ਮਜੀਠਾ, 28 ਜਨਵਰੀ, 2017 : ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਸ: ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਉਮੀਦਵਾਰ ਬਣਾਉਣ 'ਤੇ ਟਿੱਪਣੀ ਕਰਦਿਆਂ ਨਵਜੋਤ ਸਿੰਘ ਸਿੱਧੂ 'ਤੇ ਵੱਡੀ ਚੋਟ ਕੀਤੀ ਹੈ। ਉਹਨਾਂ ਕਿਹਾ ਕਿ ਸਿੱਧੂ ਦਾ ਸੌਦਾ ਫਿਰ ਵਿਗੜ ਗਿਆ ਹੈ। ਉਹਨਾਂ ਸਿੱਧੂ ਨੂੰ ਮਾੜਾ-ਮੋਟਾ ਮਲਮਪਟੀ ਲਾ ਕੇ ਰੱਖਣ ਦਾ ਰਾਹੁਲ ਗਾਂਧੀ ਨੂੰ ਸੁਝਾਅ ਦਿੰਦਿਆਂ ਕਿਹਾ ਕਿ ਪਤਾ ਨਹੀਂ ਸਿੱਧੂ ਦਾ ਦਿਮਾਗ ਕੱਦ ਹਿੱਲ ਜਾਵੇ ਅਤੇ ਉਹ ਕਿਸੇ ਵੀ ਵਕਤ ਅਨਾਬਸ਼ਨਾਬ ਬੋਲਣ ਲਗ ਜਾਣ ਅਤੇ ਰਾਹੁਲ ਨੂੰ ਪੱਪੂ ਤੇ ਸੋਨੀਆ ਗਾਂਧੀ ਨੂੰ ਮੁੜ ਮੁਨੀ ਬਾਈ ਕਹਿ ਦੇਣ।
ਪਿੰਡ ਸੋਹੀਆਂ ਵਿਖੇ ਚੋਣ ਪ੍ਰਚਾਰ ਕਰ ਰਹੇ ਸ: ਮਜੀਠੀਆ ਨੇ ਪੱਤਰਕਾਰਾਂ ਵੱਲੋਂ ਕੈਪਟਨ ਦੇ ਐਲਾਨ ਤੋਂ ਬਾਅਦ ਸਿੱਧੂ ਦੇ ਸੁਪਨੇ ਚਕਨਾ ਚੂਰ ਹੋ ਜਾਣ ਬਾਰੇ ਪੁੱਛੇ ਜਾਣੇ 'ਤੇ ਕਿਹਾ ਕਿ ਹੁਣ ਸਿੱਧੂ ਕਾਂਗਰਸ ਵਿੱਚ ਰਹਿ ਜਾਵੇ ਇਹੀ ਬਹੁਤ ਵੱਡੀ ਗਲ ਹੋਵੇਗੀ। ਉਸ ਦਾ ਪਤਾ ਨਹੀਂ ਸਵੇਰੇ ਹੀ ਕਿਸੇ ਗੱਲੋਂ ਰੁੱਸ ਕੇ ਮੁੰਬਈ ਚਲਾ ਜਾਵੇ। ਉਹ ਦਾ ਕੀ ਹੈ, ਉੱਥੇ ਲਾਫਟਰ ਸ਼ੋਅ 'ਚ ਮੁੜ ਪੁੱਠੀਆਂ ਸਿੱਧੀਆਂ ਤਾੜੀਆਂ ਅਤੇ ਜਬਲੀਆਂ ਮਾਰਨ ਦਾ ਕੰਮ ਸ਼ੁਰੂ ਕਰ ਦੇਵੇਗਾ।ਕੈਪਟਨ ਵੱਲੋਂ ਗੱਠਜੋੜ ਨੂੰ ਘਟ ਸੀਟਾਂ ਦੇਣ ਬਾਰੇ ਉਹਨਾਂ ਵਿਅੰਗ ਕਸਦਿਆਂ ਕਿਹਾ ਕੈਪਟਨ ਕੋਲ ਅਜਿਹਾ ਕਿਹੜਾ ਥਰਮਾਮੀਟਰ ਹੈ ਜੋ ਲੋਕਾਂ ਦੇ ਅੰਦਰ ਦੀ ਗਲ ਜਾਣ ਲਵੇਗਾ। ਉਹਨਾਂ ਕਿਹਾ ਕਿ ਪਿਛਲੀ ਵਾਰ ਵੀ ਕੈਪਟਨ ਨੇ ਇਹੀ ਕੁੱਝ ਕਿਹਾ ਸੀ। 2006 'ਚ ਜਦ ਇਹ ਹੀ ਦਾਅਵਾ ਕੀਤਾ ਤਾਂ 2007 'ਚ ਗੱਠਜੋੜ ਦੀ ਲੋਕਾਂ ਸਰਕਾਰ ਬਣਾ ਦਿਤੀ, 2011 'ਚ ਇਹ ਹੀ ਗਲ ਦੁਹਰਾਈ ਗਈ ਅਤੇ 2012 'ਚ ਤਾਂ ਉਸ ਨੇ ਆਪਣੇ ਪਾਕਿਸਤਾਨੀ ਦੋਸਤਾਂ, ਸਹੇਲੀਆਂ ਇੱਥੋਂ ਤੱਕ ਕਿ ਬੈਂਡ-ਵਾਜੇ ਵਾਲੇ ਵੀ ਬੁਲਾ ਲਏ ਸਨ ਪਰ ਲੋਕਾਂ ਫਿਰ ਸ: ਬਾਦਲ 'ਤੇ ਵਿਸ਼ਵਾਸ ਜਤਾਇਆ ਤੇ ਉਸ ਦੀਆਂ ਸਭ ਤਿਆਰੀਆਂ ਧਰੀਆਂ ਧਰਾਈਆਂ ਰਹਿ ਗਈਆਂ। ਇਸ ਵਾਰ ਵੀ ਤਿਆਰੀ ਕਰ ਲਵੇ ਸਰਕਾਰ ਤਾਂ ਅਕਾਲੀ ਭਾਜਪਾ ਗੱਠਜੋੜ ਦੀ ਹੀ ਬਣਨੀ ਹੈ।ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਤੀਜੀ ਹਾਰ ਹੋਣ ਜਾ ਰਹੀ ਹੈ ਅਤੇ 4 ਫਰਵਰੀ ਤੋਂ ਬਾਅਦ ਕੋਈ ਚੋਣ ਨਾ ਲੜਣ ਦਾ ਐਲਾਨ ਕਰ ਚੁਕੇ ਕੈਪਟਨ ਨੂੰ ਆਪਣੇ ਵਾਅਦੇ ਮੁਤਾਬਕ ਸਿਆਸੀ ਸਨਿਆਸ ਲਈ ਤਿਆਰੀ ਕਰ ਲੈਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪੰਜਾਬ 'ਚ ਕਰਾਏ ਗਏ ਵਿਕਾਸ, ਭਾਈਚਾਰਕ ਸਾਂਝ ਦੀ ਮਜ਼ਬੂਤੀ ਅਤੇ ਅਮਨ ਕਾਨੂੰਨ ਦੀ ਵਧੀਆ ਵਿਵਸਥਾ ਸਦਕਾ ਗੱਠਜੋੜ ਦੀ ਪੰਜਾਬ ਵਿੱਚ ਤੀਜੀ ਵਾਰ ਸਰਕਾਰ ਬਣਨ ਜਾ ਰਹੀ ਹੈ।ਸ: ਮਜੀਠੀਆ ਨੇ ਕਿਹਾ ਕਿ ਕਾਂਗਰਸ ਅਤੇ ਟੋਪੀ ਵਾਲਿਆਂ ਦੇ ਉਮੀਦਵਾਰਾਂ ਕੋਲ ਵਿਕਾਸ ਦਾ ਕੋਈ ਏਜੰਡਾ ਨਹੀਂ ਹੈ ਉਹ ਸਿਰਫ਼ ਝੂਠ ਅਤੇ ਗੁਮਰਾਹਕੁਨ ਪ੍ਰਚਾਰ ਰਾਹੀਂ ਲੋਕਾਂ ਨੂੰ ਵਰਗਲਾ ਰਹੇ ਹਨ ਪਰ ਲੋਕ ਉਹਨਾਂ ਦੀਆਂ ਝੂਠੀਆਂ ਗੱਲਾਂ 'ਚ ਨਹੀਂ ਫਸਣਗੇ ਅਤੇ ਅਕਾਲੀ ਭਾਜਪਾ ਨੂੰ ਹੀ ਵੋਟ ਦੇਣਗੇ।ਸ: ਮਜੀਠੀਆ ਨੇ ਹਲਕਾ ਮਜੀਠਾ ਤੋਂ ਵਿਧਾਨ ਸਭਾ ਲਈ ਤਕੜੀ ਅਤੇ ਲੋਕ ਸਭਾ ਲਈ ਰਜਿੰਦਰ ਮੋਹਨ ਛੀਨਾ ਨੂੰ ਕਮਲ ਦੇ ਫੁੱਲ ਨੂੰ ਵੋਟ ਕਰ ਕੇ ਵਿਰੋਧੀਆਂ ਦੀਆਂ ਜ਼ਮਾਨਤਾਂ ਜ਼ਬਤ ਕਰਾ ਦੇਣ ਦੀ ਲੋਕਾਂ ਨੂੰ ਅਪੀਲ ਕੀਤੀ। ਇਸ ਮੌਕੇ ਸ: ਮਜੀਠੀਆ ਵਲੋਂ ਕਰਾਏ ਗਏ ਵਿਕਾਸ ਤੋਂ ਪ੍ਰਭਾਵਿਤ ਹੁਦਿਆਂ 35 ਪਰਿਵਾਰਾਂ ਨੇ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਐਨਾਲ ਕੀਤਾ। ਇਸ ਮੌਕੇ ਸਰਬਜੀਤ ਸਿੰਘ ਸਪਾਰੀਵਿੰਡ, ਗਗਨਦੀਪ ਸਿੰਘ, ਸਰਪੰਚ ਨਿਸ਼ਾਨ ਸਿੰਘ ਸੋਹੀਆਂ, ਕੁਲਦੀਪ ਸਿੰਘ, ਗੋਪਾਲ ਸਿੰਘ, ਮੁਖਤਾਰ ਸਿੰਘ, ਤਰਸੇਮ ਸਿੰਘ, ਲਖਵੰਤ ਸਿੰਘ, ਪ੍ਰਮਜੀਤ ਸਿੰਘ ਯੂ ਕੇ, ਰਾਜਵੰਤ ਕੌਰ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।