ਨਿਹਾਲ ਸਿੰਘ ਵਾਲਾ/ਮਹਿਲ ਕਲਾਂ, 28 ਜਨਵਰੀ, 2017 : ਪੰਜਾਬ ਕਾਂਗਰਸ ਪ੍ਰਧਾਨ ਤੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੋਮਣੀ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ 'ਚੋਂ ਕਿਸੇ ਤੋਂ ਵੀ ਕੋਈ ਖਤਰਾ ਹੋਣ ਦੀ ਗੱਲ ਨੂੰ ਖਾਰਿਜ਼ ਕਰਦਿਆਂ, ਸ਼ਨੀਵਾਰ ਨੂੰ ਕਿਹਾ ਕਿ ਇਸ ਲੜਾਈ 'ਚ ਇਕ ਪਾਸੇ ਕਾਂਗਰਸ ਹੈ ਅਤੇ ਦੂਜੇ ਹੱਥ ਭਾਰਤ 'ਚ ਅਤਿ ਭ੍ਰਿਸ਼ਟ ਸਿਆਸਤਦਾਨ ਸੁਖਬੀਰ ਬਾਦਲ ਅਤੇ ਸੱਭ ਤੋਂ ਵੱਡੇ ਝੂਠੇ ਅਰਵਿੰਦ ਕੇਜਰੀਵਾਲ ਹਨ।
ਉਨ੍ਹਾਂ ਨੇ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਵੱਲੋਂ ਵਿਰੋਧੀਆਂ ਨੂੰ ਪੂਰੀ ਤਰ੍ਹਾਂ ਬਾਹਰ ਕਰਨ ਦਾ ਭਰੋਸਾ ਪ੍ਰਗਟਾਉਂਦਿਆਂ, ਆਮ ਆਦਮੀ ਪਾਰਟੀ ਜਾਂ ਸ੍ਰੋਮਣੀ ਅਕਾਲੀ ਦਲ 'ਚੋਂ ਕਿਸੇ ਤੋਂ ਵੀ ਕੋਈ ਖਤਰਾ ਹੋਣ ਦੀ ਗੱਲ ਤੋਂ ਇਨਕਾਰ ਕੀਤਾ। ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਆਪ ਜਾਂ ਸ੍ਰੋਅਦ 'ਚੋਂ ਕਿਸੇ ਨੂੰ ਵੀ ਇਨ੍ਹਾਂ ਵਿਧਾਨ ਸਭਾ ਚੋਣਾਂ 'ਚ ਕ੍ਰਮਵਾਰ 25 ਤੇ 12 ਤੋਂ ਵੱਧ ਸੀਟਾਂ ਨਹੀਂ ਹਾਸਿਲ ਕਰਦੇ ਪਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਬਾਕੀ ਸੀਟਾਂ ਤੋਂ ਇਨ੍ਹਾਂ ਨੂੰ ਹੇਠਾਂ ਧਕੇਲ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਪਾਰਟੀ ਮੋਗਾ ਦੀਆਂ ਸਾਰੀਆਂ ਚਾਰੋਂ ਸੀਟਾਂ 'ਤੇ ਜਿੱਤ ਦਰਜ਼ ਕਰੇਗੀ, ਜਦਕਿ ਸ੍ਰੋਅਦ ਆਪਣੇ ਮਜ਼ਬੂਤ ਅਧਾਰ ਵਾਲੇ ਬਾਦਲ ਪਿਓ-ਪੁੱਤ ਦੇ ਲੰਬੀ ਤੇ ਜਲਾਲਾਬਾਦ ਵਿਧਾਨ ਸਭਾ ਹਲਕਿਆਂ 'ਚ ਵੀ ਪੂਰੀ ਤਰ੍ਹਾਂ ਪਿਛੜ ਜਾਵੇਗੀ। ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਕਿ ਜਲਾਲਾਬਾਦ 'ਚ ਸੁਖਬੀਰ ਦਾ ਆਪਣਾ ਵਿਧਾਨ ਸਭਾ ਹਲਕਾ ਭਾਰੀ ਅਵਿਵਸਥਾ ਦਾ ਸਾਹਮਣਾ ਕਰ ਰਿਹਾ ਹੈ। ਇਸ ਲੜੀ ਹੇਠ ਸੁਖਬੀਰ ਖੁਦ ਇਨ੍ਹਾਂ ਸਾਲਾਂ ਦੌਰਾਨ ਸੂਬੇ ਨੂੰ ਲੁੱਟਣ 'ਚ ਰੁੱਝੇ ਰਹੇ, ਜਦਕਿ ਇਲਾਕੇ 'ਚ ਕੋਈ ਵਿਕਾਸ ਨਹੀਂ ਹੋਇਆ ਹੈ।
ਉਹ ਸੂਬੇ 'ਚ ਧਾਰਮਿਕ ਅਸਹਿਣਸ਼ੀਲਤਾ ਤੇ ਬੇਅਦਬੀ ਦੀਆਂ ਘਟਨਾਵਾਂ ਨੂੰ ਵਾਧਾ ਦੇਣ ਨੂੰ ਲੈ ਕੇ ਵੀ ਪ੍ਰਕਾਸ਼ ਸਿੰਘ ਬਾਦਲ ਉਪਰ ਜ਼ੋਰਦਾਰ ਤਰੀਕੇ ਨਾਲ ਵਰ੍ਹੇ ਤੇ ਬੇਅਦਬੀ ਦੇ ਸਾਰੇ ਮਾਮਲਿਆਂ ਦੀ ਮੁੜ ਜਾਂਚ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ ਭੇਜਣ ਦਾ ਵਾਅਦਾ ਕੀਤਾ। ਉਨ੍ਹਾਂ ਨੇ ਬਾਦਲ ਨੂੰ ਸਿੱਖ ਉਗਰਵਾਦੀਆਂ ਨਾਲ ਜੋੜਨ ਵਾਲੀ ਸੀ.ਆÂਂੀ.ਏ ਦੀ ਰਿਪੋਰਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਜ਼ੁਰਗ ਅਕਾਲੀ ਨੂੰ ਆਪਣੇ ਹਿੱਤਾਂ ਲਈ ਲੋਕਾਂ ਤੇ ਧਰਮ ਦਾ ਲਾਭ ਉਠਾਉਣ ਦੀ ਆਦਤ ਹੈ।
ਕੈਪਟਨ ਅਮਰਿੰਦਰ ਨੇ ਸਿੱਖ ਸਮੁਦਾਅ ਵੱਲੋਂ ਲੰਬੇ ਸੰਘਰਸ਼ ਤੋਂ ਬਾਅਦ ਸਥਾਪਤ ਕੀਤੀ ਗਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਦੇ ਕਬਜ਼ੇ ਤੋਂ ਅਜ਼ਾਦ ਕਰਵਾਉਣ ਦਾ ਵਾਅਦਾ ਕੀਤਾ, ਜਿਨ੍ਹਾਂ ਨੇ ਸਿਆਸੀ ਲਾਭ ਖਾਤਿਰ ਇਸ ਸੰਸਥਾ ਨੂੰ ਆਪਣੀ ਵਿਅਕਤੀਗਤ ਜਗੀਰ 'ਚ ਬਦਲ ਦਿੱਤਾ ਹੈ। ਇਸ ਲੜੀ ਹੇਠ, ਉਨ੍ਹਾਂ ਨੇ ਐਸ.ਜੀ.ਪੀ.ਸੀ 'ਚ ਬਾਦਲਾਂ ਖਿਲਾਫ ਖੜ੍ਹੇ ਹੋਣ ਵਾਲੇ ਹਰੇਕ ਵਿਅਕਤੀ ਨੂੰ ਆਪਣਾ ਸਮਰਥਨ ਦੇਣ ਦੀ ਗੱਲ ਦੁਹਰਾਈ।
ਇਸ ਦੌਰਾਨ ਕਾਂਗਰਸ ਉਮੀਦਵਾਰਾਂ ਰਾਜਵਿੰਦਰ ਕੌਰ ਭਗੀਕੇ ਤੇ ਹਰਚੰਦ ਕੌਰ ਦੀ ਹਿਮਾਇਤ 'ਚ ਉਨ੍ਹਾਂ ਦੇ ਸਬੰਧਤ ਵਿਧਾਨ ਸਭਾ ਹਲਕਿਆਂ ਨਿਹਾਲ ਸਿੰਘ ਵਾਲਾ ਤੇ ਮਹਿਲ ਕਲਾਂ 'ਚ ਪਬਲਿਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਹਰਿਆਣਵੀ ਆਗੂ ਤੇ ਬਾਹਰੀ ਅਧਾਰ ਵਾਲੀ ਆਪ ਪੰਜਾਬ 'ਚ ਸਥਿਰ ਸ਼ਾਸਨ ਨਹੀਂ ਦੇ ਸਕੇਗੀ। ਉਨ੍ਹਾਂ ਨੇ ਕਿਹਾ ਕਿ ਲੋਕ ਸੰਕਟ ਦੇ ਮੌਜ਼ੂਦਾ ਹਾਲਾਤਾਂ 'ਚ ਇਕ ਨਵੀਂ ਵਿਵਸਥਾ ਨਾਲ ਤਜ਼ੁਰਬਾ ਕਰਨ ਦਾ ਪ੍ਰਯੋਗ ਨਹੀਂ ਕਰ ਸਕਦੇ ਹਨ।
ਉਨ੍ਹਾਂ ਨੇ ਆਪ ਵੱਲੋਂ ਪਟਿਆਲਾ 'ਚ ਆਪਣੇ ਰੋਡ ਸ਼ੋਅ ਲਈ ਹੋਰ ਸੂਬਿਆਂ ਤੋਂ ਵੱਡੀ ਗਿਣਤੀ 'ਚ ਬਾਹਰੀਆਂ ਨੂੰ ਲਿਆਏ ਜਾਣ ਦੀਆਂ ਖ਼ਬਰਾਂ ਦਾ ਖੁਲਾਸਾ ਕਰਦਿਆਂ, ਲੋਕਾਂ ਨੂੰ ਕੇਜਰੀਵਾਲ ਦੇ ਝੂਠੇ ਵਾਅਦਿਆਂ ਦੇ ਜਾਅਲ 'ਚ ਫੱਸਣ ਖਿਲਾਫ ਚੇਤਾਵਨੀ ਦਿੱਤੀ।
ਕੈਪਟਨ ਅਮਰਿੰਦਰ ਨੇ ਨਸ਼ਾ ਮਾਫੀਆ ਅਤੇ ਖੁਰਾਕ ਘੁਟਾਲਿਆਂ ਰਾਹੀਂ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਰਬਾਦ ਕਰਨ ਵਾਲੇ ਬਿਕ੍ਰਮ ਸਿੰਘ ਮਜੀਠੀਆ ਤੇ ਤੋਤਾ ਸਿੰਘ ਵਰਗੇ ਅਕਾਲੀ ਆਗੂਆਂ ਨੂੰ ਜੇਲ੍ਹ ਭੇਜਣ ਦਾ ਵਾਅਦਾ ਕੀਤਾ।
ਉਹ ਮਜੀਠੀਆ ਤੇ ਤੋਤਾ ਸਿੰਘ ਵਰਗੇ ਮੰਤਰੀਆਂ ਨੂੰ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਰਬਾਦ ਕਰਨ ਅਤੇ ਬੇਕਸੂਰਾਂ ਉਪਰ ਝੂਠੇ ਕੇਸ ਦਰਜ ਕਰਵਾਉਣ ਦੀ ਅਜ਼ਾਦੀ ਦੇਣ ਵਾਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਤੇ ਵੀ ਵਰ੍ਹੇ। ਉਨ੍ਹਾਂ ਨੇ ਕਿਹਾ ਕਿ ਸੂਬੇ 'ਚ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਤੇ ਉਦਯੋਗਾਂ ਤੋਂ ਬੰਦ ਹੋਣ ਤੋਂ ਇਲਾਵਾ, ਨਸ਼ਿਆਂ ਤੇ ਚਿੱਟੇ ਸਮੇਤ ਸਾਰੀ ਅਵਿਵਸਥਾ ਲਈ ਬਾਦਲ ਜ਼ਿੰਮੇਵਾਰ ਹਨ ਤੇ ਇਹ ਹਾਲਾਤ ਉਨ੍ਹਾਂ ਵੱਲੋਂ ਦੋਸ਼ੀ ਮੰਤਰੀਆਂ ਵਿਰੁੱਧ ਕਾਰਵਾਈ ਕਰਨ 'ਚ ਅਸਫਲ ਰਹਿਣ ਦਾ ਨਤੀਜ਼ਾ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਬਾਦਲ ਨੇ ਕਦੇ ਵੀ ਆਪਣੇ ਪਰਿਵਾਰ ਤੋਂ ਅੱਗੇ ਨਹੀਂ ਸੋਚਿਆ ਹੈ। ਉਨ੍ਹਾਂ ਨੇ ਕਿਹਾ ਕਿ ਨਾ ਬਾਦਲ ਤੇ ਨਾ ਹੀ ਕੇਜਰੀਵਾਲ ਨੂੰ ਪੰਜਾਬ ਦੇ ਲੋਕਾਂ ਦੀ ਭਲਾਈ ਦੀ ਚਿੰਤਾ ਹੇ। ਉਨ੍ਹਾਂ ਨੇ ਕਿਹਾ ਕਿ ਬਾਦਲ ਸ਼ਾਸਨ 'ਚ ਅਕਾਲੀਆਂ ਦੀਆਂ ਗੈਰ ਸੰਗਠਿਤ ਨੀਤੀਆਂ ਕਾਰਨ ਪੰਜਾਬ ਤੋਂ ਬਾਹਰ ਜਾਣ ਲਈ, ਪੰਜਾਬ ਦੇ ਉਦਯੋਗਪਤੀਆਂ ਨੇ ਹੋਰਨਾਂ ਸੂਬਿਆਂ ਅੰਦਰ ਇਕ ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨਸ਼ਿਆਂ ਦਾ ਉਤਪਾਦਨ ਤੇ ਇਨ੍ਹਾਂ ਨੂੰ ਵੰਡ ਕੇ ਲੱਖਾਂ ਨੌਜ਼ਵਾਨਾਂ ਨੂੰ ਬਰਬਾਦ ਕਰਨ ਵਾਲੇ ਮਜੀਠੀਆ ਉਪਰ ਵਰ੍ਹੇ, ਤੇ ਤੋਤਾ ਸਿੰਘ ਦੀ ਲੜੀਵਾਰ ਘੁਟਾਲਿਆਂ 'ਚ ਉਨ੍ਹਾਂ ਦੀ ਸ਼ਮੂਲੀਅਤ ਨੂੰ ਲੈ ਕੇ ਨਿੰਦਾ ਕੀਤੀ। ਉਨ੍ਹਾਂ ਨੇ ਤੋਤਾ ਸਿੰਘ ਨੂੰ ਇਕ ਵੱਡਾ ਠੱਗ ਦੱਸਿਆ, ਜਿਸਨੇ ਸੂਬੇ ਦੇ ਕਿਸਾਨ ਸਮੁਦਾਅ ਨੂੰ ਬਰਬਾਦ ਕਰਦਿਆਂ ਨਕਲੀ ਬੀਜ ਤੇ ਖਾਦਾਂ ਵੇਚੀਆਂ। ਜਿਸ 'ਤੇ, ਕੈਪਟਨ ਅਮਰਿੰਦਰ ਨੇ ਦੋਨਾਂ ਨੂੰ ਜੇਲ੍ਹ ਭੇਜਣ ਦਾ ਵਾਅਦਾ ਕੀਤਾ। ਉਨ੍ਹਾਂ ਨੇ ਅਕਾਲੀ ਨਿਰਦੇਸ਼ਾਂ ਨੂੰ ਮੰਨਣ ਤੋਂ ਇਨਕਾਰ ਕਰਨ ਵਾਲੇ ਬੇਕਸੂਰ ਲੋਕਾਂ ਖਿਲਾਫ ਦਰਜ਼ ਕੀਤੇ ਗਏ ਸਾਰੇ ਜਾਅਲੀ ਕੇਸਾਂ ਨੂੰ ਰੱਦ ਕਰਨ ਦਾ ਭਰੋਸਾ ਵੀ ਦਿੱਤਾ।
ਇਸ ਤੋਂ ਪਹਿਲਾਂ, ਰਾਜਵਿੰਦਰ ਕੌਰ ਨੇ ਭੀੜ ਨੂੰ ਦੱਸਿਆ ਕਿ ਤੋਤਾ ਸਿੰਘ ਨੇ ਆਪਣੇ ਜਾਅਲੀ ਕੀਟਨਾਸ਼ਕਾਂ ਤੇ ਰੇਤ ਮਾਫੀਆ ਰਾਹੀਂ ਲੱਖਾਂ ਕਿਸਾਨਾਂ ਨੂੰ ਉਜਾੜ ਦਿੱਤਾ ਹੈ, ਜਦਕਿ ਉਨ੍ਹਾਂ ਦੇ ਬੇਟੇ ਦੀ ਸੈਕਸ ਸਕੈਂਡਲ 'ਚ ਸ਼ਮੂਲੀਅਤ ਨੇ ਉਨ੍ਹਾਂ ਦੇ ਪਰਿਵਾਰ 'ਚ ਵਧੀਆ ਚਰਿੱਤਰ ਦੀ ਪੂਰੀ ਤਰ੍ਹਾਂ ਘਾਟ ਦਾ ਖੁਲਾਸਾ ਕਰ ਦਿੱਤਾ ਹੈ।
ਕੈਪਟਨ ਅਮਰਿੰਦਰ ਨੇ ਜ਼ਮੀਨ ਦੇ ਬਹੁਤ ਘੱਟ ਹਿੱਸੇ ਦੇ ਬਾਵਜੂਦ ਭਾਰੀ ਮਾਤਰਾ 'ਚ ਕਣਕ ਤੇ ਚਾਵਲ ਦੀ ਪੈਦਾਵਾਰ ਕਰਨ ਵਾਲੇ ਸੂਬੇ ਦੀ ਤਸਵੀਰ 'ਚ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਤੇ ਬਦਹਾਲ ਖੇਤੀਬਾੜੀ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ, ਕਾਂਗਰਸ ਦੇ ਸੱਤਾ 'ਚ ਆਉਣ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਵੱਲੋਂ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕਰਨ ਸਬੰਧੀ ਆਪਣੇ ਵਾਅਦੇ ਨੂੰ ਦੁਹਰਾਇਆ।
ਕੈਪਟਨ ਅਮਰਿੰਦਰ ਨੇ ਛੋਟੇ ਕਿਸਾਨਾਂ ਲਈ ਖੇਤੀ ਨੂੰ ਲਾਭਦਾਇਕ ਧੰਦਾ ਬਣਾਉਣ ਵਾਸਤੇ ਨਵੀਆਂ ਫਸਲਾਂ ਨੂੰ ਲਿਆਉਣ ਸਮੇਤ ਹੋਰ ਕਈ ਕਦਮ ਚੁੱਕਣ ਦਾ ਵਾਅਦਾ ਕੀਤਾ।
ਉਨ੍ਹਾਂ ਨੇ ਖੁਲਾਸਾ ਕੀਤਾ ਕਿ ਪਿਛਲੀ ਕਾਂਗਰਸ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਸਾਰਿਆਂ ਵਿਕਾਸ ਪ੍ਰੋਜੈਕਟਾਂ ਨੂੰ ਅਕਾਲੀਆਂ ਨੇ ਰੋਕ ਦਿੱਤਾ ਸੀ। ਜਿਸ 'ਤੇ, ਕੈਪਟਨ ਅਮਰਿੰਦਰ ਨੇ ਅਕਾਲੀਆਂ ਉਪਰ ਗੰਭੀਰ ਵਿੱਤੀ ਘਾਟੇ ਤੇ ਸੂਬੇ ਦੀਆਂ ਜਾਇਦਾਦਾਂ ਨੂੰ ਗਹਿਣੇ ਰੱਖਦਿਆਂ, ਪੰਜਾਬ ਨੂੰ ਆਰਥਿਕ ਸੰਕਟ 'ਚ ਧਕੇਲਣ ਦਾ ਦੋਸ਼ ਲਗਾਇਆ।
ਕੈਪਟਨ ਅਮਰਿੰਦਰ ਨੇ ਪ੍ਰਕਾਸ਼ ਸਿੰਘ ਬਾਦਲ ਉਪਰ ਚੁਟਕੀ ਲੈਂਦਿਆਂ ਕਿਹਾ ਕਿ ਸੂਬੇ ਨੂੰ ਸੰਗਤ ਦਰਸ਼ਨਾਂ ਦੀ ਨਹੀਂ, ਸਗੋਂ ਆਧੁਨਿਕ ਆਰਥਿਕ ਪ੍ਰਬੰਧਾਂ ਦੀ ਲੋੜ ਹੈ, ਤਾਂ ਜੋ ਪੰਜਾਬ ਨੂੰ ਮੌਜ਼ੂਦਾ ਵਿੱਤੀ ਸੰਕਟ ਤੋਂ ਬਾਹਰ ਕੱਢਿਆ ਜਾ ਸਕੇ।
ਉਨ੍ਹਾਂ ਨੇ ਇਕ ਵਾਰ ਫਿਰ ਤੋਂ ਸੂਬੇ ਅੰਦਰ ਸਰਕਾਰ ਬਣਾਉਣ ਤੋਂ ਬਾਅਦ ਉਦਯੋਗਾਂ ਨੂੰ ਮੁੜ ਖੜ੍ਹਾ ਕਰਨ ਅਤੇ ਨੌਜ਼ਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਉਨ੍ਹਾਂ ਨੂੰ ਨੌਕਰੀਆਂ ਦੇਣ ਤੇ ਪੰਜਾਬ ਨੂੰ ਦੁਬਾਰਾ ਵਿਕਾਸ ਦੀ ਰਾਹ 'ਤੇ ਚਲਾਉਣ ਦਾ ਵਾਅਦਾ ਕੀਤਾ।