← ਪਿਛੇ ਪਰਤੋ
ਚੰਡੀਗੜ੍ਹ, 28 ਜਨਵਰੀ, 2017 : ਆਮ ਆਦਮੀ ਪਾਰਟੀ ਦੇ ਮਜੀਠਾ ਤੋਂ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਨੇ ਕਾਂਗਰਸ ਦੇ ਰਾਸ਼ਟਰੀ ਉਪ ਪ੍ਰਧਾਨ ਰਾਹੁਲ ਗਾਂਧੀ ਅਤੇ ਪੰਜਾਬ ਕਾਂਗਰਸ ਮੁਖੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਜੀਠਾ ਵਿਖੇ ਕਾਂਗਰਸ ਰੈਲੀ ਦੌਰਾਨ ਬਿਕਰਮ ਸਿੰਘ ਮਜੀਠੀਆ ਦਾ ਨਾਮ ਇਕ ਵਾਰ ਵੀ ਨਾ ਲੈਣ ਦਾ ਦੋਸ਼ ਲਗਾਉਦਿਆ ਕਿਹਾ ਕਿ ਇਸ ਤੋਂ ਕਾਂਗਰਸੀਆਂ ਅਤੇ ਅਕਾਲੀਆਂ ਦੀ ਮਿਲੀਭੁਗਤ ਜਗਜਾਹਿਰ ਹੁੰਦੀ ਹੈ। ਪ੍ਰੈਸ ਨੂੰ ਜਾਰੀ ਬਿਆਨ ਵਿਚ ਸ਼ੇਰਗਿੱਲ ਨੇ ਕਿਹਾ ਕਿ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਨੂੰ ਨਸ਼ਾ ਮੁਕਤ ਕਰਨ ਸੰਬੰਧੀ ਵੱਡੇ ਵੱਡੇ ਬਿਆਨ ਦੇ ਰਹੇ ਹਨ ਪਰੰਤੂ ਪੰਜਾਬ ਵਿਚ ਨਸ਼ੇ ਦੇ ਤਸ਼ਕਰ ਬਿਕਰਮ ਮਜੀਠੀਆ ਖਿਲਾਫ ਇਕ ਸ਼ਬਦ ਵੀ ਨਾ ਬੋਲਣਾ ਉਨਾਂ ਦੀ ਨਸ਼ਾ ਖਤਮ ਕਰਨ ਦੇ ਦਾਅਵੇ ਦੀ ਫੂਕ ਕੱਢਦਾ ਹੈ। ਉਨਾਂ ਕਿਹਾ ਕਿ ਕਾਂਗਰਸ ਕੋਲੋਂ ਬਿਕਰਮ ਮਜੀਠੀਆ ਅਤੇ ਨਸ਼ੇ ਦੇ ਧੰਦੇ ਵਿਚ ਲਿਪਤ ਹੋਰ ਅਕਾਲੀ ਆਗੂਆਂ ਖਿਲਾਫ ਕਾਰਵਾਈ ਦੀ ਉਮੀਦ ਰੱਖਣਾ ਮੁਰਖਤਾ ਹੈ। ਆਪ ਆਗੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੋਟਾਂ ਪ੍ਰਾਪਤ ਕਰਨ ਲਈ ਨਸ਼ੇ ਦੇ ਮੁੱਦੇ ਉਤੇ ਫਾਲਤੂ ਬਿਆਨਬਾਜੀ ਕਰ ਰਹੇ ਹਨ ਪਰੰਤੂ ਸਚਾਈ ਇਹ ਹੈ ਕਿ ਉਨਾਂ ਨੇ ਮਜੀਠੀਏ ਨੂੰ ਨਸ਼ੇ ਤਸਕਰੀ ਦੇ ਕੇਸ ਵਿਚ ਸੀਬੀਆਈ ਜਾਂਚ ਤੋਂ ਬਚਾਇਆ ਸੀ। ਸ਼ੇਰਗਿੱਲ ਨੇ ਕਿਹਾ ਕਿ ਹੁਣ ਇਹ ਜਗਜਾਹਿਰ ਹੈ ਕਿ ਅਕਾਲੀ ਅਤੇ ਕਾਂਗਰਸੀ ਪੰਜਾਬ ਵਿਚ ਚੋਣਾਂ ਮਿਲਕੇ ਲੜ ਰਹੇ ਹਨ। ਦੋਵਾਂ ਪਾਰਟੀਆਂ ਦੇ ਆਗੂ ਇਕ ਦੂਸਰੇ ਨੂੰ ਆਪਣੇ ਸਿਆਸੀ ਹਿੱਤਾਂ ਅਤੇ ਸੱਤਾ ਪ੍ਰਾਪਤੀ ਲਈ ਬਚਾ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਇਸ ਸਮੇਂ ਤਬਦੀਲੀ ਚਾਹੁੰਦਾ ਹੈ ਅਤੇ ਆਮ ਆਦਮੀ ਪਾਰਟੀ ਅਜਿਹਾ ਕਰਨ ਦੇ ਕਾਬਿਲ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ 2017 ਵਿਚ ਭਾਰੀ ਬਹੁਮਤ ਨਾਲ ਜਿੱਤ ਕੇ ਆਮ ਲੋਕਾਂ ਦੀ ਸਰਕਾਰ ਬਣਾਵੇਗੀ।
Total Responses : 265