ਚੰਡੀਗੜ੍ਹ, 28 ਜਨਵਰੀ, 2017 : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਪੱਖ ਵਿੱਚ ਰਾਜਨੀਤਿਕ ਸੁਨਾਮੀ ਦੇ ਦਰਮਿਆਨ ਪਾਰਟੀ ਨੇ ਅੱਜ ਵਿਲੱਖਣ ਅਭਿਆਨ ਚਲਾਇਆ, ਜਿਸ ਵਿੱਚ ਪੰਜਾਬ ਦੇ ਸਾਰੇ ਸ਼ਹਿਰਾਂ ਦੇ ਚੌਰਾਹਿਆਂ ਉਤੇ ਸੈਂਕੜੇ ਕੇਜਰੀਵਾਲ ਵਿਖਾਈ ਦਿੱਤੇ। ਅੰਮਿ੍ਰਤਸਰ, ਪਠਾਨਕੋਟ, ਜਲੰਧਰ, ਬਠਿੰਡਾ ਅਤੇ ਪਟਿਆਲਾ ਸ਼ਹਿਰਾਂ ਦੇ ਨਿਵਾਸਿਆਂ ਨੂੰ ਚੌਕਾਉਂਦਿਆਂ ਪ੍ਰਮੁੱਖ ਚੌਰਾਹਿਆਂ ਉਤੇ ਸੈਂਕੜੇ ਕੇਜਰੀਵਾਲ ਪ੍ਰਚਾਰ ਕਰਦੇ ਵੇਖੇ ਗਏ। ਪੰਜਾਬ ਵਿੱਚ ਇਸ ਤਰਾਂ ਦੇ ਕੀਤੇ ਗਏ ਚੋਣ ਪ੍ਰਚਾਰ ਨੂੰ ਰਾਹਗੀਰਾਂ ਨੇ ਰੁਕ-ਰੁਕ ਕੇ ਵੇਖਿਆ ਅਤੇ ਕਈ ਵਾਰ ਤਾਂ ਉਨਾਂ ਨੇ ਲੰਘਣ ਦਾ ਸਿਗਨਲ ਤੱਕ ਮਿਸ ਕਰ ਦਿੱਤਾ।
ਹੱਥਾਂ ਵਿੱਚ ਝਾੜੂ ਅਤੇ ਚਿਹਰੇ ਉਤੇ ਅਰਵਿੰਦ ਕੇਜਰੀਵਾਲ ਦੇ ਮਖੌਟੇ ਪਹਿਨੇ ਹੋਏ ਆਮ ਆਦਮੀ ਪਾਰਟੀ ਦੇ ਸੈਂਕੜੇ ਵਲੰਟੀਅਰਾਂ ਵੱਲੋਂ “ਝਾੜੂ ਵਾਲਾ ਬਟਨ ਦਬਾ ਦਿਓ ਪੰਜਾਬੀਆਂ, ਬਾਦਲਾਂ ਨੂੰ ਸਬਕ ਸਿਖਾ ਦਿਓ ਪੰਜਾਬੀਓ” ਦਾ ਨਾਅਰਾ ਲਗਾਇਆ ਗਿਆ। ਲੋਕਾਂ ਨੇ ਇਸ ਵਿਲੱਖਣ ਅਭਿਆਨ ਨੂੰ ਬਹੁਤ ਪਸੰਦ ਕੀਤਾ ਅਤੇ ਆਮ ਆਦਮੀ ਪਾਰਟੀ ਦੇ ਗੀਤ ਉਤੇ ਡਾਂਸ ਵੀ ਕੀਤਾ। ਕਈ ਲੋਕ ਤਾਂ ਕੇਜਰੀਵਾਲ ਦੇ ਚਿਹਰੇ ਵਾਲਾ ਮਖੌਟਾ ਤੱਕ ਮੰਗਦੇ ਹੋਏ ਵੀ ਵਿਖਾਈ ਦਿੱਤੇ।
ਆਮ ਆਦਮੀ ਪਾਰਟੀ ਦੇ ਜਲੰਧਰ (ਕੇਂਦਰੀ) ਤੋਂ ਉਮੀਦਵਾਰ ਡਾ. ਸੰਜੀਵ ਸ਼ਰਮਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਵੇਰੇ ਅਤੇ ਸ਼ਾਮ ਵੇਲੇ ਪੂਰੇ ਸੂਬੇ ਵਿੱਚ ਇਸ ਤਰਾਂ ਦਾ ਅਨੋਖਾ ਪ੍ਰਚਾਰ ਕਰ ਰਹੇ ਹਨ। ਇਸ ਅਭਿਆਨ ਨੂੰ ਸਫਲ ਦਸਦਿਆਂ ਉਨਾਂ ਕਿਹਾ ਕਿ ਰਾਹਗੀਰਾਂ ਨੇ ਵਲੰਟੀਅਰਾਂ ਦੇ ਨਾਲ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਉਤੇ ਵੀ ਚਰਚਾ ਕੀਤੀ।
ਆਮ ਆਦਮੀ ਪਾਰਟੀ ਦੇ ਜਲੰਧਰ (ਕੈਂਟ) ਤੋਂ ਉਮੀਦਵਾਰ ਐਚਐਸ ਵਾਲੀਆ ਨੇ ਕਿਹਾ ਕਿ ਚੌਰਾਹਿਆਂ ਤੋਂ ਗੁਜਰਦੇ ਲੋਕਾਂ ਦੇ ਉਤਸ਼ਾਹ ਅਤੇ ਸਮਰਥਨ ਨੂੰ ਵੇਖਦਿਆਂ ਬਹੁਤ ਆਸਾਨੀ ਨਾਲ ਇਹ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ 4 ਫਰਵਰੀ ਨੂੰ ਪੈਣ ਵਾਲੀਆਂ ਵੋਟਾਂ ਦਾ ਨਤੀਜਾ ਕੀ ਹੋਵੇਗਾ।
ਇਸ ਦੌਰਾਨ ਵਲੰਟੀਅਰਾਂ ਨੇ “ਇਸ ਵਾਰ ਚੱਲੇਗਾ ਪੰਜਾਬ ਵਿੱਚ ਝਾੜੂ “ ਜਿਹੇ ਸੰਦੇਸ਼ ਦੇ ਬੈਨਰ ਫੜੇ ਹੋਏ ਸਨ ਅਤੇ ਇਨਾਂ ਉਤੇ ਮੀਡੀਆ ਦੀਆਂ ਉਨਾਂ ਰਿਪੋਰਟਾਂ ਨੂੰ ਵੀ ਲਗਾਇਆ ਗਿਆ ਸੀ, ਜਿਸ ਵਿੱਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਬਹੁਮਤ ਮਿਲਣ ਬਾਰੇ ਦਰਸਾਇਆ ਗਿਆ ਸੀ।