-ਕਿਸਾਨਾਂ ਨੂੰ ਦਿਵਾਈ ਜਾਵੇਗੀ ਕਰਜ਼ੇ ਤੋਂ ਮੁਕਤੀ
-ਨਸ਼ੇ ਦੇ ਸੌਦਾਗਰਾਂ ਨੂੰ ਜੇਲਾਂ ਵਿਚ ਸੁੱਟਿਆ ਜਾਵੇਗਾ
-ਪਿੰਡ ਮਹਿਣਾ ਵਿਖੇ ਯੂਥ ਅਕਾਲੀ ਦਲ ਕੇ ਆਗੂ ‘ਆਪ’ ਵਿਚ ਸ਼ਾਮਲ
ਫੱਤੂਖੇੜਾ (ਲੰਬੀ), 28 ਜਨਵਰੀ, 2017 : ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਲਕਾ ਲੰਬੀ ਤੋਂ ਉਮੀਦਵਾਰ ਜਰਨੈਲ ਸਿੰਘ ਦੇ ਹੱਕ ਵਿਚ ਲੰਬੀ ਹਲਕੇ ਦੇ ਪਿੰਡ ਫੱਤੂਖੇੜਾ, ਪੰਨੀਵਾਲਾ, ਸਿੱਖ ਵਾਲਾ, ਮਹਿਣਾ ਅਤੇ ਹੋਰ ਕਈ ਥਾਵਾਂ ’ਤੇ ਭਰਵੀਂਆਂ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਚ ਹੁਣ ਬਦਲੇ ਦੀ ਭਾਵਨਾ ਨਾਲ ਲੋਕਾਂ ’ਤੇ ਕੀਤੇ ਜਾਣ ਵਾਲੇ ਝੂਠੇ ਪੁਲਸ ਕੇਸਾਂ ਦਾ ਸਮਾਂ ਬੀਤ ਗਿਆ ਹੈ ਅਤੇ ਹੁਣ ਆਮ ਲੋਕਾਂ ਦੀ ਬਜਾਇ ਕੈਪਟਨ, ਬਾਦਲਾਂ ਅਤੇ ਮਜੀਠਿਆ ਵਰਗਿਆਂ ’ਤੇ ਪੁਲਸ ਕੇਸ ਦਰਜ਼ ਹੋਣਗੇ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਬਦਲਾਖੋਰੀ ਦੀ ਭਾਵਨਾ ਨਾਲ ਨੌਜਵਾਨਾਂ ’ਤੇ ਦਰਜ਼ ਕਰਵਾਏ ਸਾਰੇ ਝੂਠੇ ਪੁਲਸ ਕੇਸ ਰੱਦ ਕੀਤੇ ਜਾਣਗੇ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿੱਚੋਂ ਬਾਦਲਾਂ ਅਤੇ ਕੈਪਟਨ ਦਾ ਨਾਮੋਨਿਸ਼ਾਨ ਤੱਕ ਮਿਟ ਜਾਵੇਗਾ।
ਕੇਜਰੀਵਾਲ ਨੇ ਕਿਹਾ ਕਿ ਹੁਣ ਬਾਦਲਾਂ ਅਤੇ ਕੈਪਟਨ ਦੇ ਪਾਪਾਂ ਦਾ ਘੜਾ ਭਰ ਗਿਆ ਹੈ ਅਤੇ ਹੁਣ ਪੰਜਾਬ ਅਤੇ ਪੰਜਾਬੀਆਂ ਨੂੰ ਵਾਰੀ-ਵਾਰੀ ਲੁੱਟਣ ਵਾਲੇ ਇੰਨਾਂ ਲੁਟੇਰਿਆਂ ਨੂੰ ਲੋਕ ਮਾਫ ਨਹੀ ਕਰਣਗੇ। ਉਨਾਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਦੀ ਮਿਲੀਭੁਗਤ ਹੁਣ ਪੰਜਾਬ ਦੇ ਲੋਕਾਂ ਨੂੰ ਸਕਝ ਆ ਚੁੱਕੀ ਹੈ ਅਤੇ ਇੰਨਾਂ ਚੋਣਾਂ ਵਿਚ ਪੰਜਾਬ ਦੇ ਅਣਖੀ ਲੋਕ ਇੰਨਾਂ ਦੋਹਾਂ ਕਾਰੋਬਾਰੀ ਘਰਾਣਿਆਂ ਦਾ ਬੋਰੀ-ਬਿਸਤਰਾ ਗੋਲ ਕਰ ਦੇਣਗੇ। ਉਨਾਂ ਲੋਕਾਂ ਦੀ ਅਪੀਲ ਕੀਤੀ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਰਾਖੀ ਲਈ ਉਹ ਆਉਂਦੀ 4 ਫਰਵਰੀ ਨੂੰ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਸੂਬੇ ਵਿਚ ਆਮ ਲੋਕਾਂ ਦੀ ਸਰਕਾਰ ਦਾ ਗਠਨ ਕਰਨ। ਇਸ ਮੌਕੇ ’ਤੇ ਪਿੰਡ ਮਹਿਣਾ ਵਿਖੇ ਯੂਥ ਅਕਾਲੀ ਦਲ ਦੇ ਵੱਡੀ ਗਿਣਤੀ ਆਗੂ ਅਤੇ ਵਰਕਰ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਜਿੰਨਾਂ ਦਾ ਸ਼੍ਰੀ ਕੇਜਰੀਵਾਲ ਨੇ ਨਿੱਘਾ ਸਵਾਗਤ ਕੀਤਾ।
ਲੋਕਾਂ ਦੇ ਭਾਰੀ ਇਕੱਠਾਂ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਤੋਂ ਇਲਾਵਾ ਕਿਸਾਨਾਂ ਨੂੰ ਫਸਲਾਂ ਦਾ ਪੂਰਾ ਮੁੱਲ ਦਿਵਾਇਆ ਜਾਵੇਗਾ ਜਿਸ ਨਾਲ ਕਿਸਾਨਾਂ ਦੀ ਆਰਥਿਤ ਹਾਲਤ ਮਜਬੂਤ ਹੋਵੇਗੀ ਅਤੇ ਕੋਈ ਕਿਸਾਨ ਖੁਦਕੁਸ਼ੀ ਨਹੀ ਕਰੇਗਾ। ਵਪਾਰੀਆਂ ਨੂੰ ਭਾਰੀ ਟੈਕਸਾਂ ਤੋਂ ਇਲਾਵਾ ਇੰਸਪੈਕਟਰੀ ਰਾਜ ਤੋਂ ਵੀ ਮੁਕਤੀ ਦਿਵਾਈ ਜਾਵੇਗੀ। ਉਨਾਂ ਕਿਹਾ ਕਿ ਪੰਜਾਬ ਵਿਚ ਅਨੇਕਾਂ ਵਾਰ ਹੋਈ ਸ਼੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਦੀ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਖਤ ਸਜਾ ਦਿਵਾਈ ਜਾਵੇਗੀ। ਉਨਾਂ ਕਿਹਾ ਕਿ ਪੰਜਾਬ ਵਿਚੋਂ ਨਸ਼ਾ ਸਮਾਪਤ ਕਰਨ ਦੇ ਨਾਲ-ਨਾਲ ਪੰਜਾਬ ਦੇ ਨਸ਼ੇ ਦੀ ਦਲਦਲ ਵਿਚ ਫਸੇ ਨੌਜਵਾਨਾਂ ਦਾ ਵੱਡੇ ਪੱਧਰ ’ਤੇ ਮੁਫਤ ਇਲਾਜ਼ ਕਰਵਾਇਆ ਜਾਵੇਗਾ ਅਤੇ ਉਨਾਂ ਨੂੰ ਮੁੱਖ ਧਾਰਾ ਵਿਚ ਲਿਆਂਦਾ ਜਾਵੇਗਾ ਤਾਂ ਜੋ ਉਹ ਪੰਜਾਬ ਦੀ ਤਰੱਕੀ ਲਈ ਕੰਮ ਕਰ ਸਕਣ।
ਉਨਾਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ 25 ਲੱਖ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ, ਵੱਡੇ ਪੱਧਰ ’ਤੇ ਉਦਯੋਗਿਕ ਇਕਾਈਆਂ ਸਥਾਪਤ ਕਰਕੇ ਵੀ ਪੰਜਾਬ ਦੇ ਹੀ ਨੌਜਵਾਨਾਂ ਨੂੰ ਰੁਜਗਾਰ ਮੁਹੱਈਆ ਕਰਵਾਇਆ ਜਾਵੇਗਾ। ਬਜੁਰਗ, ਵਿਧਵਾ ਅਤੇ ਵਿਕਲਾਂਗਾਂ ਨੂੰ 2500 ਰੁਪਏ ਪੈਂਸ਼ਨ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਨਸ਼ੇ ਦੇ ਸੌਦਾਗਰ ਮਜੀਠਿਆ ਅਤੇ ਉਸਦੇ ਹੋਰ ਸਾਥੀਆਂ ਨੂੰ 15 ਅਪ੍ਰੈਲ ਤੱਕ ਜੇਲ ਵਿਚ ਵਿਚ ਸੁੱਟਿਆ ਜਾਵੇਗਾ। ਬਦਲੇ ਦੀ ਭਾਵਨਾ ਨਾਲ ਆਮ ਲੋਕਾਂ ’ਤੇ ਕੀਤੇ ਗਏ ਪੁਲਸ ਕੇਸ ਰੱਦ ਕੀਤੇ ਜਾਣਗੇ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਵਾਅਦਿਆਂ ਅਨੁਸਾਰ ਪਿੰਡਾਂ ਅਤੇ ਸ਼ਹਿਰਾਂ ਦੇ ਹਰ ਮੁਹੱਲੇ ਵਿਚ ਆਧੁਨਿਕ ਕਲੀਨਿਕ ਖੋਲੇਗੀ ਜਿਥੇ ਇਲਾਜ਼ ਅਤੇ ਟੈਸਟ ਮੁਫਤ ਕੀਤੇ ਜਾਣਗੇ। ਪੰਜਾਬ ਦੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਨਾ ਕੇਵਲ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਿਆ ਜਾਵੇਗਾ ਬਲਕਿ ਆਧੁਨਿਕ ਸਰਕਾਰੀ ਸਕੂਲਾਂ ਦਾ ਨਿਰਮਾਣ ਵੀ ਕਰਵਾਇਆ ਜਾਵੇਗਾ। ਸਾਰੇ ਸਰਕਾਰੀ ਵਿਭਾਗਾਂ ਵਿਚੋਂ ਭਿ੍ਰਸ਼ਟਾਚਾਰ ਅਤੇ ਰਿਸ਼ਵਤਖੋਰੀ ਬੰਦ ਕੀਤੀ ਜਾਵੇਗੀ ਅਤੇ ਪੰਜਾਬ ਦੀ ਖੁਸ਼ਹਾਲੀ ਨੂੰ ਵਾਪਸ ਲਿਆਂਦਾ ਜਾਵੇਗਾ।
ਇਸ ਮੌਕੇ ’ਤੇ ਪਾਰਟੀ ਉਮੀਦਵਾਰ ਜਰਨੈਲ ਸਿੰਘ ਨੇ ਕਿਹਾ ਕਿ ਬਾਦਲ ਅਤੇ ਕੈਪਟਨ ਪੰਜਾਬ ਵਿਚ ਰਾਜਨੀਤੀ ਦੇ ਖੇਡ ਮਿਲਕੇ ਖੇਡ ਰਹੇ ਹਨ। ਬਾਦਲ ਨੂੰ ਬਚਾਉਣ ਲਈ ਹੀ ਕੈਪਟਨ ਲੰਬੀ ਤੋਂ ਚੋਣ ਲੜਣ ਲਈ ਆਇਆ ਹੈ। ਉਨਾਂ ਕਿਹਾ ਕਿ ਲੋਕ ਇਸ ਵਾਰ ਇੰਨਾਂ ਦੀ ਖੇਡ ਖਰਾਬ ਕਰ ਦੇਣਗੇ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਬਾਦਲਾਂ ਦੇ ਗੰੁਡਾਰਾਜ ਨੂੰ ਸਮਾਪਤ ਕੀਤਾ ਜਾਵੇਗਾ ਅਤੇ ਗੁੰਡਿਆਂ ਨੂੰ ਸ਼ਹਿ ਦੇਣ ਵਾਲੇ ਦਿਆਲ ਸਿੰਘ ਕੋਲਿਆਂਵਾਲੀ, ਤੇਜਿੰਦਰ ਸਿੰਘ ਮਿੱਡੂਖੇੜਾ ਅਤੇ ਹੋਰਨਾਂ ਗੁੰਡਿਆਂ ਤੋਂ ਲੋਕਾਂ ਨੂੰ ਮੁਕਤੀ ਦਿਵਾਈ ਜਾਵੇਗੀ। ਉਨਾਂ ਕਿਹਾ ਕਿ ਪੰਜਾਬ ਅਤੇ ਖਾਸ ਕਰਕੇ ਸਿੱਖੀ ਦਾ ਜਿੰਨਾਂ ਨੁਕਸਾਨ ਬਾਦਲਾਂ ਨੇ ਕੀਤਾ ਹੈ ਓਨਾ ਕਿਸੇ ਨੇ ਨਹੀ ਕੀਤਾ।
ਉਨਾਂ ਕਿਹਾ ਕਿ ਪੰਜਾਬ ਵਿਚ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਅੱਜ ਤੱਕ ਗਿ੍ਰਫਤਾਰ ਨਹੀ ਕੀਤੀ ਗਿਆ ਜਿਸਤੋਂ ਸਾਬਤ ਹੁੰਦਾ ਹੈ ਕਿ ਅਕਾਲੀ ਦਲ ਆਪਣੀ ਪੰਜਾਬ ਨੂੰ ਲੈ ਕੇ ਕਿੰਨਾ ਗੰਭੀਰ ਹੈ। ਉਨਾਂ ਕਿਹਾ ਕਿ ਕਾਂਗਰਸ ਨੇ ਵੀ ਹਮੇਸ਼ਾ ਪੰਜਾਬ ਨਾਲ ਧੋਖਾ ਕੀਤਾ ਹੈ। ਚਾਹੇ ਉਹ ਪਾਣੀਆਂ ਦਾ ਮਸਲਾ ਹੋਵੇ ਜਾਂ ਕੋਈ ਵੀ ਵੱਡੀ ਰਾਹਤ ਦੇਣ ਦਾ, ਕਾਂਗਰਸ ਹਮੇਸ਼ਾਂ ਪੰਜਾਬ ਅਤੇ ਪੰਜਾਬੀਆਂ ਨਾਲ ਭੇਦਭਾਵ ਕਰਦੀ ਆਈ ਹੈ। ਹੁਣ ਲੋਕ ਇੰਨਾਂ ਦੋਹਾਂ ਪਾਰਟੀਆਂ ਨੂੰ ਇੰਨਾ ਦੀ ਅਸਲੀ ਜਗਾ ਦਿਖਾਉਣ ਲਈ ਕਾਹਲੇ ਹਨ।