ਹਲਕਾ ਮਜੀਠਾ ਦੇ ਪਿੰਡ ਫਤੂਭੀਲਾ ਵਿਖੇ ਪ੍ਰਭਾਵਸ਼ਾਲੀ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਅਕਾਲੀ ਉਮੀਦਵਾਰ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ।
ਚਵਿੰਡਾ ਦੇਵੀ, 29 ਜਨਵਰੀ, 2017 : ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵਿਰੋਧੀਆਂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਟੋਪੀਵਾਲਿਆਂ ਅਤੇ ਕਾਂਗਰਸ ਨੂੰ ਇਲਜ਼ਾਮਾਂ ਅਤੇ ਝੂਠ ਫ਼ਰੇਬ ਦੀ ਰਾਜਨੀਤੀ ਤੋਂ ਬਾਹਰ ਨਿਕਲ ਕੇ ਵਿਕਾਸ ਦੇ ਏਜੰਡੇ, ਪੰਜਾਬ ਅਤੇ ਲੋਕ ਮੁੱਦਿਆਂ ਪ੍ਰਤੀ ਸੰਜੀਦਾ ਪਹੁੰਚ ਅਪਣਾਉਣ ਦੀ ਸਲਾਹ ਦਿੱਤੀ ਹੈ। ਪਿੰਡ ਫਤੂਭੀਲਾ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਸ: ਮਜੀਠੀਆ ਨੇ ਕੇਜਰੀਵਾਲ ਜੁੰਡਲੀ ਅਤੇ ਕਾਂਗਰਸ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਪੰਜਾਬ ਦੀ ਅਮਨ ਪਸੰਦ ਜਨਤਾ ਨੇ ਵਿਕਾਸ ਦੀ ਗਲ ਕਰਨ ਦੀ ਥਾਂ ਡਾਂਗਾਂ ਖੂੰਡੇ ਚੁੱਕੀ ਫਿਰਦੇ ਰਹੇ ਕੈਪਟਨ ਅਮਰਿੰਦਰ ਸਿੰਘ ਦੀ ਗੱਡੀ ਨੂੰ ਪਿਛਲੇ ਇੱਕ ਦਹਾਕੇ ਤੋਂ ਪਟੜੀ 'ਤੇ ਹੀ ਪਟਕਾ ਮਾਰਦਿਆਂ ਵਿਕਾਸ ਤੇ ਲੋਕ ਮੁੱਦਿਆਂ 'ਤੇ ਕੇਂਦਰਿਤ ਰਹੇ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸ: ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਵੱਡਾ ਫਤਵਾ ਦਿੱਤਾ। ਉਹਨਾਂ ਕਿਹਾ ਕਿ ਕੇਜਰੀਵਾਲ ਅਤੇ ਕੈਪਟਨ ਅਮਰਿੰਦਰ ਸਿੰਘ ਵਰਗੇ ਵਿਰੋਧੀਆਂ ਕੋਲ ਵਿਕਾਸ ਦਾ ਕੋਈ ਏਜੰਡਾ ਨਹੀਂ। ਜੇਕਰ ਇਹਨਾਂ ਨੂੰ ਪੰਜਾਬ 'ਚ ਹੋਇਆ ਵਿਕਾਸ ਨਜ਼ਰ ਨਹੀਂ ਆ ਰਿਹਾ ਤਾਂ ਇਸ ਵਿੱਚ ਇਹਨਾਂ ਦੀਆਂ ਨਜ਼ਰਾਂ ਦਾ ਨਹੀਂ ਸਗੋਂ ਇਹਨਾਂ ਦੀ ਬੇਈਮਾਨ ਨੀਅਤ ਅਤੇ ਸੌੜੀ ਰਾਜਸੀ ਸੋਚ ਦਾ ਹੀ ਕਸੂਰ ਹੈ। ਸ: ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਅਤੇ ਕੈਪਟਨ ਗੁਮਰਾਹਕੁਨ ਅਤੇ ਸ਼ੋਸ਼ੇਬਾਜ਼ੀ ਦੀਆਂ ਪੌੜੀਆਂ ਚੜ੍ਹ ਕੇ ਸੱਤਾ 'ਚ ਆਉਣਾ ਚਾਹੁੰਦੇ ਹਨ ਪਰ ਵਿਕਾਸ ਦੀ ਮੁਦਈ ਪੰਜਾਬ ਦੀ ਜਨਤਾ ਇਹਨਾਂ ਦੇ ਗਲਤ ਹੱਥਕੰਡਿਆਂ ਨੂੰ ਚੋਣਾਂ ਦੌਰਾਨ ਹਵਾ ਦੇ ਬੁੱਲਿਆਂ ਵਾਂਗ ਉਡਾਉਂਦਿਆਂ ਵਿਕਾਸ ਅਤੇ ਖੁਸ਼ਹਾਲੀ ਲਿਆਉਣ ਬਦਲੇ ਅਕਾਲੀ ਭਾਜਪਾ ਗੱਠਜੋੜ ਨੂੰ ਹੀ ਮੁੜ ਮੌਕਾ ਦੇਣਗੇ। ਇਸ ਮੌਕੇ ਕੁਲਵਿੰਦਰ ਸਿੰਘ ਧਾਰੀਵਾਲ, ਸ: ਸਰਪੰਚ ਸਰਦੂਲ ਸਿੰਘ, ਮਲੂਕ ਸਿੰਘ, ਸਾਬਕਾ ਸਰਪੰਚ, ਰਤਨ ਸਿੰਘ ਫਤੂਭੀਲਾ, ਗੁਰਸ਼ਰਨ ਸਿੰਘ, ਜਸਮੇਰ ਸਿੰਘ, ਸਤਨਾਮ ਸਿੰਘ ਆਦਿ ਮੌਜੂਦ ਸਨ।