ਫ਼ਰੀਦਕੋਟ, 29 ਜਨਵਰੀ, 2017 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਿਆ ਹੈ ਕਿ ਕਾਂਗਰਸ ਪੰਜਾਬ ਦੇ ਨੌਜਵਾਨ ਨੂੰ ਨਸ਼ੇੜੀ ਦੱਸ ਕੇ ਪੂਰੀ ਦੁਨੀਆ ਵਿੱਚ ਬਦਨਾਮ ਕਰ ਰਹੀ ਹੈ। ਕੋਟਕਪੂਰਾ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਸੂਬੇ ਵਿੱਚ ਦਹਿਸ਼ਤਵਾਦ ਲਈ ਕਾਂਗਰਸ ਪਾਰਟੀ ਨੂੰ ਜ਼ਿੰਮੇਵਾਰ ਦੱਸਿਆ।
ਮੰਚ ਉੱਤੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤੁਲਨਾ ਸਾਬਕਾ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਨਾਲ ਕਰਦਿਆਂ ਪ੍ਰਧਾਨ ਮੰਤਰੀ ਨੇ ਆਖਿਆ ਕਿ ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਵਾਜਪਾਈ ਦੀ ਤਰ੍ਹਾਂ ਬਾਦਲ ਸਾਹਿਬ ਨੇ ਵੀ ਜੋ ਗੱਲ ਕੀਤੀ ਉਹ ਪੂਰੀ ਕੀਤੀ।
ਪ੍ਰਧਾਨ ਮੰਤਰੀ ਨੇ ਆਖਿਆ ਕਿ ਪਾਕਿਸਤਾਨ ਪੰਜਾਬ ਦੀ ਧਰਤੀ ਉੱਤੇ ਦਹਿਸ਼ਤਵਾਦ ਫੈਲਾਉਣਾ ਚਾਹੁੰਦਾ ਹੈ। ਇਸ ਲਈ ਦੇਸ਼ ਦੀ ਸੁਰੱਖਿਆ ਲਈ ਪੰਜਾਬ ਵਿੱਚ ਸੁਰੱਖਿਆ ਦੇਣ ਵਾਲੀ ਸਰਕਾਰ ਹੋਣੀ ਚਾਹੀਦੀ ਹੈ। ਆਮ ਆਦਮੀ ਪਾਰਟੀ ਉੱਤੇ ਸ਼ਬਦੀ ਵਾਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਆਖਿਆ ਕਿ ਜਿਨ੍ਹਾਂ ਲੋਕਾਂ ਨੇ ਅੰਨ੍ਹਾ ਹਾਜ਼ਰੇ ਨੂੰ ਨਹੀਂ ਬਖ਼ਸ਼ਿਆ, ਉਹ ਪੰਜਾਬ ਦਾ ਕੀ ਭਲਾ ਕਰਨਗੇ।
ਪ੍ਰਧਾਨ ਮੰਤਰੀ ਨੇ ਆਖਿਆ ਕਿ ਜੋ ਲੋਕ ਦਿੱਲੀ ਤੋਂ ਆਏ ਹਨ, ਉਨ੍ਹਾਂ ਨੂੰ ਉਸੇ ਰਸਤੇ ਵਾਪਸ ਜਾਣਾ ਹੋਵੇਗਾ। ਪ੍ਰਧਾਨ ਮੰਤਰੀ ਅਨੁਸਾਰ ਪੰਜਾਬ ਦਾ ਕਿਸਾਨ ਹਿੰਦੁਸਤਾਨ ਦਾ ਪੇਟ ਭਰਦਾ ਹੈ। ਕਿਸਾਨਾਂ ਨੂੰ ਪੂਰਾ ਪਾਣੀ ਮਿਲੇ, ਇਸ ਲਈ ਕੇਂਦਰ ਤੇ ਬਾਦਲ ਸਰਕਾਰ ਨੇ ਆਪਣੀ ਪੂਰੀ ਤਾਕਤ ਲਾਈ।
ਬਰਗਾੜੀ ਵਿੱਚ ਸ਼ੁਰੂ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦਾ ਮਾਮਲਾ ਵੀ ਪ੍ਰਧਾਨ ਮੰਤਰੀ ਨੇ ਕੋਟਕਪੂਰਾ ਦੀ ਰੈਲੀ ਦੌਰਾਨ ਚੁੱਕਿਆ। ਪ੍ਰਧਾਨ ਮੰਤਰੀ ਅਨੁਸਾਰ ਇਸ ਮਾਮਲੇ ਦੀ ਜਾਂਚ ਸੀਬੀਆਈ ਵੱਲੋਂ ਕੀਤੀ ਜਾ ਰਹੀ ਹੈ।
ਪ੍ਰਧਾਨ ਮੰਤਰੀ ਅਨੁਸਾਰ ਜਦੋਂ ਤੋਂ ਕੇਂਦਰ ਵਿੱਚ ਉਨ੍ਹਾਂ ਦੀ ਸਰਕਾਰ ਆਈ ਹੈ ਤਾਂ ਪੰਜਾਬ ਨੇ ਰਿਕਾਰਡ ਤੋੜ ਤਰੱਕੀ ਕੀਤੀ ਹੈ। ਪ੍ਰਧਾਨ ਮੰਤਰੀ ਅਨੁਸਾਰ ਉਨ੍ਹਾਂ ਦਾ ਸੁਫਨਾ ਹੈ ਕਿ 2022 ਤੱਕ ਦੇਸ਼ ਦੇ ਸਾਰੇ ਕਿਸਾਨਾਂ ਦੀ ਕਮਾਈ ਦੁੱਗਣੀ ਹੋ ਜਾਵੇ। ਪ੍ਰਧਾਨ ਮੰਤਰੀ ਅਨੁਸਾਰ ਜੋ ਕੰਮ 70 ਸਾਲ ਵਿੱਚ ਨਹੀਂ ਸਨ ਹੋਏ, ਉਹ ਸੱਤ ਸਾਲ ਵਿੱਚ ਪੂਰਾ ਕਰਨ ਦੀ ਕੋਸਿਸ ਕਰ ਰਹੇ ਹਨ।
ਪ੍ਰਧਾਨ ਮੰਤਰੀ ਨੇ ਆਖਿਆ ਹੈ ਕਿ ਚੋਣਾਂ ਨਾਲ ਨਾ ਸਿਰਫ਼ ਇੱਕ ਰਾਜ ਦੀ ਕਿਸਮਤ ਬਦਲਦੀ ਹੈ, ਸਗੋਂ ਇਸ ਦਾ ਅਸਰ ਪੂਰਾ ਦੇਸ਼ ਉੱਤੇ ਪੈਂਦੇ ਹੈ। ਪ੍ਰਧਾਨ ਮੰਤਰੀ ਅਨੁਸਾਰ ਪੰਜਾਬ ਨਾਲ ਦੇਸ਼ ਦਾ ਭਵਿੱਖ ਜੁੜਿਆ ਹੋਇਆ ਹੈ।