ਮਲੇਰਕੋਟਲਾ, 29 ਜਨਵਰੀ, 2017 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ 'ਚ ਆਉਣ ਤੋਂ ਬਾਅਦ ਮਲੇਰਕੋਟਲਾ ਨੂੰ ਵੱਖਰਾ ਜ਼ਿਲ੍ਹਾ ਬਣਾਉਣ ਦਾ ਵਾਅਦਾ ਕਰਦਿਆਂ, ਐਤਵਾਰ ਨੂੰ ਪੰਜਾਬ 'ਚ ਘੱਟ ਗਿਣਤੀਆਂ ਦੇ ਵਿਕਾਸ ਨਾਲ-ਨਾਲ ਬੇਘਰ ਕ੍ਰਿਸ਼ਚਿਅਨਾਂ ਅਤੇ ਮੁਸਲਿਮਾਂ ਨੂੰ ਘਰ ਦੇਣ ਸਮੇਤ ਦਲਿਤਾਂ ਵਾਂਗ ਸਾਰੇ ਵਾਅਦੇ ਦੇਣ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟਾਈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਤੇ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਨੇ ਕਾਂਗਰਸ ਉਮੀਦਵਾਰ ਅਤੇ ਸਾਬਕਾ ਵਿਧਾਇਕ ਰਜੀਆ ਸੁਲਤਾਨਾ ਨੂੰ ਆਪਣੀ ਕੈਬਿਨੇਟ 'ਚ ਜਗ੍ਹਾ ਦੇਣ ਦਾ ਐਲਾਨ ਕਰਦਿਆਂ ਕਹਾ ਕਿ ਉਹ ਸੂਬੇ ਅੰਦਰ ਸੰਪ੍ਰਦਾਇਕ ਏਕਤਾ ਪੁਖਤਾ ਕਰਨ ਲਈ ਵਚਨਬੱਧ ਹਨ। ਉਨ੍ਹਾਂ ਨੇ ਕਿਹਾ ਕਿ ਉਹ ਪੰਜਾਬ ਦੇ ਵਾਤਾਵਰਨ ਨੂੰ ਬਿਗਾੜਨ ਵਾਲੀ ਕਿਸੇ ਵੀ ਧਾਰਮਿਕ ਬੇਅਦਬੀਆਂ ਵਰਗੀਆਂ ਘਟਨਾਵਾਂ 'ਚ ਬਾਦਲ ਸਮੇਤ ਸ਼ਾਮਿਲ ਹੋਰ ਵਿਅਕਤੀਆਂ ਨੂੰ ਦੋਸ਼ੀ ਪਾਏ ਜਾਣ 'ਤੇ ਸਜ਼ਾ ਦੇਣਗੇ।
ਕੈਪਟਨ ਅਮਰਿੰਦਰ ਨੇ ਪੰਜਾਬ ਅੰਦਰ ਘੱਟ ਗਿਣਤੀਆਂ ਦੀ ਰਾਖੀ ਕਰਨ ਸਬੰਧੀ ਆਪਣੀ ਵਚਨਬੱਧਤਾ ਨੂੰ ਪ੍ਰਗਟਾਉਂਦਿਆਂ ਕਿਹਾ ਕਿ ਉਹ ਪੁਖਤਾ ਕਰਨਗੇ ਕਿ ਇਨ੍ਹਾਂ ਦਾ ਭਵਿੱਖ ਸੁਰੱਖਿਅਤ ਬਣੇ ਅਤੇ ਇਨ੍ਹਾ ਨੂੰ ਸੂਬੇ ਦੀਆਂ ਸਾਰੀਆਂ ਬੋਰਡਾਂ ਤੇ ਕਾਰਪੋਰੇਸ਼ਨਾਂ 'ਚ ਉਚਿਤ ਨੁਮਾਇੰਦਗੀ ਦੇਣ ਸਮੇਤ ਪਾਰਟੀ ਮੈਨਿਫੈਸਟੋ 'ਚ ਘੱਟ ਗਿਣਤੀਆਂ ਨਾਲ ਕੀਤੇ ਗਏ ਹਰੇਕ ਵਾਅਦੇ ਨੂੰ ਪੂਰਾ ਕਰਨਗੇ। ਉਨ੍ਹਾਂ ਨੇ ਕਿਹਾ ਕਿ ਚੋਣ ਮਨੋਰਥ ਪੱਤਰ 'ਚ ਮਲੇਰਕੋਟਲਾ 'ਚ ਇਕ ਉਰਦੂ ਅਕੈਡਮੀ ਅਤੇ ਇਕ ਮੈਡੀਕਲ ਕਾਲਜ਼ ਸਥਾਪਤ ਕਰਨ ਦੇ ਵਾਅਦੇ ਵੀ ਹਨ।
ਇਥੇ ਇਕ ਪਬਲਿਕ ਮੀਟਿੰਗ ਨੂੰ ਸੰਬੋਧਨ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਐਸ.ਸੀ ਵਰਗ ਵਾਂਗ ਕ੍ਰਿਸ਼ਚਿਅਨ ਤੇ ਮੁਸਲਿਮ ਪਰਿਵਾਰਾਂ ਨੂੰ ਸਮਾਨ ਫਾਇਦੇ ਦਿੱਤੇ ਜਾਣਗੇ, ਜਿਨ੍ਹਾਂ 'ਚ ਅਸ਼ੀਰਵਾਦ ਸਕੀਮ ਹੇਠ ਸ਼ਗਨ, ਫ੍ਰੀ ਬਿਜਲੀ, ਪੈਨਸ਼ਨ, ਲੋਨ 'ਤੇ ਛੋਟ ਅਤੇ ਵਜੀਫੇ ਆਦਿ ਸ਼ਾਮਿਲ ਹਨ। ਉਨ੍ਹਾਂ ਨੇ ਕਿਹਾ ਕਿ ਦਲਿਤਾਂ ਅਤੇ ਗਰੀਬ ਐਸ.ਸੀ ਵਰਗ ਵਾਂਗ 5 ਲੱਖ ਰੁਪਏ ਸਲਾਨਾ ਤੋਂ ਘੱਟ ਆਮਦਨ ਵਾਲੇ ਬੇਘਰ/ਬੇਜ਼ਮੀਨ ਮੁਸਲਿਮਾਂ ਤੇ ਕ੍ਰਿਸ਼ਚਿਅਨਾਂ ਨੂੰ ਪੰਜ ਮਰਲੇ ਪਲਾਟ ਜਾਂ ਘਰ ਵੀ ਦਿੱਤੇ ਜਾਣਗੇ।
ਇਸ ਮੌਕੇ ਕਾਂਗਰਸ ਨੂੰ ਸਮਰਥਨ ਦੇਣ ਵਾਲੇ ਸਹਿਜਧਾਰੀ ਸਿੱਖਾਂ ਦਾ ਕੈਪਟਨ ਅਮਰਿੰਦਰ ਨੇ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਨੇ ਲੋਕ ਸਭਾ 'ਚ ਪਾਸ ਕੀਤੇ ਗਏ ਸਿੱਖ ਗੁਰਦੁਆਰਾ (ਸੋਧ) ਬਿੱਲ, 2016 ਰਾਹੀਂ ਐਸ.ਜੀ.ਪੀ.ਸੀ ਚੋਣਾਂ 'ਚ ਸਹਿਜਧਾਰੀ ਸਿੱਖਾਂ ਨੂੰ ਵੋਟ ਦੇਣ ਤੋਂ ਰੋਕਣ ਲਈ ਬਾਦਲਾਂ ਵੱਲੋਂ ਉਕਤ ਧਾਰਮਿਕ ਸੰਸਥਾ 'ਤੇ ਪੂਰੀ ਤਰ੍ਹਾਂ ਕੰਟਰੋਲ ਕਰਨ ਦੀ ਸਾਜਿਸ਼ ਦਾ ਹਿੱਸਾ ਕਰਾਰ ਦਿੱਤਾ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਸਿਆਸੀ ਫਾਇਦਿਆਂ ਖਾਤਿਰ ਧਰਮ ਦੀ ਦੁਰਵਰਤੋਂ ਨੂੰ ਰੋਕਣ ਵਾਸਤੇ ਐਸ.ਜੀ.ਪੀ.ਸੀ ਨੂੰ ਬਾਦਲ ਦੀਆਂ ਜ਼ੰਜ਼ੀਰਾਂ ਤੋਂ ਮੁਕਤ ਕਰਵਾਉਣ ਦਾ ਵਾਅਦਾ ਕੀਤਾ।
ਪੰਜਾਬ ਕਾਂਗਰਸ ਪ੍ਰਧਾਨ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਚੋਣਾਂ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਭ੍ਰਿਸ਼ਟ ਨੀਤੀਆਂ ਤੇ ਗਤੀਵਿਧੀਆਂ ਰਾਹੀਂ ਸੂਬੇ ਨੂੰ ਬਰਬਾਦ ਕਰਨ ਲਈ ਦੋਸ਼ੀ ਸਾਰੇ ਵਿਅਕਤੀਆਂ ਨੂੰ ਨਿਆਂ ਦਾ ਸਾਹਮਣਾ ਕਰਵਾਉਣ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਨੇ ਸੱਤਾ 'ਚ ਆਉਣ ਤੋਂ ਤੁਰੰਤ ਬਾਅਦ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਤੇ ਉਦਯੋਗਾਂ ਨੂੰ ਮੁੜ ਖੜ੍ਹਾ ਕਰਨ ਸਮੇਤ ਸਾਰੇ ਬੇਰੁਜ਼ਗਾਰ ਨੌਜ਼ਵਾਨਾਂ ਨੂੰ ਰੋਜ਼ਗਾਰ ਦੇਣ ਦਾ ਵਾਅਦਾ ਵੀ ਦੁਹਰਾਇਆ।
ਕੈਪਟਨ ਅਮਰਿੰਦਰ ਨੇ ਇਕ ਵਾਰ ਫਿਰ ਤੋਂ ਸੱਤਾ 'ਚ ਆਉਣ ਦੇ ਚਾਰ ਹਫਤਿਆਂ ਅੰਦਰ ਅਕਾਲੀਆਂ ਦੀ ਸ਼ੈਅ ਪ੍ਰਾਪਤ ਨਸ਼ਾ ਮਾਫੀਆ ਦੀਆਂ ਜ਼ੰਜੀਰਾਂ ਤੋਂ ਪੰਜਾਬ ਦੇ ਨੌਜ਼ਵਾਨਾਂ ਨੂੰ ਅਜ਼ਾਦ ਕਰਵਾਉਣ ਦੀ ਵਚਨਬੱਧਤਾ ਪ੍ਰਗਟਾਈ। ਉਥੇ ਹੀ, ਰਜੀਆ ਸੁਲਤਾਨਾ ਨੇ ਕਿਹਾ ਕਿ ਸਿਰਫ ਕੈਪਟਨ ਅਮਰਿੰਦਰ ਦੇ ਮੁੱਖ ਮੰਤਰੀ ਹੁੰਦਿਆਂ ਹੀ ਕਾਂਗਰਸ ਪੰਜਾਬ ਤੇ ਇਸਦੇ ਭਵਿੱਖ ਨੂੰ ਬਚਾ ਸਕਦੀ ਹੈ।