ਫਾਈਲ ਫੋਟੋ
ਲੰਬੀ, 29 ਜਨਵਰੀ, 2017 : ਆਮ ਆਦਮੀ ਪਾਰਟੀ ਨੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਉਤੇ ਲੰਬੀ ਰੈਲੀ ਦੌਰਾਨ ਨਸ਼ਾ ਵਰਤਾਏ ਜਾਣ ਅਤੇ ਭੀੜ ਵਿਖਾਉਣ ਲਈ ਬਾਹਰੋਂ ਲੋਕ ਲਿਆਉਣ ਦਾ ਦੋਸ਼ ਲਗਾਇਆ। ਆਮ ਆਦਮੀ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਇੱਥੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਕਾਂਗਰਸ ਦੀ ਲੰਬੀ ਰੈਲੀ ਦੌਰਾਨ ਭੁੱਕੀ ਖਾਂਦੇ ਲੋਕਾਂ ਦਾ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋਇਆ ਹੈ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਪੰਜਾਬ ਵਿੱਚ ਨਸ਼ਾ ਲਿਆਉਣ ਲਈ ਜਿੰਮੇਵਾਰ ਹਨ ਅਤੇ ਵੋਟਰਾਂ ਨੂੰ ਭਰਮਾਉਣ ਲਈ ਨਸ਼ੇ ਦਾ ਇਸਤੇਮਾਲ ਕਰ ਰਹੇ ਹਨ, ਜਦਕਿ ਪੰਜਾਬ ਵਿਧਾਨ ਸਭਾ ਚੋਣਾਂ ਨਸ਼ਿਆਂ ਅਤੇ ਗੈਰ-ਕਾਨੂੰਨੀ ਮਾਇਨਿੰਗ ਦੇ ਮੁੱਦਿਆਂ ਉਤੇ ਲੜੀਆਂ ਜਾ ਰਹੀਆਂ ਹਨ।
ਉਨਾਂ ਕਿਹਾ ਕਿ ਇੱਕ ਪਾਸੇ ਤਾਂ ਕੈਪਟਨ ਅਮਰਿੰਦਰ ਸਿੰਘ 24 ਘੰਟਿਆਂ ਵਿੱਚ ਨਸ਼ਾ ਖਤਮ ਕਰਨ ਦੀ ਗੱਲ ਕਹਿ ਰਹੇ ਹਨ ਅਤੇ ਦੂਜੇ ਪਾਸੇ ਉਨਾਂ ਵੱਲੋਂ ਇਕੱਠੀ ਭੀੜ ਨੂੰ ਨਸ਼ੇ ਲਈ ਵਧਾਵਾ ਦਿੱਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਭੀੜ ਨੂੰ ਆਕ੍ਰਿਸ਼ਤ ਕਰਨ ਲਈ ਬੱਬੂ ਮਾਨ ਅਤੇ ਰੁਪਿੰਦਰ ਮਾਨ ਜਿਹੇ ਗਾਇਕਾਂ ਦਾ ਵੀ ਸਹਾਰਾ ਲਿਆ ਗਿਆ।
ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਉਸ ਸਮੇਂ ਆਪਣੀ ਦੂਜੀ ਰੈਲੀ ਰੱਦ ਕਰ ਦਿੱਤੀ, ਜਦੋਂ ਉਨਾਂ ਨੇ ਸੁਣਿਆ ਕਿ ਰੈਲੀ ਵਿੱਚ ਥੋੜੇ ਜਿਹੇ ਲੋਕ ਹੀ ਆ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਨੂੰ 2007 ਅਤੇ 2012 ਵਿੱਚ ਲੋਕ ਨਕਾਰ ਚੁੱਕੇ ਹਨ ਅਤੇ ਤੀਸਰੀ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਹਾਰ ਦਾ ਮੂੰਹ ਵੇਖਣਾ ਪਵੇਗਾ।
ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਲੰਬੀ ਦੇ ਲੋਕਾਂ ਨੂੰ ਕਿਹਾ ਹੈ ਕਿ ਉਹ ਇੱਥੇ ਰਹਿਣਗੇ ਅਤੇ ਪਟਿਆਲਾ ਛੱਡ ਦੇਣਗੇ। ਉਨਾਂ ਨੇ ਅਜਿਹਾ ਹੀ ਪਟਿਆਲਾ ਵਿੱਚ ਵੀ ਕਿਹਾ ਕਿ ਉਹ ਬਾਦਲ ਨੂੰ ਹਰਾ ਕੇ ਪਟਿਆਲਾ ਵਿੱਚ ਵਾਪਿਸ ਆ ਜਾਣਗੇ। ਕੈਪਟਨ ਅਮਰਿੰਦਰ ਸਿੰਘ ਨੂੰ ਪਟਿਆਲਾ ਅਤੇ ਲੰਬੀ ਦੋਵੇ ਥਾਵਾਂ ਉਤੇ ਹਾਰ ਦਾ ਸਾਹਮਣਾ ਕਰਨਾ ਪਵੇਗਾ ਅਤੇ ਉਹ ਬਾਕੀ ਜਿੰਦਗੀ ਵਿੱਚ ਲੰਦਨ, ਲਾਹੌਰ ਜਾਂ ਦੁਬਈ ਜਾਣ ਲਈ ਆਜਾਦ ਹੋਣਗੇ।
ਭਗਵੰਤ ਮਾਨ ਨੇ ਕਿਹਾ ਕਿ ਸਿੱਧੂ ਵੱਲੋਂ ਜਿਸ ਗਿੱਦੜਬਾਹਾ ਵਿੱਚ ਰੈਲੀ ਨੂੰ ਸੰਬੋਧਨ ਕੀਤਾ ਗਿਆ ਸੀ, ਅਸਲ ਵਿੱਚ ਉਹ ਰਾਜਸਥਾਨ ਤੋਂ ਲਿਆਂਦੇ ਗਏ ਸ਼ਰਾਬੀ ਸਨ। ਉਨਾਂ ਕਿਹਾ ਕਿ ਰੈਲੀ ਦੀ ਪਾਰਕਿੰਗ ਵਾਲੀ ਥਾਂ ਉਤੇ ਰਾਜਸਥਾਨ ਦੇ ਨੰਬਰ ਵਾਲੀਆਂ ਬੱਸਾਂ ਖੜੀਆਂ ਸਾਫ ਵਿਖਾਈ ਦੇ ਰਹੀਆਂ ਸਨ ਅਤੇ ਸੜਕਾਂ ਕਿਨਾਰੇ ਲੋਕ ਸ਼ਰਾਬ ਦੇ ਨਸ਼ੇ ਵਿੱਚ ਲੜਖੜਾ ਰਹੇ ਸਨ।