ਚੰਡੀਗੜ੍ਹ, 29 ਜਨਵਰੀ, 2017 : ਪੰਜਾਬ ਵਿੱਚ ਸਿਆਸੀ ਬਦਲਾਅ ਦਾ ਸੁਪਨਾ ਲੈ ਕੇ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਤੋਂ ਆਏ ਹਜਾਰਾਂ ਪ੍ਰਵਾਸੀ ਭਾਰਤੀਆਂ ਵੱਲੋਂ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਵੱਡੀ ਗਿਣਤੀ ਵਿੱਚ ਕੈਨੇਡਾ, ਯੂਕੇ ਅਤੇ ਯੂਐਸਏ ਤੋਂ ਪ੍ਰਵਾਸੀ ਭਾਈਚਾਰੇ ਦੇ ਗਰੁੱਪਾਂ ਨੇ ਕਪੂਰਥਲਾ, ਫਿਲੌਰ, ਮਜੀਠਾ ਅਤੇ ਮਾਝਾ ਖੇਤਰ ਦੇ ਹੋਰ ਕਈ ਵਿਧਾਨ ਸਭਾ ਹਲਕਿਆਂ ਵਿੱਚ ਪ੍ਰਚਾਰ ਕੀਤਾ।
ਸਥਾਨਕ ਆਪ ਉਮੀਦਵਾਰਾਂ ਦੇ ਨਾਲ ਮਿਲ ਕੇ ਪ੍ਰਵਾਸੀ ਭਾਰਤੀਆਂ ਵੱਲੋਂ ਪਿੰਡਾਂ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਬਾਰੇ ਜਾਗਰੁਕ ਕੀਤਾ ਗਿਆ।
ਇਸ ਮੌਕੇ ਜੋਬਨ ਰੰਧਾਵਾ ਨੇ ਕਿਹਾ ਕਿ ਉਨਾਂ ਨੂੰ ਆਮ ਆਦਮੀ ਪਾਰਟੀ ਤੋਂ ਬਹੁਤ ਉਮੀਦਾਂ ਹਨ ਅਤੇ ਆਪਣੀ ਮਾਤ੍ਰ ਭੂਮੀ ਦਾ ਕਰਜਾ ਅਦਾ ਕਰਨ ਲਈ ਉਹ ਪੰਜਾਬ ਆਏ ਹਨ। ਜੋਬਨ ਰੰਧਾਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਜਿਹੀ ਇਕਲੌਤੀ ਪਾਰਟੀ ਹੈ, ਜੋ ਪੰਜਾਬ ਦੇ ਕਿਸਾਨਾਂ ਨੂੰ ਕਰਜਾ ਮੁਕਤ ਕਰਨ ਦੇ ਨਾਲ-ਨਾਲ ਲੋਕਾਂ ਨੂੰ ਅਕਾਲੀ ਅਤੇ ਕਾਂਗਰਸੀ ਆਗੂਆਂ ਦੇ ਚੁੰਗਲ ਤੋਂ ਛੁਡਾਉਣਾ ਚਾਹੁੰਦੀ ਹੈ, ਜਿਨਾਂ ਨੇ ਆਪਣੇ ਸੌੜੇ ਹਿਤਾਂ ਲਈ ਸਿਰਫ ਸਿਆਸਤ ਕੀਤੀ ਹੈ।
ਇਸ ਮੌਕੇ ਸੁਰਿੰਦਰ ਮਾਵੀ ਨੇ ਕਿਹਾ ਕਿ ਭ੍ਰਿਸ਼ਟ ਸਿਸਟਮ ਕਾਰਨ ਉਹ ਵਿਦੇਸਾਂ ਵਿੱਚ ਜਾ ਕੇ ਵਸ ਗਏ, ਪਰ ਉਹ ਇਸ ਸਿਸਟਮ ਨੂੰ ਵੋਟ ਦੀ ਤਾਕਤ ਰਾਹੀਂ ਸਹੀ ਕਰਨ ਲਈ ਵਾਪਿਸ ਆਏ ਹਨ। ਉਨਾਂ ਕਿਹਾ ਕਿ ਬੇਰੋਜਗਾਰੀ ਮੁੱਖ ਮੁੱਦਾ ਹੈ, ਜਿਸ ਕਾਰਨ ਨੌਜਵਾਨਾਂ ਨੂੰ ਆਪਣੀ ਧਰਤੀ ਤੋਂ ਦੂਰ ਵਿਦੇਸਾਂ ਵਿੱਚ ਜਾ ਕੇ ਵਸਣਾ ਪੈਂਦਾ ਹੈ। ਉਨਾਂ ਉਮੀਦ ਜਤਾਈ ਕਿ ਆਮ ਆਦਮੀ ਪਾਰਟੀ ਨੌਜਵਾਨਾਂ ਲਈ ਰੋਜਗਾਰ ਦੇ ਨਵੇਂ ਮੌਕੇ ਪੈਦਾ ਕਰੇਗੀ।
ਇਸ ਦੌਰਾਨ ਸੁਮੇਸ਼ ਹਾਂਡਾ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਿਆ ਗਿਆ ਹੈ, ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਵਪਾਰੀ ਹੋਰਨਾਂ ਸੂਬਿਆਂ ਵਿੱਚ ਜਾ ਰਹੇ ਹਨ। ਉਨਾਂ ਕਿਹਾ ਕਿ ਕਿਸੇ ਵੇਲੇ ਪੰਜਾਬ ਨੂੰ ਖੁਸ਼ਹਾਲੀ ਲਈ ਜਾਣਿਆ ਜਾਂਦਾ ਸੀ, ਪਰ ਰਵਾਇਤੀ ਪਾਰਟੀਆਂ ਨੇ ਪੰਜਾਬ ਨੂੰ ਤਹਿਸ-ਨਹਿਸ ਕਰਕੇ ਰੱਖ ਦਿੱਤਾ। ਉਨਾਂ ਕਿਹਾ ਕਿ ਪੰਜਾਬ ਦੀ ਖੁਸ਼ਹਾਲੀ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਗਠਨ ਬਹੁਤ ਜਰੂਰੀ ਹੈ।