ਬਠਿੰਡਾ, 28 ਜਨਵਰੀ, 2017 : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਠਿੰਡਾ ਵਿਖੇ ਪਾਰਟੀ ਉਮੀਦਵਾਰ ਦੀਪਕ ਬਾਂਸਲ ਦੇ ਹੱਕ ਵਿਚ ਇਕ ਭਰਵੀਂ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬੀਆਂ ਨੂੰ ਹੋਕਾ ਦਿੱਤਾ ਕਿ ਉਹ ਬਾਦਲਾਂ ਅਤੇ ਕੈਪਟਨ ਦੇ ਗੱਠਜੋੜ ਨੂੰ ਜੜਾਂ ਤੋਂ ਪੁੱਟ ਸੁੱਟਣ। ਭਾਰੀ ਠੰਡ ਦੇ ਬਾਵਜੂਦ ਹਜ਼ਾਰਾਂ ਹੀ ਇਲਾਕਾ ਨਿਵਾਸੀਆਂ ਨੇ ਰੈਲੀ ਵਿਚ ਸ਼ਿਰਕਤ ਕੀਤੀ। ਕੇਜਰੀਵਾਲ ਨੇ ਕਿਹਾ ਕਿ ਬਠਿੰਡਾ ਸ਼ਹਿਰ ਦੇ ਵਪਾਰੀਆਂ ਦੀ ਗੱਲ ਕਰਦਿਆਂ ਕਿਹਾ ਕਿ ਵਪਾਰੀਆਂ ਦੀਆਂ ਮੁਸ਼ਕਿਲਾਂ ਅਤੇ ਮਸਲਿਆਂ ਨੂੰ ਉਨਾਂ ਤੋਂ ਵੱਧ ਕੋਈ ਵੀ ਸਿਆਸਤਦਾਨ ਨਹੀ ਸਮਝ ਸਕਦਾ। ਉਨਾਂ ਕਿਹਾ ਕਿ ਉਨਾਂ ਦੇ ਦਾਦਾ, ਚਾਚੇ, ਮਾਮੇ ਅਤੇ ਹੋਰ ਕਈ ਪਰਿਵਾਰਕ ਮੈਂਬਰ ਵੀ ਵਪਾਰੀ ਰਹੇ ਅਤੇ ਹਨ। ਜਿਸ ਕਰਕੇ ਮੈਂ ਵਪਾਰੀਆਂ ਦੀ ਮਨੋਦਸ਼ਾ ਸਭ ਤੋਂ ਵੱਧ ਸਮਝਦਾ ਹਾਂ। ਉਹ ਖੁਦ ਇਨਕਮ ਟੈਕਸ ਵਿਭਾਗ ਵਿਚ ਰਹਿੰਦਿਆਂ ਵਪਾਰੀਆਂ ਦੀਆਂ ਮੁਸ਼ਕਿਲਾਂ ਨੂੰ ਨੇੜੇ ਤੋਂ ਵੇਖ ਚੁੱਕੇ ਹਨ। ਇਸ ਕਰਕੇ ਵਪਾਰੀਆਂ ਦੀਆਂ ਮੁਸ਼ਕਿਲਾਂ ਨੂੰ ਉਹ ਪਹਿਲ ਦੇ ਅਧਾਰ ’ਤੇ ਹੱਲ ਕਰਣਗੇ। ਉਨਾਂ ਕਿਹਾ ਕਿ ਦਿੱਲੀ ਦੀ ਤਰਜ਼ ’ਤੇ ਵਪਾਰੀਆਂ ਨੂੰ ਨਾ ਕੇਵਲ ਟੈਕਸਾਂ ਦੇ ਭਾਰੀ ਬੋਝ ਤੋਂ ਰਾਹਤ ਦਿੱਤੀ ਜਾਵੇਗੀ ਬਲਕਿ ਉਨਾਂ ਨੂੰ ਇੰਸਪੈਕਟਰੀ ਰਾਜ ਤੋਂ ਵੀ ਮੁਕਤੀ ਦਿਵਾਈ ਜਾਵੇਗੀ।
ਪੰਜਾਬ ਵਿਚ ਅਕਾਲੀ ਅਤੇ ਕਾਂਗਰਸੀ ਪਿਛਲੇ ਕਈ ਦਹਾਕਿਆਂ ਤੋਂ ਇਕ ਫ੍ਰੈਡਲੀ ਮੈਚ ਖੇਡ ਰਹੇ ਹਨ ਅਤੇ ਹੁਣ ਸਮਾ ਆ ਗਿਆ ਹੈ ਕਿ ਇੰਨਾਂ ਦੀ ਖੇਡ ਖਰਾਬ ਕੀਤੀ ਜਾਵੇ। ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਇਕ ਇਮਾਨਦਾਰ ਅਤੇ ਸਾਫ ਨੀਅਤ ਵਾਲੀ ਸਰਕਾਰ ਦਾ ਬਦਲ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਕਿ ਇਹ ਦੋਨੋਂ ਪਾਰਟੀਆਂ ਪੰਜਾਬੀਆਂ ਨੂੰ ਵਾਰੀ ਵਾਰੀ ਲੁੱਟਣ ਦਾ ਕੰਮ ਕਰਦੀਆਂ ਰਹੀਆਂ ਹਨ ਪਰੰਤੂ ਹੁਣ ਪੰਜਾਬੀ ਇੰਨਾਂ ਦੀ ਅਸਲੀਅਤ ਜਾਣ ਚੁੱਕੇ ਹਨ। ਪੰਜਾਬ ਦੇ ਲੋਕ ਇਸ ਵਾਰ ਬਾਦਲਾਂ ਅਤੇ ਕੈਪਟਨਾ ਦੇ ਨਾਲ ਨਾਲ ਇੰਨਾਂ ਦੇ ਸਾਰੇ ਟੋਲਿਆਂ ਦੀਆਂ ਜਮਾਨਤਾਂ ਜਬਤ ਕਰਵਾ ਦੇਣਗੇ।
ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਭਾਰਤ ਵਿਚ ਸਭ ਤੋਂ ਸਸਤੀ ਬਿਜਲੀ ਦਿੱਤੀ ਜਾ ਰਹੀ ਹੈ ਜਦੋਂ ਕਿ ਪੰਜਾਬ ਦੇ ਲੋਕਾਂ ਨੂੰ ਸਰਕਾਰ ਦੇਸ਼ ਵਿਚ ਸਭ ਤੋਂ ਮਹਿੰਗੀ ਬਿਜਲੀ ਦੇ ਰਹੀ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਪੰਜਾਬ ਦੇ ਲੋਕਾਂ ਨੂੰ ਬਿਜਲੀ ਸਸਤੀਆਂ ਦਰਾਂ ’ਤੇ ਦਿੱਤੀ ਜਾਵੇਗੀ। ਸ਼੍ਰੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ ਲੋਕਾਂ ਨੂੰ ਆਧੁਨਿਕ ਇਲਾਜ ਸੁਵਿਧਾ ਦੇਣ ਲਈ ਹਰ ਮੁਹੱਲੇ ਵਿਚ ਕਲੀਨਿਕ ਖੋਲੇ ਗਏ ਹਨ ਅਤੇ ਇਸੇ ਤਰਜ਼ ’ਤੇ ਪੰਜਾਬ ਦੇ ਹਰ ਮੁਹੱਲੇ ਅਤੇ ਹਰ ਪਿੰਡ ਵਿਚ ਵੀ ਆਧੁਨਿਕ ਡਿਸਪੈਂਸਰੀਆਂ ਖੋਲੀਆਂ ਜਾਂਣਗੀਆਂ ਜਿਥੇ ਦਵਾਈਆਂ ਅਤੇ ਟੈਸਟ ਮੁਫਤ ਕੀਤੇ ਜਾਣਗੇ। ਉਨਾਂ ਕਿਹਾ ਕਿ ਪੰਜਾਬ ਵਿਚ ਸਿੱਖਿਆ ਦਾ ਮਿਆਰ ਲਗਾਤਾਰ ਡਿੱਗਿਆ ਹੈ ਜਦੋਂ ਕਿ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ 250 ਨਵੇਂ ਅਤੇ ਆਧੂਨਿਕ ਸਕੂਲ ਖੋਲੇ।
ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਇਕ ਕੌਮਾਂਤਰੀ ਨਸ਼ਾ ਮਾਫੀਆ ਸਰਗਰਮ ਹੈ ਅਤੇ ਇਸ ਮਾਫੀਆ ਨੂੰ ਪੰਜਾਬ ਵਿਚ ਬਿਕਰਮ ਸਿੰਘ ਮਜੀਠੀਆ ਸ਼ਹਿ ਦੇ ਕੇ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ। ਸਰਕਾਰ ਆਊਣ ’ਤੇ ਇੰਨਾਂ ਨਸ਼ੇ ਦੇ ਸੌਦਾਗਰਾਂ ਨੂੰ ਬਖਸ਼ਿਆ ਨਹੀ ਜਾਵੇਗਾ। ਉਨਾਂ ਕਿਹਾ ਕਿ 11 ਮਾਰਚ ਨੂੰ ਚੋਣਾਂ ਦੇ ਨਤੀਜੇ ਆ ਜਾਣਗੇ, 20 ਮਾਰਚ ਨੂੰ ਸਰਕਾਰ ਦਾ ਗਠਨ ਹੋਵੇਗਾ ਅਤੇ 15 ਅਪ੍ਰੈਲ ਤੱਕ ਮਜੀਠੀਆ ਅਤੇ ਹੋਰਨਾ ਨਸ਼ਾ ਤਸਕਰਾਂ ਨੂੰ ਜੇਲ ਵਿੱਚ ਸੁੱਟਿਆ ਜਾਵੇਗਾ।
ਬਠਿੰਡਾ ਤੋਂ ੳਮੀਦਵਾਰ ਦੀਪਕ ਬਾਂਸਲ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਵਾਂਗ ਇਕ ਅਮੀਰ ਬਿਜਨੈਸਮੈਨ ਸਰੂਪ ਸਿੰਗਲਾ ਨੂੰ ਟਿਕਟ ਦਿੱਤੀ ਹੈ ਜਦੋਂ ਕਿ ਕਾਂਗਰਸ ਨੇ ਹਮੇਸ਼ਾਂ ਵਾਂਗ ਬਾਹਰੀ ਉਮੀਦਵਾਰ ਮਨਪ੍ਰੀਤ ਬਾਦਲ ਨੂੰ ਲਿਆ ਦੇ ਲੋਕਾਂ ’ਤੇ ਥੋਪਿਆ ਹੈ। ਉਨਾਂ ਕਿਹਾ ਕਿ ਇਹ ਫੈਸਲਾ ਲੋਕਾਂ ਨੇ ਕਰਨਾ ਹੈ ਕਿ ਉਨਾਂ ਨੇ ਉਕਤ ਦੋਹਾਂ ਉਮੀਦਵਾਰਾਂ ਨੂੰ ਵੋਟ ਪਾਉਣੀ ਹੈ ਜਾਂ ਪੰਜਾਬ ਅਤੇ ਪੰਜਾਬੀਆਂ ਦੀ ਤਕਦੀਰ ਬਦਲਣ ਨਿੱਕਲੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਨਾਲ ਖੜੇ ਹੋਣਾ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਨੂੰ ਇਕ ਇਮਾਨਦਾਰ , ਭਿ੍ਰਸ਼ਟਾਚਾਰ ਰਹਿਤ ਅਤੇ ਸੁਚੱਜਾ ਰਾਜ ਪ੍ਰਬੰਧ ਦੇਣ ਲਈ ਵਚਨਬੱਧ ਹੈ ਜਿਸ ਵਿਚ ਹਰ ਪੰਜਾਬੀ ਦਾ ਵਿਕਾਸ ਹੋਵੇਗਾ ਅਤੇ ਪੰਜਾਬ ਫਿਰ ਤੋਂ ਖੁਸ਼ਹਾਲੀ ਦੇ ਰਾਹ ’ਤੇ ਅੱਗੇ ਵਧ ਸਕੇਗਾ।