← ਪਿਛੇ ਪਰਤੋ
ਬੱਲੂਆਣਾ, 29 ਜਨਵਰੀ, 2017 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼ ਸੁਖਬੀਰ ਸਿੰਘ ਬਾਦਲ ਨੇ ਅੱਜ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪਿਛਲੀ ਰਾਤ ਮੋਗਾ ਵਿਖੇ ਖਾਲਿਸਤਾਨ ਕਮਾਂਡੋ ਫੋਰਸ ਦੇ ਕਮਾਂਡਰ ਗੁਰਿੰਦਰ ਸਿੰਘ ਦੇ ਘਰ ਕੱਟਣ ਦੀ ਸਖਤ ਨਿਖੇਧੀ ਕੀਤੀ ਹੈ। ਇੱਥੇ ਪਾਰਟੀ ਉਮੀਦਵਾਰ ਪ੍ਰਕਾਸ਼ ਸਿੰਘ ਭੱਟੀ ਦੇ ਹੱਕ ਵਿਚ ਇੱਕ ਵੱਡੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ਼ ਬਾਦਲ ਨੇ ਕਿਹਾ ਕਿ ਕੇਸੀਐਫ ਕਮਾਂਡਰ ਦੇ ਘਰ ਵਿਚ ਰਾਤ ਕੱਟ ਕੇ ਕੇਜਰੀਵਾਲ ਨੇ ਸਪੱਸ਼ਟ ਸੰਕੇਤ ਦੇ ਦਿੱਤਾ ਹੈ ਕਿ ਉਹ ਪੰਜਾਬ ਵਿਚ ਸੱਤਾ ਉੱਤੇ ਕਾਬਿਜ਼ ਹੋਣ ਲਈ ਕਿਸੇ ਵੀ ਹੱਦ ਤਕ ਜਾ ਸਕਦਾ ਹੈ। ਉਹਨਾਂ ਕਿਹਾ ਕਿ ਆਪ ਵੱਲੋਂ ਗਰਮ ਖਿਆਲੀਆਂ ਦੀ ਪੁਸ਼ਤਪਨਾਹੀ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰ ਦੇਵੇਗੀ। ਉਹਨਾਂ ਕਿਹਾ ਕਿ ਅਸੀਂ ਬੜੀਆਂ ਮੁਸ਼ਕਿਲਾਂ ਨਾਲ ਇਹ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਲਿਆਂਦੀ ਹੈ। ਪਰ ਲੱਗਦਾ ਹੈ ਕਿ ਕੇਜਰੀਵਾਲ ਆਪਣੇ ਸਿਆਸੀ ਫਾਇਦੇ ਲਈ ਇਹਨਾਂ ਦੋਵਾਂ ਨੂੰ ਖਤਮ ਕਰਨ 'ਤੇ ਤੁਲਿਆ ਹੈ। ਸੂਬੇ ਅੰਦਰ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਬਾਰੇ ਬੋਲਦਿਆਂ ਸ਼ ਬਾਦਲ ਨੇ ਕਿਹਾ ਕਿ ਇਹ ਘਟਨਾਵਾਂ ਪੰਜਾਬ ਅੰਦਰ ਆਪ ਦੇ ਵੜਣ ਮਗਰੋਂ ਸ਼ੁਰੂ ਹੋਈਆਂ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਬੇਅਦਬੀ ਦੇ ਲਗਭਗ 30 ਮਾਮਲਿਆਂ ਨੂੰ ਹੱਲ ਕਰ ਚੁੱਕੀ ਹੈ, ਸਿਰਫ ਬਹਿਬਲ ਕਲਾਂ ਵਾਲੀ ਘਟਨਾ ਹੀ ਅਣਸੁਲਝੀ ਰਹਿ ਗਈ ਹੈ। ਉਹਨਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਹੈ ਕਿ ਉਹ ਸੀਬੀਆਈ ਨੂੰ ਇਸ ਮਾਮਲੇ ਦੀ ਤੁਰੰਤ ਜਾਂਚ ਕਰਨ ਲਈ ਹੁਕਮ ਦੇਣ ਤਾਂ ਕਿ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾ ਸਕੇ। ਸ਼ ਬਾਦਲ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਜਦੋਂ ਕੇਜਰੀਵਾਲ ਨੇ ਗਰਮ ਖਿਆਲੀਆਂ ਨਾਲ ਗੰਢ-ਤੁਪ ਕੀਤੀ ਹੋਵੇ। ਇਸ ਤੋਂ ਪਹਿਲਾਂ ਵੀ ਕੇਜਰੀਵਾਲ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੋਹਰੀ ਜਥੇਬੰਦੀ ਅਖੰਡ ਕੀਰਤਨੀ ਜਥੇ ਦੇ ਆਗੂ ਆਰ ਪੀ ਸਿੰਘ ਨਾਲ ਬਰੇਕਫਾਸਟ ਮੀਟਿੰਗ ਕੀਤੀ ਸੀ। ਬੇਅਦਬੀ ਦੀਆਂ ਘਟਨਾਵਾਂ ਬਾਰੇ ਬੋਲਦਿਆਂ ਸ਼ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਸ੍ਰੀ ਦਰਬਾਰ ਸਾਹਿਬ ਅੰਦਰ ਤੋਪਾਂ ਅਤੇ ਟੈਂਕ ਵਾੜ ਕੇ ਸਭ ਤੋਂ ਵੱਡੀ ਬੇਅਦਬੀ ਕੀਤੀ ਸੀ। ਕਾਂਗਰਸ ਦਿੱਲੀ ਵਿਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਤਲੇਆਮ ਲਈ ਵੀ ਜਿੰæਮੇਵਾਰ ਹੈ। ਉਹਨਾਂ ਕਿਹਾ ਕਿ ਆਪ ਵੀ ਘੱਟ ਨਹੀਂ ਹੈ। ਆਪ ਸਰਕਾਰ ਨੇ ਦਿੱਲੀ ਵਿਚ ਗੁਰਦੁਆਰਾ ਸੀਸਗੰਜ ਵਿਖੇ ਇਤਿਹਾਸਕ 'ਪਿਆਊ' ਨੂੰ ਬੁਲਡੋਜ਼ਰ ਨਾਲ ਤੁੜਵਾ ਦਿੱਤਾ ਸੀ। ਆਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤੁਲਨਾ ਆਪਣੇ ਚੋਣ ਮਨੋਰਥ ਪੱਤਰ ਨਾਲ ਕਰਕੇ ਪਵਿੱਤਰ ਗ੍ਰੰਥ ਦਾ ਵੀ ਅਪਮਾਨ ਕੀਤਾ ਸੀ। ਸ਼੍ਰੋਮਣੀ ਅਕਾਲੀ ਦਲ ਦੇ ਚੋਣ ਮਨੋਰਥ ਪੱਤਰ ਬਾਰੇ ਬੋਲਦਿਆਂ ਸ਼ ਬਾਦਲ ਨੇ ਕਿਹਾ ਕਿ ਸਾਡੀ ਪਾਰਟੀ ਨੇ ਹਮੇਸ਼ਾਂ ਹੀ ਆਪਣੇ ਕੀਤੇ ਵਾਅਦੇ ਨਿਭਾਏ ਹਨ। ਇਹ ਚਾਹੇ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਦਾ ਹੋਵੇ ਜਾਂ ਆਟਾ ਦਾਲ ਅਤੇ ਸ਼ਗਨ ਸਕੀਮਾਂ ਨੂੰ ਲਾਗੂ ਕਰਨ ਦਾ। ਉਹਨਾਂ ਕਿਹਾ ਕਿ ਹੁਣ ਅਸੀਂ ਸਾਰੇ ਛੋਟੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦਾ ਵਾਅਦਾ ਕੀਤਾ ਹੈ। ਇਸ ਤੋਂ ਇਲਾਵਾ ਕਣਕ ਅਤੇ ਝੋਨੇ ਉੱਤੇ 100 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਦਾ ਵੀ ਵਾਅਦਾ ਕੀਤਾ ਹੈ। ਅਸੀਂ ਬੇਘਰੇ ਲੋਕਾਂ ਨੂੰ ਪੱਕੇ ਮਕਾਨ ਬਣਾ ਕੇ ਦੇਣ ਅਤੇ ਗਰੀਬ ਤਬਕਿਆਂ ਨੂੰ 5 ਕਿਲੋ ਖੰਡ 10 ਰੁਪਏ ਕਿਲੋ ਅਤੇ 2 ਕਿਲੋ ਘਿਓ 25 ਰੁਪਏ ਕਿਲੋ ਦੇਣ ਦਾ ਵੀ ਫੈਸਲਾ ਲਿਆ ਹੈ। ਅਸੀਂ ਕੁਦਰਤੀ ਆਫਤਾਂ ਨਾਲ ਨੁਕਸਾਨੀਆਂ ਫਸਲਾਂ ਦਾ ਮੁਆਵਜ਼ਾ ਦੇਣ ਸਮੇਂ ਖੇਤ ਮਜ਼ਦੂਰਾਂ ਨੂੰ ਵੀ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਲੋਕਾਂ ਤੋਂ ਵਿਕਾਸ ਦੇ ਨਾਂ 'ਤੇ ਵੋਟ ਮੰਗਦੇ ਹੋਏ ਸ਼ ਬਾਦਲ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਸਿਰਫ ਆਪਣੀ ਕਾਰਗੁਜ਼ਾਰੀ ਦੇ ਸਿਰ 'ਤੇ ਲੋਕਾਂ ਦੀਆਂ ਵੋਟਾਂ ਮੰਗ ਰਿਹਾ ਹੈ। ਅਸੀਂ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਹਨ ਅਤੇ ਅਗਲੇ ਪੰਜ ਸਾਲਾਂ ਦਾ ਵੀ ਨਕਸ਼ਾ ਤਿਆਰ ਕਰ ਲਿਆ ਹੈ। ਕਿਰਪਾ ਕਰਕੇ ਸਾਡੇ ਬਾਰੇ ਫੈਸਲਾ ਲੈਣ ਤੋਂ ਪਹਿਲਾਂ ਸਾਡੀ ਕਾਰਗੁਜ਼ਾਰੀ ਜਰੂਰ ਵੇਖੋ। ਪਰ ਸਾਵਧਾਨ ਰਹਿਣਾ ਆਪ ਪੰਜਾਬ ਲਈ ਖਤਰਨਾਕ ਹੈ। ਆਪ ਨੂੰ ਦਿੱਤਾ ਵੋਟ ਪੰਜਾਬ ਨੂੰ ਪਿਛਾਂਹ ਵੱਲ ਲੈ ਜਾਵੇਗਾ। ਅਜਿਹੀ ਗਲਤੀ ਨਾ ਕਰਿਓ।
Total Responses : 265