ਚੰਡੀਗੜ੍ਹ, 29 ਜਨਵਰੀ, 2017 : ਕਾਂਗਰਸ ਦੀ ਹਾਲਤ ਅਜਿਹੇ ਬੇੜੇ ਵਰਗੀ ਹੋ ਗਈ ਹੈ, ਜਿਸ ਵਿਚ ਸਵਾਰੀਆਂ ਘੱਟ ਅਤੇ ਮੋਰੀਆਂ ਜ਼ਿਆਦਾ ਹਨ। ਮੁੱਖ ਮੰਤਰੀ ਉਮੀਦਵਾਰ ਨੂੰ ਲੈ ਕੇ ਤਿੱਖੀ ਹੋਈ ਧੜੇਬਾਜ਼ੀ ਨੇ ਪੰਜਾਬ ਵਿਚ ਕਾਂਗਰਸ ਨੂੰ ਹਾਸ਼ੀਏ ਉੱਤੇ ਧੱਕ ਦਿੱਤਾ ਹੈ। ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਪੰਜਾਬ ਦੌਰਾ ਅਧਵਾਟੇ ਛੱਡ ਕੇ ਉੱਤਰ ਪ੍ਰਦੇਸ਼ ਜਾਣਾ ਸਾਬਿਤ ਕਰਦਾ ਹੈ ਕਿ ਕਾਂਗਰਸ ਤੇਜ਼ੀ ਨਾਲ ਚੋਣ ਮੈਦਾਨ ਵਿਚੋਂ ਬਾਹਰ ਹੋ ਰਹੀ ਹੈ।
ਇਹ ਸ਼ਬਦ ਲੋਕ ਸਭਾ ਮੈਂਬਰ ਅਤੇ ਸ੍ਰæੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ਼ ਪ੍ਰੇਮ ਸਿੰਘ ਚੰਦੂਮਾਜਰਾ ਨੇ ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ। ਉਹ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ ਪ੍ਰਤਾਪ ਸਿੰਘ ਬਾਜਵਾ ਦੀ ਰਾਹੁਲ ਗਾਂਧੀ ਨੂੰ ਲਿਖੀ ਚਿੱਠੀ ਬਾਰੇ ਟਿੱਪਣੀ ਕਰ ਰਹੇ ਸਨ।
ਉਹਨਾਂ ਕਿਹਾ ਕਿ ਬਾਜਵਾ ਨੇ ਕਾਂਗਰਸ ਮੀਤ ਪ੍ਰਧਾਨ ਕੋਲ ਗਿਲਾ ਕੀਤਾ ਹੈ ਕਿ ਉਹ ਪੀਕੇ ਦੇ ਕਹਿਣ 'ਤੇ ਆਪਣਾ ਪੰਜਾਬ ਦੌਰਾਨ ਅੱਧਵਾਟੇ ਛੱਡ ਕੇ ਉੱਤਰ ਪ੍ਰਦੇਸ਼ ਵਿਚ ਕਿAੁਂ ਚਲੇ ਗਏ ਹਨ? ਉਹਨਾਂ ਕਿਹਾ ਕਿ ਰਾਹੁਲ ਦੇ ਆਪਣੇ ਦੋ ਦਿਨਾਂ ਦੇ ਦੌਰੇ ਦੌਰਾਨ ਮਹਿਸੂਸ ਕਰ ਲਿਆ ਸੀ ਕਿ ਪੰਜਾਬ ਵਿਚ ਬਾਜ਼ੀ ਉਹਨਾਂ ਦੇ ਹੱਥਾਂ ਵਿਚੋਂ ਨਿਕਲ ਚੁੱਕੀ ਹੈ। ਇੱਥੋਂ ਤਕ ਕਿ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਉਮੀਦਵਾਰ ਬਣਾਉਣ ਦੇ ਐਲਾਨ ਦਾ ਵੀ ਨਾਂਹਪੱਖੀ ਅਸਰ ਹੋਇਆ ਹੈ। ਇਸ ਐਲਾਨ ਨਾਲ ਲੋਕਾਂ ਵਿਚ ਕਾਂਗਰਸ ਦਾ ਪ੍ਰਭਾਵ ਵਧਣ ਦੀ ਥਾਂ ਉਲਟਾ ਪਾਰਟੀ ਅੰਦਰ ਧੜੇਬਾਜ਼ੀ ਹੋਰ ਤਿੱਖੀ ਹੋ ਗਈ ਹੈ।
ਉਹਨਾਂ ਕਿਹਾ ਕਿ ਸ਼ ਬਾਜਵਾ ਨੇ ਵੀ ਰਾਹੁਲ ਨੂੰ ਲਿਖੀ ਚਿੱਠੀ ਵਿਚ ਇਸ ਗੱਲ ਦਾ ਵੀ ਇਸ਼ਾਰਾ ਕੀਤਾ ਹੈ ਕਿ ਮੁੱਖ ਮੰਤਰੀ ਉਮੀਦਵਾਰ ਦੇ ਐਲਾਨ ਤੋਂ ਮਗਰੋਂ ਕਾਂਗਰਸ ਪਾਰਟੀ ਕੈਪਟਨ, ਪੀਕੇ ਅਤੇ ਨਵਜੋਤ ਸਿੱਧੂ ਤਿੰਨ ਧੜ੍ਹਿਆਂ ਵਿਚਕਾਰ ਵੰਡੀ ਗਈ ਹੈ। ਬਹੁਤੇ ਆਗੂ ਕੈਪਟਨ ਨੂੰ ਮੁੱਖ ਮੰਤਰੀ ਬਣਾਏ ਜਾਣ ਦੇ ਖਿਲਾਫ ਹਨ ਅਤੇ ਉਸ ਦੇ ਨਾਂ 'ਤੇ ਵੋਟਾਂ ਮੰਗਣ ਤੋਂ ਝਿਜਕ ਰਹੇ ਹਨ। ਇਸ ਤੋਂ ਇਲਾਵਾ ਅਮਰਿੰਦਰ ਖੁਦ ਵੀ ਲੰਬੀ ਅਤੇ ਪਟਿਆਲਾ ਵਿਚ ਬੁਰੀ ਤਰ੍ਹਾਂ ਫਸੇ ਹੋਏ ਹਨ ਅਤੇ ਇਸ ਵਾਰ ਉਹਨਾਂ ਦਾ ਜਿੱਤਣਾ ਮੁਸ਼ਕਿਲ ਲੱਗਦਾ ਹੈ।
ਸ਼ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਦੋਵੇਂ ਕਾਰਤੂਸ-ਨਵਜੋਤ ਸਿੱਧੂ ਨੂੰ ਥਾਪੀ ਦੇ ਕੇ ਮੈਦਾਨ ਵਿਚ ਉਤਾਰਨਾ ਅਤੇ ਅਮਰਿੰਦਰ ਨੂੰ ਮੁੱਖ ਮੰਤਰੀ ਉਮੀਦਵਾਰ ਵਜੋਂ ਪੇਸ਼ ਕਰਨਾ- ਬੁਰੀ ਤਰ੍ਹਾਂ ਠੁੱਸ ਸਾਬਿਤ ਹੋਏ ਹਨ। ਇਸ ਤੋਂ ਇਲਾਵਾ 2 ਦਰਜਨ ਤੋਂ ਵੱਧ ਹਲਕਿਆਂ ਵਿਚ ਕਾਂਗਰਸ ਨੂੰ ਆਪਣੇ ਬਾਗੀਆਂ ਹੱਥੋਂ ਤਕੜੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹਨਾਂ ਵਿਚੋਂ 16 ਬਾਗੀਆਂ ਨੂੰ ਪਿਛਲੇ ਦਿਨੀਂ ਪਾਰਟੀ ਵਿਚੋਂ ਉਮਰ-ਭਰ ਲਈ ਕੱਢਿਆ ਜਾ ਚੁੱਕਾ ਹੈ। ਪਾਟੋਧਾੜ ਹੋਣ ਕਰਕੇ ਪਾਰਟੀ ਦੀ ਹਾਲਤ ਅਜਿਹੀ ਹੋ ਚੁੱਕੀ ਹੈ ਕਿ ਕਾਂਗਰਸੀ ਆਗੂ ਆਪਣੇ ਵਿਰੋਧੀ ਉਮੀਦਵਾਰਾਂ ਨਾਲੋਂ ਵੱਧ ਇੱਕ ਦੂਜੇ ਨੂੰ ਠਿੱਬੀ ਲਾਉਣ ਵਿਚ ਰੁੱਝੇ ਹੋਏ ਹਨ।