ਲੁਧਿਆਣਾ, 29 ਜਨਵਰੀ, 2017 : ਜਿਲ੍ਹੇ ਦੇ ਹਲਕਾ ਦਾਖਾ ਦਾ ਸ਼ਮਾਰ ਪੰਜਾਬ ਦੇ ਵਕਾਰੀ ਹਲਕਿਆਂ ਵਿੱਚ ਹੋ ਰਿਹਾ ਹੈ। ਆਮ ਆਦਮੀ ਪਾਰਟੀ ਵੱਲੋਂ ਚੀਫ ਮਨਿਸਟਰੀ ਦੇ ਦਾਅਵੇਦਾਰ ਹਰਵਿੰਦਰ ਸਿੰਘ ਫੂਲਕਾ ਇਥੋਂ ਹੀ ਖੜ੍ਹੇ ਨੇ ਤੇ ਅਕਾਲੀ ਵੱਲੋਂ ਤੇਜ਼ ਤਰਾਰ ਡੂੰਘੇ ਲੋਕ ਅਧਾਰ ਵਾਲੇ ਨੌਜੁਵਾਨ ਆਗੂ ਸ. ਮਨਪ੍ਰੀਤ ਸਿੰਘ ਇਯਾਲੀ ਇਥੋਂ ਚੋਣ ਲੜ ਰਹੇ ਹਨ। ਕਾਂਗਰਸ ਵੱਲੋਂ ਸਿਆਸੀ ਪਿਛੋਕੜ ਵਾਲੇ ਆਗੂ ਤੇ ਰਾਹੁਲ ਗਾਂਧੀ ਤੋਂ ਸਿੱਧਾ ਟਿਕਟ ਹਾਸਲ ਕਰਨ ਵਾਲੇ ਮੇਜਰ ਸਿੰਘ ਭੈਣੀ ਇਸੇ ਹਲਕੇ ਤੋਂ ਜ਼ੋਰ ਅਜ਼ਮਾਈ ਕਰ ਰਹੇ ਨੇ। ਮਨਪ੍ਰੀਤ ਸਿੰਘ ਇਯਾਲੀ ਮੌਜੂਦਾ ਐਮ. ਐਲ. ਏ. ਹਨ। ਹਲਕਾ ਜਨਰਲ ਹੋਣ ਤੋਂ ਬਾਅਦ ਬੀਤੇ 8 ਵਰ੍ਹਿਆਂ ਤੋਂ ਹਲਕੇ ਦੀ ਕਮਾਨ ਸੰਭਾਲ ਰਹੇ ਨੇ। ਹਰਵਿੰਦਰ ਸਿੰਘ ਫੂਲਕਾ 2014 ਚ ਜਿਸ ਲੁਧਿਆਣਾ ਹਲਕੇ ਤੋਂ ਚੋਣ ਲੜ ਚੁੱਕੇ ਨੇ ਹਲਕਾ ਦਾਖਾ ਵੀ ਉਸੇ ਚ ਪੈਂਦਾ ਹੈ। ਮੇਜਰ ਸਿੰਘ ਭੈਣੀ ਦੇ ਪਿਤਾ ਗੁਰਦੀਪ ਸਿੰਘ ਭੈਣੀ ਦੋ ਵਾਰ ਹਲਕਾ ਦਾਖਾ ਤੋਂ ਐਮ. ਐਲ. ਏ. ਰਹਿ ਚੁੱਕੇ ਨੇ ਤੇ ਐਂਤਕੀ ਜਗਰਾਉਂ ਦੇ ਬਹੁਤੇ ਪਿੰਡ ਹਲਕਾ ਦਾਖਾ ਵਿਚ ਆਏ ਹਨ। ਮਨਪ੍ਰੀਤ ਸਿੰਘ ਇਯਾਲੀ ਨੂੰ ਚੋਣ ਲੜਣ ਦਾ ਡੂੰਘਾ ਤਜ਼ਰਬਾ ਹੈ। ਉਹਨਾਂ ਦੀ ਕਮਾਨ ਹੇਠ ਇਥੋਂ 2 ਲੋਕ ਸਭਾ ਚੋਣਾਂ ਤੇ 2 ਵਿਧਾਨ ਸਭਾ ਚੋਣਾਂ ਲੜੀਆ ਗਈਆ ਹਨ। ਹਲਕੇ ਦੇ ਲਗਭਗ 95 ਫੀਸਦੀ ਪਿੰਡਾਂ ਦੇ ਸਰਪੰਚ ਅਕਾਲੀ ਦਲ ਦੇ ਬੰਦੇ ਨੇ। ਹਰੇਕ ਪਿੰਡ ਚੋਂ ਲਗਭਗ 20-20 ਵਰਕਰਾਂ ਨਾਲ ਸ. ਇਆਲੀ ਦਾ ਸਿੱਧਾ ਰਾਬਤਾ ਹੈ। ਹਰੇਕ ਪਿੰਡ ਨੂੰ ਲੱਖਾਂ ਰੁਪਈਆ ਦੀਆਂ ਗਰਾਟਾਂ ਤੋਂ ਇਲਾਵਾ ਹਲਕੇ ਵਿੱਚ 70 ਮੌਡਰਨ ਖੇਡ ਪਾਰਕਾਂ ਦੀ ਉਸਾਰੀ ਇਯਾਲੀ ਦੀ ਚੋਣ ਮੁਹਿੰਮ ਦਾ ਵੱਡਾ ਮੁੱਦਾ ਹੈ ਪਰ ਸਰਕਾਰ ਵਿਰੋਧੀ ਭਾਵਨਾਵਾਂ ਇੰਨ੍ਹਾਂ ਮੁੱਦਿਆਂ ਤੇ ਹਾਵੀ ਹੋ ਰਹੀਆਂ ਦਿਸਦੀਆਂ ਹਨ।
ਮੇਜਰ ਸਿੰਘ ਭੈਣੀ ਦੀ ਚੋਣ ਮੁਹਿੰਮ ਦਾ ਦਾਰੋਮਦਾਰ ਅਮਰਿੰਦਰ ਸਿੰਘ ਸਖਸ਼ੀਅਤ ਤੇ ਬਤੌਰ ਮੁੱਖ ਮੰਤਰੀ ਦੀ ਕੈਪਟਨ ਸਰਕਾਰ ਵੱਲੋਂ ਕੀਤੇ ਕਿਸਾਨ ਹਿਤੈਸ਼ੀ ਕੰਮਾਂ ਤੇ ਹੈ।ਪਰ ਬੀਤੇ ਸਮੇਂ ਵਿੱਚ ਮਨਪ੍ਰੀਤ ਸਿੰਘ ਇਯਾਲੀ ਦੀ ਅੰਦਰ ਖਾਤੇ ਕੀਤੀ ਹਮਾਇਤ ਤੇ ਕਾਂਗਰਸੀ ਵਰਕਰਾਂ ਤੇ ਆਏ ਔਖੇ ਸਮੇਂ ਚ ਉਨ੍ਹਾਂ ਦੀ ਖਾਤਰ ਬਾਹਰ ਨਾ ਨਿਕਲਣ ਕਾਰਨ ਹੀ ਕਾਂਗਰਸੀ ਵਰਕਰਾਂ ਚ ਉਤਸ਼ਾਹ ਨਹੀਂ ਭਰ ਰਿਹਾ । ਇਸੇ ਕਰਕੇ ਹੀ ਉਨ੍ਹਾਂ ਦੀ ਪੁਜੀਸ਼ਨ ਤੀਜੇ ਨੰਬਰ ਵਾਲੀ ਸਾਫ ਦਿਖਾਈ ਦੇ ਰਹੀ ਹੈ। ਉਹਨਾਂ ਦੇ ਪਹਿਲੇ ਦੂਜੇ ਵਾਲੇ ਮੁਕਾਬਲੇ ਚੋਂ ਬਾਹਰ ਹੋਣ ਵਾਲੀ ਸੂਰਤੇਹਾਲ ਕਰਕੇ ਕਾਂਗਰਸੀ ਵੋਟ ਦਾ ਆਂਕੜਾ ਐਤਕੀਂ ਇਤਿਹਾਸਕ ਨਿਵਾਣ ਛੂਹ ਜਾਣ ਦੀ ਤਵੱਕੋ ਕੀਤੀ ਜਾ ਰਹੀ ਹੈ। ਹਰਵਿੰਦਰ ਸਿੰਘ ਫੂਲਕਾ ਦੀ ਚੋਣ ਮੁਹਿੰਮ ਉਹਨਾਂ ਵੱਲੋਂ ਦਿੱਲੀ ਦੇ ਸਿੱਖ ਵਿਰੋਧੀ ਕਤਲੇਆਮ ਦੇ ਗੁਨਾਹਗਾਰਾਂ ਨੂੰ ਸਜਾ ਦਿਵਾਉਣ ਵਾਲੇ ਕੇਸਾਂ ਦੀ ਮੁਫਤ ਪੈਰਵਈ ਕਰਨ ਵਾਲੇ ਮੁੱਦੇ ਤੋਂ ਇਲਾਵਾ ਅਕਾਲੀ ਰਾਜ ਦੇ ਦੌਰਾਨ ਗੁਰੂ ਗਰੰਥ ਸਾਹਿਬ ਦੀ ਹੋਈ ਬੇਅਦਬੀ ਤੇ ਇਸੇ ਦੌਰ ਵਿੱਚ ਨਸ਼ਿਆਂ ਦੇ ਹੋਏ ਪਸਾਰੇ ਨੂੰ ਮੁੱਖ ਮੁੱਦਾ ਬਣਾਇਆ ਜਾ ਰਿਹਾ ਹੈ। ਅਕਾਲੀ ਸਰਕਾਰ ਦੇ ਖਿਲਾਫ ਖਾਸਕਰ ਇੰਨ੍ਹਾਂ ਮੁੱਦਿਆਂ ਤੇ ਹੀ ਸੁਲਗ ਰਹੇ ਗੁੱਸੇ ਕਾਰਨ ਫੂਲਕਾ ਦੇ ਹੱਕ ਵਿੱਚ ਚੰਗਾ ਲੋਕ ਉਭਾਰ ਕਲੀਅਰ ਦਿਖਾਈ ਦੇ ਰਿਹਾ। ਇਹੀ ਉਭਾਰ ਦੇਖਦਿਆਂ ਤੇ ਲੋਕ ਸਭਾ ਦੇ ਅੰਕੜਿਆਂ ਨੂੰ ਮੁੱਖ ਰੱਖਦਿਆਂ ਫੂਲਕਾ ਆਪਦੀ ਜਿੱਤ ਪੱਕੀ ਮੰਨੀ ਬੈਠੇ ਹਨ। ਅਪ੍ਰੈਲ 2014 ਚ ਹੋਈ ਲੋਕ ਸਭਾ ਚੋਣ ਮੌਕੇ ਹਲਕਾ ਦਾਖਾ ਵਿੱਚ ਉਮੀਦਵਾਰ ਨੂੰ ਮਿਲੀਆਂ ਵੋਟਾਂ ਇਸ ਤਰ੍ਹਾਂ ਹਨ। ਹਰਵਿੰਦਰ ਸਿੰਘ ਫੂਲਕਾ 46518, ਮਨਪ੍ਰੀਤ ਸਿੰਘ ਇਯਾਲੀ 40736, ਰਵਨੀਤ ਸਿੰਘ ਬਿੱਟੂ (ਕਾਂਗਰਸ) 29893 ਤੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਵਾਲੀ ਲੋਕ ਇਨਸਾਫ ਦੇ ਮੁਖੀ ਤੇ ਉਦੋਂ ਅਜ਼ਾਦ ਉਮੀਦਵਾਰ ਸਿਮਰਨਜੀਤ ਸਿੰਘ ਬੈਂਸ ਨੂੰ 10637 ਵੋਟਾਂ ਮਿਲੀਆਂ ਸੀ।
ਉਧਰ ਮਨਪ੍ਰੀਤ ਸਿੰਘ ਇਯਾਲੀ ਵੀ ਆਪਦੀ ਜਿੱਤ ਪੱਕੀ ਮੰਨ ਰਹੇ ਹਨ। ਉਹਨਾਂ ਦੇ ਹਿਮਾਇਤੀ ਲੋਕ ਸਭਾ ਚੋਣਾਂ ਦੌਰਾਨ ਇਯਾਲੀ ਦੀਆ ਵੋਟਾਂ ਘੱਟਣ ਕਾਰਨ ਉਹਨਾਂ ਦੇ ਹੱਦੋਂ ਵੱਧ ਭਰੋਸੇ ਯਾਨੀ ਓਵਰ ਕੌਨਫੀਡੈਂਸ ਨੂੰ ਮੰਨ ਰਹੇ ਹਨ ਤੇ ਦਾਅਵਾ ਕਰ ਰਹੇ ਨੇ ਉਨ੍ਹਾਂ ਨੇ ਪਿਛਲੀਆਂ ਸਾਰੀਆਂ ਖਾਮੀਆ ਦੂਰ ਕਰ ਲਈਆਂ ਨੇ। ਇਯਾਲੀ ਚੋਣ ਕਲਾ ਦੇ ਮਾਹਿਰ ਹਨ। ਭਾਵੇਂ ਚੋਣ ਪ੍ਰਚਾਰ ਦੌਰਾਨ ਸੰਕੇਤ ਉਸ ਦੇ ਕਿੰਨਾ ਹੀ ਖਿਲਾਫ ਕਿਉਂ ਨਾ ਜਾਂਦੇ ਹੋਣ, ਪਰ ਪਿਲੰਗ ਵਾਲੇ ਦਿਨ ਵਰਤੀ ਜਾਣ ਵਾਲੀ ਲਾਜਵਾਬ ਚੋਣ ਮੈਨੇਜਮਂੈਟ ਕਾਰਨ ਹਾਲਾਤ ਨੂੰ ਆਪਦੇ ਹੱਕ ਵਿੱਚ ਦੇਣ ਦੀ ਜੁਗਤ ਉਨ੍ਹਾਂ ਕੋਲ ਹੈ ਇਸ ਵਿੱਚ ਕੋਈ ਸ਼ੱਕ ਨਹੀਂ। ਚੋਣ ਮੈਨੇਜਮੈਂਟ ਦੀ ਮਾਹਰਤ ਹੀ ਇਯਾਲੀ ਦੇ ਕੌਨਫੀਡੈਸ ਵਿੱਚ ਵਾਧਾ ਕਰ ਰਹੀ ਹੈ।
ਸਰਕਾਰ ਵਿਰੋਧੀ ਭਾਵਨਾਵਾਂ ਤੇ ਪਿਛਲੇ ਅੰਕੜਿਆ ਦੇ ਆਧਾਰ ਤੇ ਆਪ ਦੀ ਜਿੱਤ ਬਾਬਤ ਸ. ਫੂਲਕਾ ਕੌਨਫੀਡੈਂਸ ਵਿੱਚ ਨੇ। ਲੋਕ ਸਭਾ ਚ ਸ. ਬੈਂਸ ਵੱਲੋਂ ਲਈ ਗਈ 10 ਹਜ਼ਾਰ ਵੋਟ ਨੂੰ ਆਪਣੇ ਖਾਤੇ ਚ ਪਾਉਣ ਤੋਂ ਇਲਾਵਾ ਉਹ ਇਹ ਮੰਨ ਰਹੇ ਹਨ ਕਿ ਕਾਂਗਰਸ ਦੀ ਜਿੰਨੀ ਵੋਟ ਘਟੂਗੀ ਉਹ ਵੀ ਉਹਨਾਂ ਨੂੰ ਹੀ ਮਿਲੇਗੀ। ਪਰ ਫੂਲਕਾ ਵੱਲੋਂ ਆਪਦਾ ਇਲਾਕਾ ਛੱਡ ਕੇ ਬਾਹਰਲੇ ਹਲਕਿਆਂ ਪ੍ਰਚਾਰ ਵਿੱਚ ਕਰਨ ਅਤੇ ਪ੍ਰੈਸ ਕਾਨਫਰੰਸ ਲਈ ਜਲੰਧਰ ਤੱਕ ਜਾਣ ਵਰਗੀਆਂ ਗੱਲਾਂ ਤੋਂ ਇਹੀ ਮਹਿਸੂਸ ਕੀਤਾ ਜਾਂਦਾ ਹੈ ਕਿ ਉਹਨਾਂ ਦਾ ਕੌਨਫੀਡੈਂਸ ਓਵਰ ਹੋ ਗਿਆ ਹੈ। ਭਾਵ ਉਹ ਓਵਰ ਕੌਨਫੀਡੈਂਸ ਚ ਹਨ। ਇਹ ਓਵਰ ਕੌਨਫੀਡੈਂਸ ਏਨੀ ਬੁਰੀ ਬਲਾ ਹੈ ਜੀਹਦਾ ਸੁਆਦ ਪਿਛਲੀ ਵਾਰ ਦਾਖਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਜੱਸੀ ਖੰਗੂੜਾ ਦੇਖ ਚੁੱਕੇ ਹਨ। ਜਿਹੋ ਜਿਹਾ ਉਭਾਰ ਐਤਕੀਂ ਦਾਖਾ ਹਲਕੇ ਚ ਫੂਲਕਾ ਦੇ ਹੱਕ ਵਿੱਚ ਹੈ ਉਹੋ ਜਿਹਾ ਉਭਾਰ ਹੀ ਪਿਛਲੀ ਦਫਾ ਜੱਸੀ ਖੰਗੁੜਾ ਦੇ ਹੱਕ ਵਿੱਚ ਸੀ। ਪੋਲਿੰਗ ਅਤੇ ਵੋਟਾਂ ਦੀ ਗਿਣਤੀ ਚ ਲਗਭਗ ਇੱਕ ਮਹੀਨੇ ਦਾ ਵਕਫਾ ਸੀ। ਉਹਨਾਂ ਦੇ ਮੁਕਾਬਲੇ ਉਦੋਂ ਵੀ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਹੀ ਸਨ। ਇੰਟੈਲੀਜੈਂਸ ਮਹਿਕਮੇ ਦੇ ਅਫਸਰਾਂ ਦੀਆ ਰਿਪੋਰਟਾਂ ਤੋਂ ਫੁੱਲੇ ਨਾ ਸਮਾਏ ਜੱਸੀ ਖੰਗੂੜਾ ਨੇ ਜਿੱਤ ਦੇ ਜ਼ਸ਼ਨ ਮਨਾਉਣ ਲਈ ਮੈਰਿਜ ਪੈਲੇਸ ਵੀ ਬੁੱਕ ਕਰਾ ਲਿਆ ਸੀ ਤੇ ਆਪਦੇ ਫੇਸ ਬੁੱਕ ਪੇਜ਼ ਤੇ ਹਮਾਇਤੀਆਂ ਨੂੰ ਜਸ਼ਨ ਮਨਾਉਣ ਦੀ ਤਿਆਰੀ ਕਸਣ ਦਾ ਸੱਦਾ ਵੀ ਦੇ ਦਿੱਤਾ ਸੀ। ਪਰ ਚੋਣ ਨਤੀਜੇ ਚ ਜੱਸੀ ਖੰਗੂੜਾ ਦਾ ਪਾਸਾ ਪੁੱਠਾ ਪੈ ਗਿਆ ਤੇ ਉਹ 16 ਹਜ਼ਾਰ ਵੋਟਾਂ ਤੇ ਚੋਣ ਹਾਰ ਗਏ ਸੀ। ਸੋ ਇਹ ਜ਼ਰੂਰੀ ਨਹੀਂ ਹੈ ਕਿ ਜੋ ਅੱਜ ਦਿਸ ਰਿਹਾ ਹੈ ਕਿ ਚੋਣ ਨਤੀਜਾ ਉਹੋ ਜਿਹਾ ਹੀ ਹੋਵੇ।