮੰਤਰੀ ਤੇ ਨਾ ਹੀ ਦਿੱਲੀ ਦੇ ਮੁੱਖ ਮੰਤਰੀ ਉਪਰ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਕਰਨ ਨੂੰ ਲੈ ਕੇ ਭਰੋਸਾ ਕੀਤਾ ਜਾ ਸਕਦਾ ਹੈ।
ਉਨ੍ਹਾਂ ਨੇ ਕੇਜਰੀਵਾਲ ਉਪਰ ਵਰ੍ਹਦਿਆਂ ਕਿਹਾ ਕਿ ਉਹ ਦਿੱਲੀ ਤੋਂ ਭੱਜਣਾ ਚਾਹੁੰਦੇ ਹਨ ਅਤੇ ਇਸ ਲਈ ਉਹ ਪੰਜਾਬ ਦੇ ਮੁੱਖ ਮੰਤਰੀ ਅਹੁਦੇ 'ਤੇ ਅੱਖਾਂ ਰੱਖੀ ਬੈਠੇ ਹਨ। ਉਨ੍ਹਾਂ ਨੇ ਕਿਹਾ ਕਿ ਦਿੱਲੀ 'ਚ ਕੇਜਰੀਵਾਲ ਦਾ ਪੂਰੀ ਤਰ੍ਹਾਂ ਭਾਂਡਾਫੋੜ ਹੋ ਚੁੱਕਾ ਹੈ। ਉਨ੍ਹਾਂ ਨੇ ਮੋਦੀ ਵੱਲੋਂ ਦੇਸ਼ ਨੂੰ ਚਲਾਉਣ ਤੇ ਕੇਜਰੀਵਾਲ ਦੇ ਦਿੱਲੀ 'ਚ ਪ੍ਰਦਰਸ਼ਨ ਦੇ ਤਾਨਾਸ਼ਾਹੀ ਤਰੀਕੇ ਦੀਆਂ ਸਮਾਨਤਾਵਾਂ ਦਾ ਜ਼ਿਕਰ ਕਰਦਿਆਂ, ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਦੇ ਵਾਅਦਿਆਂ ਨੂੰ ਗੰਭੀਰਤਾ ਨਾਲ ਨਾ ਲੈਣ ਦੀ ਅਪੀਲ ਕੀਤੀ।
ਰਾਹੁਲ ਨੇ ਕਿਹਾ ਕਿ ਪੰਜਾਬ ਭਾਰਤ ਨੂੰ ਮਜ਼ਬੂਤੀ ਦਿੰਦਾ ਹੈ ਤੇ ਪੰਜਾਬੀਅਤ ਦੇ ਵਿਚਾਰਾਂ ਨੂੰ ਵਿਸ਼ਵ ਭਰ 'ਚ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਬਾਦਲਾਂ ਨੇ ਇਨ੍ਹਾਂ ਵਿਚਾਰਾਂ ਨੂੰ ਤਬਾਹ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਉਨ੍ਹਾਂ ਨੇ ਉਤਸਾਹਿਤ ਭੀੜ ਵਿੱਚ ਕਿਹਾ ਕਿ ਕਾਂਗਰਸ ਦੇ ਵਰਕਰ ਬੀਤੇ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਬਾਦਲਾਂ ਦੇ ਅੱਤਿਆਚਾਰਾਂ ਖਿਲਾਫ ਲੜ ਰਹੇ ਹਨ, ਜਿਨ੍ਹਾਂ ਨੇ ਸੂਬੇ ਦੇ ਸਾਰੇ ਬਿਜਨੇਸਾਂ ਤੇ ਜਾਇਦਾਦਾਂ ਨੂੰ ਕੰਟਰੋਲ ਕਰ ਰੱਖਿਆ ਹੈ ਅਤੇ ਪੰਜਾਬ ਦੀ ਤੇਰਾ ਹੈ, ਦੇ ਸੱਭਿਆਚਾਰ ਨੂੰ ਮੇਰਾ ਹੈ, 'ਚ ਬਦਲ ਦਿੱਤਾ ਹੈ।
ਇਸ ਲੜੀ ਹੇਠ, ਰਾਹੁਲ ਨੇ ਕਿਹਾ ਕਿ ਬਾਦਲਾਂ ਨੇ ਆਪਣੀ ਭ੍ਰਿਸ਼ਟ ਨੀਤੀਆਂ ਰਾਹੀਂ ਉਦਯੋਗਾਂ ਨੂੰ ਸੂਬੇ ਤੋਂ ਬਾਹਰ ਜਾਣ ਲਈ ਮਜ਼ਬੂਰ ਕਰ ਦਿੱਤਾ ਹੈ, ਜਦਕਿ ਬੇਰੁਜ਼ਗਾਰ ਨੌਜ਼ਵਾਨਾਂ ਨੂੰ ਨਸ਼ਿਆਂ 'ਚ ਧਕੇਲ ਦਿੱਤਾ ਗਿਆ ਹੈ ਅਤੇ ਅਕਾਲੀਆਂ ਨੂੰ ਰਿਸ਼ਵਤ ਦਿੱਤੇ ਬਗੈਰ ਉਨ੍ਹਾਂ ਲਈ ਕੋਈ ਨੌਕਰੀ ਉਪਲਬਧ ਨਹੀਂ ਹੈ। ਉਨ੍ਹਾਂ ਨੇ ਦੁਹਰਾਇਆ ਕਿ ਕੈਪਟਨ ਅਮਰਿੰਦਰ ਦੀ ਅਗਵਾਈ ਹੇਠ ਪੰਜਾਬ ਦੀ ਕਾਂਗਰਸ ਸਰਕਾਰ ਪੰਜਾਬ ਤੇ ਇਸਦੇ ਨੌਜ਼ਵਾਨਾਂ ਨੂੰ ਬਰਬਾਦ ਕਰਨ ਵਾਲੇ ਬਾਦਲਾਂ ਸਮੇਤ ਸਾਰੇ ਨਸ਼ੇ ਦੇ ਵਪਾਰੀਆਂ ਤੇ ਤਸਕਰਾਂ ਨੂੰ ਜੇਲ੍ਹ ਭੇਜ ਦੇਵੇਗੀ ਤੇ ਇਨ੍ਹਾਂ ਸਾਰਿਆਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਜਾਵੇਗਾ।
ਰਾਹੁਲ ਨੇ ਵਰਕਰਾਂ ਤੋਂ ਦਲਿਤਾਂ ਤੇ ਛੋਟੇ ਕਿਸਾਨਾਂ ਤੱਕ, ਪੰਜਾਬ ਦੇ ਸਾਰੇ ਵਰਗਾਂ ਨੂੰ ਸੂਬੇ ਨੂੰ ਬਚਾਉਣ ਲਈ ਕਾਂਗਰਸ ਦਾ ਸਾਥ ਦੇਣ ਦੀ ਅਪੀਲ ਕੀਤੀ।
ਉਥੇ ਹੀ, ਕੈਪਟਨ ਅਮਰਿੰਦਰ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਰੈਲੀ ਸਥਾਨ 'ਤੇ ਭੀੜ ਦਾ ਉਤਸਾਹ ਦਰਸਾਉਂਦਾ ਹੈ ਕਿ ਇਨ੍ਹਾਂ ਚੋਣਾਂ 'ਚ ਕਾਂਗਰਸ ਵਿਰੋਧੀਆਂ ਨੂੰ ਬਾਹਰ ਦਾ ਰਸਤਾ ਦਿਖਾ ਦੇਵੇਗੀ। ਉਨ੍ਹਾਂ ਨੇ ਕਿਹਾ, ਵੱਡੇ ਨੂੰ ਤਾਂ ਮੈਂ ਲੰਬੀ ਵਿੱਚ ਸੁੱਟ ਦਿਆਂਗਾ, ਜਦਕਿ ਸੁਖਬੀਰ ਦਾ ਲੋਕਾਂ ਵੱਲੋਂ ਜਲਾਲਾਬਾਦ 'ਚ ਸਫਾਇਆ ਕਰ ਦਿੱਤਾ ਜਾਵੇਗਾ। ਕੈਪਟਨ ਅਮਰਿੰਦਰ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਪਟਿਆਲਾ ਤੋਂ ਆਪਣੀ ਆਖਿਰੀ ਚੋਣ ਲੜਨ ਦਾ ਫੈਸਲਾ ਕੀਤਾ ਸੀ, ਜਿਥੋਂ ਉਨ੍ਹਾਂ ਨੇ ਆਪਣੇ ਸਿਆਸੀ ਕਰਿਅਰ ਦੀ ਸ਼ੁਰੂਆਤ ਕੀਤੀ ਸੀ, ਲੇਕਿਲ ਬਾਦਲ ਨੂੰ ਸਬਕ ਸਿਖਾਉਣ ਵਾਸਤੇ ਉਨ੍ਹਾਂ ਨੇ ਲੰਬੀ ਤੋਂ ਵੀ ਚੋਣ ਲੜਨ ਦਾ ਫੈਸਲਾ ਕੀਤਾ ਹੈ।
ਸੂਬੇ ਨੂੰ ਲੁੱਟਣ ਵਾਲੇ ਤੇ ਜਬਰਨ ਸਾਰਿਆਂ ਬਿਜਨੇਸਾਂ ਉਪਰ ਕਬਜ਼ਾ ਕਰਨ ਵਾਲੇ ਅਕਾਲੀ ਮਾਫੀਆਵਾਂ ਦੇ ਪੰਜਾਬ 'ਚ ਬੋਲਬਾਲੇ 'ਤੇ ਵਰ੍ਹਦਿਆਂ, ਕੈਪਟਨ ਅਮਰਿੰਦਰ ਨੇ ਸੂਬੇ 'ਚ ਅੱਤ ਵਰ੍ਹਾਉਣ ਵਾਲੇ ਬਾਦਲਾਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸਜ਼ਾ ਦੇਣ ਦਾ ਵਾਅਦਾ ਕੀਤਾ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਲੋਕਾਂ ਦਾ ਗੁੱਸਾ ਸਾਫ ਤੌਰ 'ਤੇ ਮਹਿਸੂਸ ਕੀਤਾ ਜਾ ਸਕਦਾ ਹੈ ਅਤੇ ਇਨ੍ਹਾਂ ਚੋਣਾਂ ਦੌਰਾਨ ਸ੍ਰੋਅਦ ਦਾ ਪੂਰੀ ਤਰ੍ਹਾਂ ਸਫਾਇਆ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਲੋਕ ਇਨ੍ਹਾਂ ਦੇ ਅਪਰਾਧਿਕ ਸ਼ਾਸਨ ਤੇ ਸੰਪ੍ਰਦਾਇਕ ਅਧਾਰ 'ਤੇ ਸੂਬੇ ਦੇ ਲੋਕਾਂ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਤੋਂ ਤੰਗ ਆ ਚੁੱਕੇ ਹਨ।
ਕੈਪਟਨ ਅਮਰਿੰਦਰ ਨੇ ਬੇਅਦਬੀਆਂ ਰਾਹੀਂ ਧਰਮ ਦਾ ਅਪਮਾਨ ਕਰਨ ਵਾਲੇ ਅਤੇ ਲੋਕਾਂ ਨੂੰ ਲੁੱਟਣ ਤੇ ਪ੍ਰਤਾੜਤ ਕਰਨ ਵਾਲੇ ਸਾਰਿਆਂ ਲੋਕਾਂ ਨੂੰ ਜੇਲ੍ਹ ਭੇਜਣ ਦਾ ਵਾਅਦਾ ਕੀਤਾ। ਉਨ੍ਹਾਂ ਨੇ ਪੰਜਾਬ ਦਾ ਖੋਹ ਚੁੱਕਿਆ ਮਾਣ ਮੁੜ ਕਾਇਮ ਕਰਨ ਦਾ ਵਾਅਦਾ ਕੀਤਾ। ਕੈਪਟਨ ਅਮਰਿੰਦਰ ਨੇ ਕਿਹਾ ਕਿ ਅਕਾਲੀਆਂ ਨੇ ਉਦਯੋਗਾਂ ਨੂੰ ਸੂਬੇ ਤੋਂ ਬਾਹਰ ਧਕੇਲ ਦਿੱਤਾ ਹੈ, ਜਦਕਿ ਵਪਾਰ ਤੇ ਖੇਤੀਬਾੜੀ ਬਦਹਾਲੀ ਦਾ ਸਾਹਮਣਾ ਕਰ ਰਹੀ ਹੈ ਅਤੇ ਕਰਜ਼ੇ ਹੇਠਾਂ ਦੱਬੇ ਕਿਸਾਨ ਖੁਦਕੁਸ਼ੀਆਂ ਵਰਗੇ ਦੁਖਦ ਕਦਮ ਚੁੱਕ ਰਹੇ ਹਨ। ਜਿਸ 'ਤੇ, ਉਨ੍ਹਾਂ ਨੇ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ ਕਰਨ ਅਤੇ ਉਦਯੋਗਾਂ ਨੂੰ ਮੁੜ ਖੜ੍ਹਾ ਕਰਨ ਲਈ ਪਹਿਲ ਦੇ ਅਧਾਰ 'ਤੇ ਕਦਮ ਚੁੱਕਣ ਦਾ ਵਾਅਦਾ ਕੀਤਾ।
ਕੈਪਟਨ ਅਮਰਿੰਦਰ ਨੇ ਆਪ ਨੂੰ ਗੈਰ ਤਜ਼ੁਰਬੇਕਾਰ ਦੱਸਦਿਆਂ ਖਾਰਿਜ਼ ਕੀਤਾ, ਜਿਸਦੇ ਇਕ ਵੀ ਵਿਅਕਤੀ ਨੂੰ ਸ਼ਾਸਨ ਚਲਾਉਣ ਦੀ ਜਾਣਕਾਰੀ ਨਹੀਂ ਹੈ। ਉਹ ਉਨ੍ਹਾਂ ਵੱਲੋਂ ਵਾਰ ਵਾਰ ਚੁਣੌਤੀ ਦੇਣ ਦੇ ਬਾਵਜੂਦ ਕੇਜਰੀਵਾਲ ਵੱਲੋਂ ਚੋਣ ਲੜਨ ਤੇ ਇਥੋਂ ਤੱਕ ਕਿ ਬਹਿਸ ਕਰਨ ਤੋਂ ਵੀ ਪਿੱਛੇ ਹੱਟਣ ਨੂੰ ਲੈ ਕੇ ਆਪ ਆਗੂ 'ਤੇ ਵਰ੍ਹੇ। ਉਨ੍ਹਾਂ ਨੇ ਕਿਹਾ ਕਿ ਆਪ ਦਿੱਲੀ 'ਚ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਅਤੇ ਇਸ ਅਸਲਿਅਤ ਦੀ ਲੋਕ ਅਸਾਨੀ ਨਾਲ ਕੌਮੀ ਰਾਜਧਾਨੀ 'ਚ ਰਹਿਣ ਵਾਲੇ ਆਪਣੇ ਰਿਸ਼ਤੇਦਾਰਾਂ ਤੇ ਮਿੱਤਰਾਂ ਰਾਹੀਂ ਪੁਸ਼ਟੀ ਕਰ ਸਕਦੇ ਹਨ।
ਉਨ੍ਹਾਂ ਨੇ ਕਿਹਾ ਕਿ ਆਦ ਦੇ ਸ਼ਾਸਨ 'ਚ ਦਿੱਲੀ ਅਵਿਵਸਥਾ ਦਾ ਸਾਹਮਣਾ ਕਰ ਰਹੀ ਹੈ, ਜਿਥੇ ਅਧਿਆਪਕਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਹੈ, ਡਾਕਟਰਾਂ ਨੂੰ ਆਪਣੀ ਤਨਖਾਹ ਨਹੀਂ ਮਿੱਲ ਰਹੀ ਹੈ ਅਤੇ ਪਾਰਟੀ ਦੇ 19 ਵਿਧਾਇਕ ਭ੍ਰਿਸ਼ਟਾਚਾਰ ਤੇ ਬਲਾਤਕਾਰ ਦੇ ਇਲਜ਼ਾਮਾਂ ਹੇਠ ਸਲਾਖਾਂ ਪਿੱਛੇ ਬੰਦ ਹਨ। ਜਿਸ 'ਤੇ, ਉਨ੍ਹਾਂ ਨੇ ਲੋਕਾਂ ਨੂੰ ਪੰਜਾਬ ਨੂੰ ਮੁੜ ਖੜ੍ਹਾ ਕਰਨ ਵਾਸਤੇ ਅਜਿਹੇ ਪ੍ਰਯੋਗ ਖਿਲਾਫ ਚੇਤਾਵਨੀ ਦਿੱਤੀ।
ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਕਿ ਪਹਿਲਾਂ ਕੇਜਰੀਵਾਲ ਉਨ੍ਹਾਂ ਨੂੰ ਬਾਦਲ ਖਿਲਾਫ ਚੋਣ ਲੜਨ ਦੀ ਚੁਣੌਤੀ ਦਿੰਦੇ ਸਨ, ਅਤੇ ਹੁਣ ਦੋਸ਼ ਲਗਾ ਰਹੇ ਹਨ ਕਿ ਉਹ ਅਕਾਲੀ ਆਗੂ ਦੀ ਸਹਾਇਤਾ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆਪ ਦੀ ਪੰਜਾਬ ਲਈ ਕੋਈ ਭਰੋਸੇਮੰਦੀ ਤੇ ਚਿੰਤਾ ਨਹੀਂ ਹੈ। ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਬਾਹਰੀ ਵਿਅਕਤੀਆਂ ਦਾ ਇਕ ਝੁੰਡ ਆਪ ਪੰਜਾਬ ਲਈ ਕਦੇ ਨਹੀਂ ਖੜ੍ਹੇਗਾ ਤੇ ਐਸ.ਵਾਈ.ਐਲ. ਦਾ ਨਿਰਮਾਣ ਕਰਵਾਏਗਾ, ਜਿਸ ਨਾਲ ਜਲਾਲਾਬਾਦ ਸਮੇਤ 10 ਲੱਖ ਏਕੜ ਜ਼ਮੀਨ ਸੁੱਕ ਜਾਵੇਗੀ।
ਕੈਪਟਨ ਅਮਰਿੰਦਰ ਨੇ ਨਵਾਂ ਸਵੇਰਾ ਲਿਆਉਣ ਦਾ ਵਾਅਦਾ ਕਰਦਿਆਂ, ਲੋਕਾਂ ਨੂੰ ਕਾਂਗਰਸ ਨਾਲ ਹੱਥ ਮਿਲਾਉਣ ਤੇ ਸੁਖਬੀਰ ਦੀ ਸ੍ਰੋਅਦ ਅਤੇ ਭਗਵੰਤ ਮਾਨ ਦੀ ਆਪ ਨੂੰ ਹਰਾਉਣ ਦੀ ਅਪੀਲ ਕੀਤੀ।
ਇਸ ਤੋਂ ਪਹਿਲਾਂ, ਕੈਪਟਨ ਅਮਰਿੰਦਰ ਨੂੰ ਪਾਰਟੀ ਦਾ ਪ੍ਰਧਾਨ ਤੇ ਸੂਬਾ ਦਾ ਅਗਾਮੀ ਮੁੱਖ ਮੰਤਰੀ ਦੱਸਦਿਆਂ, ਕਾਂਗਰਸ ਦੇ ਸਟਾਰ ਪ੍ਰਚਾਰਕ ਅਤੇ ਅੰਮ੍ਰਿਤਸਰ ਪੂਰਬੀ ਤੋਂ ਉਮੀਦਵਾਰ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਅਕਾਲੀ ਦਲ, ਖਾਲੀ ਦਲ ਬਣ ਜਾਵੇਗਾ।
ਉਨ੍ਹਾਂ ਨੇ ਚੁਟਕੀ ਲੈਂਦਿਆਂ ਕਿਹਾ ਕਿ ਸ੍ਰੋਅਦ ਆਪਣੇ ਨਾਅਰੇ ਰਾਜ ਨਹੀਂ ਸੇਵਾ ਦੇ ਉਲਟ 10 ਪ੍ਰਤੀਸ਼ਤ ਸੇਵਾ ਤੇ 90 ਪ੍ਰਤੀਸ਼ਤ ਮੇਵਾ ਦੀ ਪਾਰਟੀ ਬਣ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਬਾਦਲਾਂ ਨੇ ਬੀਤੇ 10 ਸਾਲਾਂ ਦੌਰਾਨ ਪੰਜਾਬ ਨੂੰ ਲੁੱਟਿਆ ਤੇ ਸੂਬੇ ਨੂੰ ਬਰਬਾਦ ਕਰ ਦਿੱਤਾ ਹੈ। ਉਨ੍ਹਾਂ ਨੇ ਇਨ੍ਹਾਂ ਦੇ ਮੈਨਿਫੈਸਟੋ ਨੂੰ ਝੂਠਾਂ ਦਾ ਪੁਲਿੰਦਾ ਕਰਾਰ ਦਿੰਦਿਆਂ ਕਿਹਾ ਕਿ ਇਨ੍ਹਾਂ ਨੂੰ ਗੈਰ ਰਸਮੀ ਤਰੀਕੇ ਨਾਲ ਬਾਹਰ ਕਰਨ ਦਾ ਸਮਾਂ ਆ ਗਿਆ ਹੈ।
ਸਿੱਧੂ ਨੇ ਕਿਹਾ ਕਿ ਰਾਹੁਲ ਗਾਂਧੀ ਪਹਿਲਾਂ ਹੀ ਵਾਅਦਾ ਕਰ ਚੁੱਕੇ ਹਨ ਕਿ ਬਾਦਲਾਂ ਵੱਲੋਂ ਲੁੱਟੇ ਗਏ ਪੈਸੇ ਨੂੰ ਪੰਜਾਬ ਦੇ ਲੋਕਾਂ ਨੂੰ ਵਾਪਿਸ ਦਿਲਾਇਆ ਜਾਵੇਗਾ ਤੇ ਨਸ਼ੇ ਦੇ ਵਪਾਰੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਬਿਹਾਰ ਦੀ ਤਰਜ਼ 'ਤੇ ਪੰਜਾਬ ਨੂੰ ਲੁੱਟਣ ਵਾਲੇ ਇਨ੍ਹਾਂ ਸਾਰਿਆਂ ਵਿਅਕਤੀਆਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਜਾਵੇਗਾ।
ਸਿੱਧੂ ਨੇ ਬਾਦਲ ਸ਼ਾਸਨ 'ਚ ਪੰਜਾਬ ਦੇ ਲੋਕਾਂ ਖਿਲਾਫ ਦਰਜ਼ ਕੀਤੇ ਗਏ ਝੂਠੇ ਕੇਸਾਂ ਅਤੇ ਹੋਰ ਅਪਰਾਧਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਕਾਲੀਆਂ ਨੇ ਉਂਝਾਂ ਹੀ ਅੱਤ ਵਰ੍ਹਾਇਆ ਹੈ, ਜਿਵੇਂ ਚੌਟਾਲਿਆਂ ਨੇ ਹਰਿਆਣਾ 'ਚ ਕੀਤਾ ਸੀ, ਅਤੇ ਅੱਜ ਦੇਖੋ ਉਹ ਕਿਥੇ ਹਨ।
ਸਿੱਧੂ ਪੰਜਾਬ ਲਈ ਆਪ ਦੀ ਬੇਈਮਾਨ ਸੋਚ 'ਤੇ ਵੀ ਵਰ੍ਹੇ। ਉਨ੍ਹਾਂ ਨੇ ਕਿਹਾ ਕਿ ਈਸਟ ਇੰਡੀਆ ਕੰਪਨੀ ਵੱਲੋਂ ਦੇਸ਼ ਨੂੰ ਲੁੱਟਣ ਤੋਂ ਬਾਅਦ ਹੁਣ ਆਪ ਰਿਮੋਟ ਕੰਟਰੋਲ ਰਾਹੀਂ ਪੰਜਾਬ ਨੂੰ ਲੁੱਟਣ ਲਈ ਦਿੱਲੀ ਤੋਂ ਆਉਣਾ ਚਾਹੁੰਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਕੇਜਰੀਵਾਲ ਤੋਂ ਪੁੱਛਣ ਲਈ ਕਿਹਾ ਕਿ ਇਨ੍ਹਾਂ ਦਾ ਸੀ.ਐਮ ਉਮੀਦਵਾਰ ਕਿਹੜਾ ਹੈ। ਸਿੱਧੂ ਨੇ ਕਿਹਾ ਕਿ ਆਪ ਵੱਲੋਂ ਉਨ੍ਹਾਂ ਨੂੰ ਡਿਪਟੀ ਮੁੱਖ ਮੰਤਰੀ ਦਾ ਆਫਰ ਦਿੱਤਾ ਗਿਆ ਸੀ, ਲੇਕਿਨ ਉਹ ਜਾਣਨਾ ਚਾਹੁੰਦੇ ਸਨ ਕਿ ਕਿਹੜਾ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਹੋਵੇਗਾ, ਜਿਸਦਾ ਜਵਾਬ ਦੇਣ 'ਚ ਕੇਜਰੀਵਾਲ ਅਸਫਲ ਰਹੇ ਸਨ।
ਸਿੱਧੂ ਨੇ ਕਿਹਾ ਕਿ ਕੇਜਰੀਵਾਲ ਇਕ ਝੂਠੇ ਵਿਅਕਤੀ ਹਨ, ਉਨ੍ਹਾਂ ਨੇ ਕਾਂਗਰਸ ਨਾਲ ਸਮਝੌਤਾ ਨਾ ਕਰਨ ਲਈ ਆਪਣੇ ਬੱਚਿਆਂ ਦੀ ਸਹੁੰ ਚੁੱਕਣ ਦੇ ਬਾਵਜੂਦ ਅਜਿਹਾ ਕਰ ਲਿਆ ਸੀ। ਜਿਸ 'ਤੇ, ਉਨ੍ਹਾਂ ਨੇ ਲੋਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਆਪ ਪੈਸੇ, ਸ਼ਰਾਬ ਆਦਿ ਨਾਲ ਉਨ੍ਹਾਂ ਦੀਆਂ ਵੋਟਾਂ ਤੇ ਆਤਮ ਸਨਮਾਨ ਨੂੰ ਖ੍ਰੀਦਣ ਦੀ ਕੋਸ਼ਿਸ਼ ਕਰੇਗੀ।
ਜਲਾਲਾਬਾਦ ਤੋਂ ਕਾਂਗਰਸ ਉਮੀਦਵਾਰ ਰਵਨੀਤ ਬਿੱਟੂ ਨੇ ਆਪਣੇ ਭਾਸ਼ਣ 'ਚ ਕਿਹਾ ਕਿ ਇਨ੍ਹਾਂ ਚੋਣਾਂ 'ਚ ਲੜਾਈ ਲੁਟੇਰਾ ਪਰਿਵਾਰ ਤੇ ਸ਼ਹੀਦ ਪਰਿਵਾਰ ਵਿਚਾਲੇ ਹੈ। ਜਿਥੇ ਉਨ੍ਹਾਂ ਦੇ ਦਾਦਾ ਜੀ ਬੇਅੰਤ ਸਿੰਘ ਨੇ ਪੰਜਾਬ ਲਈ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ ਸੀ, ਸੁਖਬੀਰ ਇਕ ਭ੍ਰਿਸ਼ਟ, ਲੁੱਟਣਵਾਲਾ ਤੇ ਕੁੱਟਣਵਾਲਾ, ਤੋਂ ਵੱਧ ਕੁਝ ਨਹੀਂ ਹਨ।
ਉਨ੍ਹਾਂ ਨੇ ਧਾਰਮਿਕ ਬੇਅਦਬੀਆਂ ਦੀਆਂ ਵੱਧ ਰਹੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ, ਲੋਕਾਂ ਤੋਂ ਪੁੱਛਿਆ ਕਿ ਕੀ ਉਹ ਧਾਰਮਿਕ ਤੌਰ 'ਤੇ ਵੰਡਣ ਵਾਲੇ ਅਜਿਹੇ ਕੰਮਾਂ ਦਾ ਬਦਲਾ ਲੈਣਾ ਚਾਹੁੰਦੇ ਹਨ, ਜਿਸ 'ਤੇ ਲੋਕਾਂ ਨੇ ਉਤਸਾਹ ਨਾਲ ਹੱਥ ਚੁੱਕ ਕੇ ਸਮਰਥਨ ਕੀਤਾ।
ਇਸ ਮੌਕੇ, ਅਕਾਲੀ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਹੋਰ ਪਰਿਵਾਰਿਕ ਮੈਂਬਰ ਬਾਦਲਾਂ ਵੱਲੋਂ ਡਰਾਏ ਤੇ ਪ੍ਰਤਾੜਤ ਕੀਤੇ ਜਾਣ ਦਾ ਦੋਸ਼ ਲਗਾਉਂਦਿਆਂ ਕਾਂਗਰਸ 'ਚ ਸ਼ਾਮਿਲ ਹੋ ਗਏ, ਜਿਨ੍ਹਾਂ ਦੇ ਬੇਟੇ ਕਾਂਗਰਸ ਦੀ ਟਿਕਟ 'ਤੇ ਚੋਣ ਲੜ ਰਹੇ ਹਨ।