ਕੈਲਫੌਰਨੀਆ ਪੈਲੇਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਾਬੂ ਪ੍ਰਕਾਸ਼ ਚੰਦ ਗਰਗ
ਸੰਗਰੂਰ, 28 ਜਨਵਰੀ, 2017 : ਸਵ. ਸੁਰਜੀਤ ਸਿੰਘ ਬਰਨਾਲਾ ਦੇ ਪਰਿਵਾਰ ਦਾ ਪੂਰੇ ਪੰਜਾਬ ਵਾਂਗ ਹਲਕਾ ਸੰਗਰੂਰ ਵਿੱਚ ਵੀ ਮਜਬੂਤ ਜਨ ਆਧਾਰ ਹੈ। ਬਰਨਾਲਾ ਪਰਿਵਾਰ ਦੀ ਘਰ ਵਾਪਸੀ ਨਾਲ ਹਲਕਾ ਸੰਗਰੂਰ ਵਿੱਚ ਗਠਜੋੜ ਨੂੰ ਹੋਰ ਵੀ ਵਧੇਰੇ ਮਜਬੂਤੀ ਮਿਲੀ ਹੈ, ਜਿਸ ਸਦਕਾ ਇਸ ਵਾਰ ਹਲਕਾ ਸੰਗਰੂਰ ਵਿੱਚ ਅਕਾਲੀ-ਭਾਜਪਾ ਗਠਜੋੜ ਦੀ ਰਿਕਾਰਡਤੋੜ ਵੋਟਾਂ ਨਾਲ ਜਿੱਤ ਹੋਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਕੈਲਫੌਰਨੀਆ ਪੈਲੇਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਸ਼੍ਰੀ ਗਰਗ ਨੇ ਕਿਹਾ ਕਿ ਪੰਜਾਬ ਵਿਰੋਧੀ ਤਾਕਤਾਂ 'ਆਪ' ਅਤੇ ਕਾਂਗਰਸ ਦੇ ਨਾਪਾਕ ਇਰਾਦਿਆਂ ਤੋਂ ਸੂਬੇ ਦੇ ਲੋਕਾਂ ਨੂੰ ਸੁਚੇਤ ਕਰਨ ਲਈ ਇੱਕਜੁਟ ਹੋਣਾ ਸਮੇਂ ਦੀ ਮੰਗ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਲੋਕ ਵਿਰੋਧੀ ਕਾਰਨਾਮਿਆਂ ਤੋਂ ਤਾਂ ਪੂਰਾ ਦੇਸ਼ ਹੀ ਜਾਣੂ ਹੈ, ਜਦੋਂਕਿ ਆਮ ਆਦਮੀ ਪਾਰਟੀ ਦੀ ਪੋਲ ਹੋਲੀ-ਹੋਲੀ ਖੁੱਲ ਕੇ ਲੋਕਾਂ ਦੇ ਸਾਹਮਣੇ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵੇਂ ਪਾਰਟੀਆਂ ਦਾ ਮਕਸਦ ਸਿਰਫ ਤੇ ਸਿਰਫ ਸੂਬੇ ਦਾ ਮਾਹੌਲ ਖਰਾਬ ਕਰਨਾ ਹੈ, ਜਦੋਂਕਿ ਸੂਬੇ ਪੱਖੀ ਸੋਚ ਰੱਖਣ ਵਾਲੇ ਲੋਕਾਂ ਦੀ ਜਮਾਤ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਇਕੱਠੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਕੋਈ ਅਜਿਹਾ ਹਲਕਾ ਨਹੀਂ, ਜੋ ਵਿਕਾਸ ਪੱਖੋਂ ਅਣਦੇਖਾ ਕੀਤਾ ਜਾ ਰਿਹਾ ਹੈ ਅਤੇ ਪੂਰੇ ਦੇਸ਼ ਦੇ ਮੁਕਾਬਲੇ ਪੰਜਾਬ ਵਿੱਚ ਸਭ ਤੋਂ ਵੱਧ ਅਮਨ-ਸ਼ਾਂਤੀ ਹੈ, ਪਰ ਇਹ ਵਿਕਾਸ, ਖੁਸ਼ਹਾਲੀ ਅਤੇ ਅਮਨ-ਸ਼ਾਂਤੀ ਵਾਲੇ ਹਾਲਾਤ ਪੰਜਾਬ ਵਿਰੋਧੀ ਤਾਕਤਾਂ ਨੂੰ ਹਜ਼ਮ ਨਹੀਂ ਹੋ ਰਹੇ, ਜਿਸ ਕਾਰਨ ਉਹ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਆੜ ਵਿੱਚ ਸੂਬੇ ਦਾ ਮਾਹੌਲ ਖਰਾਬ ਕਰਨ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਪਰਿਵਾਰਾਂ ਵਿੱਚ ਅਕਸਰ ਮਤਭੇਦ ਹੋ ਜਾਂਦੇ ਹਨ, ਪਰ ਜਦੋਂ ਸਾਡੇ ਪੰਜਾਬ ਦੇ ਹਿੱਤ ਦਾਅ 'ਤੇ ਲੱਗੇ ਹੋਣ ਤਾਂ ਪੰਜਾਬ ਪੱਖੀ ਸੋਚ ਰੱਖਣ ਵਾਲਾ ਹਰੇਕ ਆਗੂ ਸ਼੍ਰੋਮਣੀ ਅਕਾਲੀ ਦਲ ਨਾਲ ਚੱਟਾਨ ਬਣ ਕੇ ਖੜ੍ਹਾ ਹੋ ਜਾਂਦਾ ਹੈ। ਗੱਲਬਾਤ ਦੌਰਾਨ ਉਨ੍ਹਾਂ ਬੀਬੀ ਸੁਰਜੀਤ ਕੌਰ ਬਰਨਾਲਾ, ਗਗਨਦੀਪ ਸਿੰਘ ਬਰਨਾਲਾ, ਬਲਦੇਵ ਸਿੰਘ ਮਾਨ, ਸਿਮਰਪ੍ਰਤਾਪ ਸਿੰਘ ਬਰਨਾਲਾ ਸਮੇਤ ਪਾਰਟੀ ਵਿੱਚ ਸ਼ਾਮਲ ਹੋਣ ਵਾਲੀ ਸਮੂਹ ਲੀਡਰਸ਼ਿਪ ਦਾ ਤਹਿ ਦਿਲੋਂ ਸਵਾਗਤ ਕੀਤਾ ਅਤੇ ਪੰਜਾਬ ਬਚਾਓ ਮੁਹਿੰਮ ਵਿੱਚ ਵੱਧ ਚੜ੍ਹ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨਾਲ ਨਗਰ ਕੌਂਸਲ ਭਵਾਨੀਗੜ੍ਹ ਦੇ ਪ੍ਰਧਾਨ ਪ੍ਰੇਮ ਚੰਦ ਗਰਗ ਅਤੇ ਹੋਰ ਆਗੂ ਵੀ ਹਾਜਿਰ ਸਨ।