ਬਟਾਲਾ, 29 ਜਨਵਰੀ, 2017 : ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਅਤੇ ਵਿਧਾਨ ਸਭਾ ਹਲਕਾ ਬਟਾਲਾ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਘੁੱਗੀ ਨੇ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ 'ਚ ਭਾਰੀ ਬਹੁਮਤ ਨਾਲ ਬਣਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਸਿਆਸੀ ਅੱਤਵਾਦ, ਨਸ਼ਾਖੋਰੀ, ਬੇਰੁਜ਼ਗਾਰੀ ਅਤੇ ਲਾਕਾਨੂੰਨੀ ਕਾਰਨ ਤਬਾਹ ਹੋ ਚੁੱਕੇ ਪੰਜਾਬ ਨੂੰ 'ਆਪ' ਦੀ ਸਰਕਾਰ ਬਣਨ 'ਤੇ ਮੁੜ ਨਵੇਂ ਸਿਰਿਓਂ ਸਿਰਜਿਆ ਜਾਵੇਗਾ ਅਤੇ ਅਗਲੇ ਪੰਜ ਸਾਲਾਂ 'ਚ ਦੁਨੀਆ ਦੇ ਨਕਸ਼ੇ 'ਤੇ ਨਵੇਂ ਤੇ ਖੁਸ਼ਹਾਲ ਪੰਜਾਬ ਦੇ ਦਰਸ਼ਨ ਹੋਣਗੇ।
ਅੱਜ ਹਲਕੇ ਦੇ ਪਿੰਡ ਸੇਖਵਾਂ, ਕੁਤਬੀ ਨੰਗਲ, ਉਮਰਪੁਰਾ, ਪੱਤੀ ਹਵੇਲੀਆਂ, ਖਾਨ ਪਿਆਰਾ ਅਤੇ ਠੀਕਰੀਵਾਲ ਵਿਚ ਭਰਵੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਗੁਰਪ੍ਰੀਤ ਸਿੰਘ ਘੁੱਗੀ ਨੇ ਆਖਿਆ ਕਿ ਰਵਾਇਤੀ ਸਿਆਸੀ ਪਾਰਟੀਆਂ ਦੇ ਮਾੜੇ ਅਤੇ ਲੋਟੂ ਸ਼ਾਸਨ ਕਾਰਨ ਅੱਜ ਪੰਜਾਬ ਦੇ ਲੋਕ ਆਪਣੀ ਮਾਤ ਭੂਮੀ ਛੱਡ ਕੇ ਵਿਦੇਸ਼ਾਂ 'ਚ ਭੱਜਣ ਲਈ ਕਾਹਲੇ ਹੋ ਰਹੇ ਹਨ। ਉਨ੍ਹਾਂ ਆਖਿਆ ਕਿ ਦੋ ਦਹਾਕੇ ਪਹਿਲਾਂ ਤੱਕ ਪੰਜਾਬ 'ਚ ਕੋਈ ਕਿਸਾਨ ਖੁਦਕੁਸ਼ੀ ਨਹੀਂ ਕਰਦਾ ਸੀ। ਕਾਂਗਰਸ ਅਤੇ ਅਕਾਲੀ-ਭਾਜਪਾ ਦੀਆਂ ਸਰਕਾਰਾਂ ਨੇ ਆਪਣੇ ਵਪਾਰਕ ਮਾਫ਼ੀਆ ਪ੍ਰਫ਼ੁਲਤ ਕਰਨ ਲਈ ਪੰਜਾਬ ਦੇ ਕਿਸਾਨ, ਨੌਜਵਾਨ, ਵਪਾਰ ਅਤੇ ਹਰ ਕਾਰੋਬਾਰ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਗੁਰਪ੍ਰੀਤ ਸਿੰਘ ਘੁੱਗੀ ਨੇ ਆਖਿਆ ਕਿ ਪੰਜਾਬ 'ਚ ਇਸ ਵਾਰ ਆਮ ਲੋਕਾਂ ਦੀ ਸਰਕਾਰ ਆਵੇਗੀ ਅਤੇ 'ਆਪ' ਦੀ ਸਰਕਾਰ 'ਚ ਕੋਈ ਮੰਤਰੀ ਜਾਂ ਕੋਈ ਸਿਆਸਤਦਾਨ ਜ਼ਮੀਨਾਂ-ਜਾਇਦਾਦਾਂ ਨਹੀਂ ਬਣਾ ਸਕੇਗਾ, ਸਗੋਂ ਹਰ ਆਮ ਵਿਅਕਤੀ ਆਪਣੀ ਇਮਾਨਦਾਰੀ ਦੀ ਕਮਾਈ ਨਾਲ ਆਪਣੇ ਕਾਰੋਬਾਰ ਖ਼ੁਸ਼ਹਾਲ ਬਣਾ ਸਕੇਗਾ। ਵਪਾਰ, ਉਦਯੋਗ ਅਤੇ ਟਰਾਂਸਪੋਰਟ ਖੇਤਰਾਂ ਵਿਚੋਂ ਭ੍ਰਿਸ਼ਟਾਚਾਰ ਖ਼ਤਮ ਕੀਤਾ ਜਾਵੇਗਾ।
ਇਸ ਮੌਕੇ ਗੁਰਿੰਦਰ ਸਿੰਘ ਐਡਵੋਕੇਟ, ਸਿਮਰਨਜੀਤ ਕੌਰ, ਸ਼ੈਰੀ ਕਲਸੀ, ਧਰਮ ਸਿੰਘ ਡੱਲਾ, ਸੁਨੀਲ ਵਰਮਾ, ਅਰੁਣ ਸੋਨੀ, ਹਰਦੀਪ ਸਿੰਘ, ਜਗਦੀਪ ਗਿੱਲ, ਵਿੱਕੀ ਤ੍ਰੇਹਣ, ਸੁਰਜੀਤ ਸਿੰਘ ਗਿੱਲ, ਸਾਹਿਬ ਸਿੰਘ ਦਾਲਮ, ਮੈਨੇਜਰ ਅਤਰ ਸਿੰਘ, ਕਰਨੈਲ ਸਿੰਘ ਮਸਾਣੀਆ, ਗੁਰਪ੍ਰੀਤ ਸਿੰਘ, ਜਤਿੰਦਰ ਸਿੰਘ, ਰਵਿੰਦਰ ਸਿੰਘ, ਗੋਲਡੀ, ਬਲਜਿੰਦਰ ਸਿੰਘ ਫ਼ੌਜੀ ਅਤੇ ਹਰਦਿਆਲ ਸਿੰਘ ਮਸਾਣੀਆ ਸਮੇਤ ਵੱਡੀ ਗਿਣਤੀ 'ਚ ਆਮ ਆਦਮੀ ਪਾਰਟੀ ਦੇ ਵਾਲੰਟੀਅਰ ਹਾਜ਼ਰ ਸਨ।