ਬਰਨਾਲਾ, 29 ਜਨਵਰੀ, 2017 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਖਤਰਨਾਕ ਮੇਲ ਪੰਜਾਬ ਨੂੰ ਇਕ ਵਾਰ ਫਿਰ ਤੋਂ ਅੱਤਵਾਦ ਦੇ ਕਾਲੇ ਦਿਨਾਂ 'ਚ ਧਕੇਲ ਸਕਦਾ ਹੈ। ਉਨ੍ਹਾਂ ਨੇ ਬਾਦਲਾਂ ਅਤੇ ਅਰਵਿੰਦ ਕੇਜਰੀਵਾਲ ਨੂੰ ਵੱਡੇ ਧੋਖੇਬਾਜ ਕਰਾਰ ਦਿੰਦਿਆਂ ਕਿਹਾ ਕਿ ਇਹ ਦੇਸ਼ ਵਿਰੋਧੀ ਤਾਕਤਾਂ ਨੂੰ ਪੰਜਾਬ ਦੇ ਹਿੱਤ ਵੇਚਣਾ ਚਾਹੁੰਦੇ ਹਨ।
ਬਰਨਾਲਾ 'ਚ ਲੋਕਾਂ ਦੇ ਭਾਰੀ ਇਕੱਠ ਵਿੱਚ ਪਬਲਿਕ ਮੀਟਿੰਗ ਨੂੰ ਸੰਬੋਧਨ ਕਰਦਿਆਂ, ਕੈਪਟਨ ਅਮਰਿੰਦਰ ਨੇ ਆਪ ਆਗੂ ਅਰਵਿੰਦ ਕੇਜਰੀਵਾਲ ਉਪਰ ਜ਼ੋਰਦਾਰ ਹਮਲਾ ਕੀਤਾ। ਉਨ੍ਹਾਂ ਨੇ ਆਪ ਆਗੂ ਨੂੰ ਉਸੇ ਸੋਚ ਦਾ ਮਾਲਿਕ ਦੱਸਿਆ, ਜਿਹੜੀ 1980 ਦੇ ਦਹਾਕੇ 'ਚ ਪੰਜਾਬ ਨੂੰ ਅੱਤਵਾਦ 'ਚ ਧਕੇਲਦਿਆਂ 35,000 ਤੋਂ ਵੱਧ ਲੋਕਾਂ ਦੀਆਂ ਜ਼ਿੰਦਗੀਆਂ ਦੇ ਨੁਕਸਾਨ ਦਾ ਕਾਰਨ ਬਣੀ ਸੀ। ਪ੍ਰਦੇਸ਼ ਕਾਂਗਰਸ ਪ੍ਰਧਾਨ ਤੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਸੱਜੀਆਂ (ਨਕਸਲੀ) ਤੇ ਖੱਬੀਆਂ (ਖਾਲਿਸਤਾਨੀ) ਵਿਚਾਰਧਾਰਾਵਾਂ ਵਿਚਾਲੇ ਚੱਲਦੀ ਆ ਰਹੀ ਆਪ ਦੇ ਕੋਲ ਸਾਫ ਤੌਰ 'ਤੇ ਪੰਜਾਬ ਦੇ ਵਿਕਾਸ ਨੂੰ ਲੈ ਕੇ ਕੋਈ ਵੀ ਨੀਤੀ ਜਾਂ ਪ੍ਰੋਗਰਾਮ ਨਹੀਂ ਹੈ ਅਤੇ ਇਸਦੇ ਆਗੂ, ਕੇਜਰੀਵਾਲ ਸਿਰਫ ਝੂਠੇ ਵਾਅਦਿਆਂ ਰਾਹੀਂ ਸੂਬੇ ਉਪਰ ਕਬਜ਼ਾ ਕਰਨਾ ਚਾਹੁੰਦੇ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਕੇਜਰੀਵਾਲ ਦੀ ਅੱਖ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਉਪਰ ਹੈ ਅਤੇ ਇਸੇ ਤਰ੍ਹਾਂ, ਉਹ ਪ੍ਰਧਾਨ ਮੰਤਰੀ ਵੀ ਬਣਨਾ ਚਾਹੁੰਦੇ ਹਨ। ਉਨ੍ਹਾਂ ਨੇ ਆਪ ਨੂੰ ਵੱਖ ਵੱਖ ਵਿਚਾਰਧਾਰਾਵਾਂ ਦੀ ਖਿਚੜੀ ਦੱਸਿਆ, ਜਿਹੜੀ ਸੂਬੇ ਦਾ ਮਾਹੌਲ ਬਿਗਾੜ ਦੇਵੇਗੀ।
ਉਨ੍ਹਾਂ ਨੇ ਪੰਜਾਬ ਨਾਲ ਕੋਈ ਸਬੰਧ ਨਾ ਰੱਖਣ ਵਾਲੇ ਕੇਜਰੀਵਾਲ ਨੂੰ ਪੂਰੀ ਤਰ੍ਹਾਂ ਨਾਲ ਇਕ ਬਾਹਰੀ ਵਿਅਕਤੀ ਦੱਸਦਿਆਂ ਕਿਹਾ ਕਿ ਰੱਬ ਨਾ ਕਰੇ, ਜੇਕਰ ਇਹ ਆਪਣੀ ਸੋਚ 'ਚ ਕਾਮਯਾਬ ਹੋਣ 'ਚ ਸਫਲ ਹੋ ਗਏ, ਤਾਂ ਪੰਜਾਬ ਇਕ ਵਾਰ ਫਿਰ ਤੋਂ ਅੱਤਵਾਦੀ ਤਾਕਤਾਂ ਦੇ ਸ਼ਿਕੰਜੇ 'ਚ ਹੋਵੇਗਾ। ਕੈਪਟਨ ਅਮਰਿੰਦਰ ਨੇ ਫੋਰਡ ਫਾਉਂਡੇਸ਼ਨ ਤੋਂ ਫੰਡ ਹਾਸਿਲ ਕਰਨ ਵਾਲੀ ਦਿੱਲੀ ਦੇ ਮੁੱਖ ਮੰਤਰੀ ਦੀ ਐਨ.ਜੀ.ਓ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸਨੂੰ ਸੀ.ਆਈ.ਏ, ਖਾਲਿਸਤਾਨੀ ਤੇ ਭਾਰਤ ਵਿਰੋਧੀ ਸਾਰੀਆਂ ਹੋਰ ਤਾਕਤਾਂ ਦਾ ਸਮਰਥਨ ਪ੍ਰਾਪਤ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਆਪ ਵੱਲੋਂ ਪੰਜਾਬ 'ਚ ਇਸ਼ਤਿਹਾਰਾਂ ਤੇ ਪ੍ਰਚਾਰ ਉਪਰ ਭਾਰੀ ਖਰਚਾ ਕੀਤੇ ਜਾਣ ਦਾ ਖੁਲਾਸਾ ਕਰਦਿਆਂ, ਕੇਜਰੀਵਾਲ ਤੋਂ ਇਨ੍ਹਾਂ ਸਾਰਿਆਂ ਲਈ ਫੰਡਾਂ 'ਤੇ ਸਵਾਲ ਕੀਤਾ ਅਤੇ ਲੋਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਇਨ੍ਹਾਂ ਨੂੰ ਹਿਮਾਇਤ ਦੇਣਾ ਪੰਜਾਬ ਦੇ ਹਿੱਤਾਂ ਲਈ ਹਾਨੀਕਾਰਕ ਹੋਵੇਗਾ।
ਕੈਪਟਨ ਅਮਰਿੰਦਰ ਨੇ ਦਿੱਲੀ ਅੰਦਰ ਕੇਜਰੀਵਾਲ ਦੇ ਦੋ ਸਾਲਾਂ ਤੋਂ ਵੱਧ ਦੇ ਸ਼ਾਸਨ ਉਪਰ ਵੀ ਸਵਾਲ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਕੌਮੀ ਰਾਜਧਾਨੀ ਦੇ ਲੋਕਾਂ ਨਾਲ ਵਾਅਦੇ ਕਰਨ ਦੀ ਬਜਾਏ ਕੁਝ ਨਹੀਂ ਕੀਤਾ ਹੈ ਤੇ ਇਹ ਪੰਜਾਬ ਅੰਦਰ ਵੀ ਹੁਣ ਇਹੋ ਕਰ ਰਹੇ ਹਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕੇਜਰੀਵਾਲ ਅਤੇ ਪ੍ਰਕਾਸ਼ ਸਿੰਘ ਬਾਦਲ, ਦੋਨਾਂ ਨੂੰ ਮਹਾ ਗੱਪੂ ਕਰਾਰ ਦਿੰਦਿਆਂ ਕਿਹਾ ਕਿ ਇਨ੍ਹਾਂ ਉਪਰ ਬਿਲਕੁਲ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਜਿਥੇ ਬਾਦਲ ਪੰਜਾਬ ਦੇ ਲੋਕਾਂ ਦੀ ਲਾਗਤ 'ਚ ਪੈਸੇ ਇਕੱਠੇ ਕਰਨ 'ਚ ਰੁੱਝੇ ਹੋਏ ਹਨ, ਉਥੇ ਹੀ ਕੇਜਰੀਵਾਲ ਹੁਣ ਆਪਣੇ ਹਿੱਤਾਂ ਨੂੰ ਵਾਧਾ ਦੇਣ ਵਾਸਤੇ ਸੂਬੇ 'ਚ ਜੋ ਕੁਝ ਵੀ ਬੱਚਿਆ ਹੈ, ਉਸਨੂੰ ਕਬਜ਼ਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਕੈਪਟਨ ਅਮਰਿੰਦਰ ਨੇ ਦੁਹਰਾਇਆ ਕਿ ਉਨ੍ਹਾਂ ਨੇ ਬਾਦਲ ਨੂੰ ਪੂਰੀ ਤਰ੍ਹਾਂ ਉਖਾੜਨ ਵਾਸਤੇ ਲੰਬੀ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਸਰਕਾਰ ਨੇ ਪੰਜਾਬ ਦੇ ਵਿਕਾਸ ਦਾ ਹਰੇਕ ਨਿਸ਼ਾਨ ਵੀ ਮਿਟਾ ਦਿੱਤਾ ਹੈ ਤੇ ਇਨ੍ਹਾਂ ਦੇ ਆਗੂਆਂ ਨੂੰ ਇਸਦਾ ਹਰਜ਼ਾਨਾ ਭੁਗਤਣਾ ਪਵੇਗਾ।
ਉਨ੍ਹਾਂ ਨੇ ਵਾਅਦਾ ਕੀਤਾ ਕਿ ਉਹ ਸੂਬੇ 'ਚ ਧਾਰਮਿਕ ਬੇਅਦਬੀਆਂ ਦੀਆਂ ਘਟਨਾਵਾਂ ਲਈ ਦੋਸ਼ੀ ਪਾਏ ਗਏ ਬਾਦਲਾਂ ਅਤੇ ਹੋਰ ਹਰ ਕਿਸੇ ਵਿਅਕਤੀ ਨੂੰ ਜੇਲ ਭੇਜ ਦੇਣਗੇ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਪੰਜਾਬ ਅੰਦਰ ਧਾਰਮਿਕ ਅਸਹਿਣਸ਼ੀਲਤਾ ਨੂੰ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕੀਤਾ ਜਾਵੇਗਾ, ਜਿਹੜਾ ਪਹਿਲਾਂ ਤੋਂ ਹੀ ਸੰਪ੍ਰਦਾਇਕ ਝਗੜੇ ਤੇ ਅੱਤਵਾਦ ਕਾਰਨ ਭਾਰੀ ਨੁਕਸਾਨ ਦਾ ਸਾਹਮਣਾ ਕਰ ਚੁੱਕਾ ਹੈ।
ਕੈਪਟਨ ਅਮਰਿੰਦਰ ਨੇ ਛੋਟੇ ਬਾਦਲ (ਸੁਖਬੀਰ ਬਾਦਲ), ਜਿਹੜੇ ਸਰਕਾਰੀ ਫੰਡਾਂ ਨੂੰ ਮੋੜ ਕੇ ਹੋਟਲ ਅਤੇ ਹੋਰ ਜਾਇਦਾਦਾਂ ਬਣਾਉਣ 'ਚ ਰੁੱਝੇ ਹੋਏ ਹਨ, ਨੂੰ ਸਜ਼ਾ ਦੇਣ ਦਾ ਵਾਅਦਾ ਕੀਤਾ ਅਤੇ ਲੰਬੂ (ਬਿਕ੍ਰਮ ਸਿੰਘ ਮਜੀਠੀਆ) ਨੂੰ ਵੀ ਨਸ਼ਿਆਂ ਤੇ ਚਿੱਟੇ ਰਾਹੀਂ ਸੂਬੇ ਦੀ ਪੂਰੀ ਨੌਜ਼ਵਾਨ ਪੀੜ੍ਹੀ ਨੂੰ ਬਰਬਾਦ ਕਰਨ ਦੇ ਗੁਨਾਹ ਬਦਲੇ ਸਜ਼ਾ ਭੁਗਤਣੀ ਪਵੇਗੀ।
ਕੈਪਟਨ ਅਮਰਿੰਦਰ ਨੇ ਸੂਬੇ ਅੰਦਰ ਵੱਡੇ ਪੱਧਰ 'ਤੇ ਬੇਰੁਜ਼ਗਾਰੀ ਅਤੇ ਮਾਫੀਆ ਰਾਜ ਸਮੇਤ ਖੇਤੀਬਾੜੀ ਤੇ ਉਦਯੋਗਿਕ ਖੇਤਰ ਦੇ ਢਹਿਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਕਾਲੀਆਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ ਅਤੇ ਇਸਦੀ ਅਰਥ ਵਿਵਸਥਾ ਨੂੰ ਗੋਢਿਆਂ 'ਤੇ ਲਿਆ ਦਿੱਤਾ ਹੈ।
ਕੈਪਟਨ ਅਮਰਿੰਦਰ ਨੇ ਬਾਦਲ ਭਗਾਓ, ਕੈਪਟਨ ਲਿਆਓ ਦੀਆਂ ਤੇਜ਼ ਅਵਾਜ਼ਾ ਦੌਰਾਨ ਕਿਹਾ ਕਿ ਉਹ ਇਨ੍ਹਾਂ 'ਚੋਂ ਕਿਸੇ ਨੂੰ ਵੀ ਨਹੀਂ ਬਖ਼ਸਣਗੇ।
ਬਰਨਾਲਾ ਤੋਂ ਕਾਂਗਰਸ ਉਮੀਦਵਾਰ ਕੇਵਲ ਸਿੰਘ ਢਿਲੋਂ ਵੀ ਬਾਦਲਾਂ ਉਪਰ ਬਰਨਾਲਾ ਨੂੰ ਨਜ਼ਰਅੰਦਾਜ਼ ਕਰਨ ਲਈ ਜ਼ੋਰਦਾਰ ਵਰ੍ਹੇ ਅਤੇ ਖੇਤਰ ਦੇ ਵਿਕਾਸ 'ਚ ਪੂਰੀ ਤਰ੍ਹਾਂ ਪਿਛੜਨ ਨੂੰ ਲੈ ਕੇ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ।