ਸਠਿਆਲੀ/ਕਾਦੀਆਂ, 30 ਜਨਵਰੀ, 2017 : ਸ਼੍ਰੋਮਣੀ ਅਕਾਲੀ ਦਲ ਦੀ ਤੀਸਰੀ ਵਾਰ ਲਗਾਤਾਰ ਸਰਕਾਰ ਬਣਨ 'ਤੇ ਸਸਤਾ ਆਟਾ ਦਾਲ ਸਕੀਮ ਦਾ ਘੇਰਾ ਹੋਰ ਵਧਾਇਆ ਜਾਵੇਗਾ ਅਤੇ ਗਰੀਬ ਲੋਕਾਂ ਨੂੰ ਸਸਤਾ ਆਟਾ ਦਾਲ ਦੇਣ ਨਾਲ ਬਾਦਲ ਸਰਕਾਰ ਵੱਲੋਂ ਖੰਡ ਤੇ ਘਿਓ ਵੀ ਸਸਤੇ ਰੇਟ 'ਤੇ ਦਿੱਤਾ ਜਾਵੇਗਾ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਕਾਦੀਆਂ ਤੋਂ ਸਾਂਝੇ ਉਮੀਦਵਾਰ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਕਾਦੀਆਂ ਹਲਕੇ ਦੇ ਪਿੰਡ ਸਠਿਆਲੀ, ਚੱਕ ਸ਼ਰੀਫ, ਬਗੋਲ ਮੁੱਲਾਂਵਾਲ ਵਿਖੇ ਭਰਵੇਂ ਚੋਣ ਇਕੱਠਾਂ ਨੂੰ ਸੰਬੋਧਂ ਕਰਦਿਆਂ ਕੀਤਾ। ਜਥੇਦਾਰ ਸੇਖਵਾਂ ਨੇ ਕਿਹਾ ਕਿ ਸੂਬੇ ਅੰਦਰ ਜਦੋਂ ਵੀ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸਰਕਾਰ ਬਣੀ ਹੈ ਤਾਂ ਰਾਜ ਦੇ ਖਜ਼ਾਨੇ ਦਾ ਮੂੰਹ ਗਰੀਬਾਂ ਦੀ ਭਲਾਈ ਲਈ ਖੁੱਲਿਆ ਹੈ।
ਜਥੇਦਾਰ ਸੇਖਵਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਜੋ ਪਹਿਲਾਂ ਵੀ ਕਿਹਾ ਸੀ ਉਹ ਕਰਕੇ ਦਿਖਾਇਆ ਹੈ ਅਤੇ ਇਸ ਵਾਰ ਜੋ ਵੀ ਵਾਅਦੇ ਕੀਤੇ ਹਨ ਉਨ੍ਹਾਂ ਨੂੰ ਵੀ ਸਰਕਾਰ ਬਣਦਿਆਂ ਹੀ ਪੂਰਿਆਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਵੱਲੋਂ ਕਿਸਾਨਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਜਾਰੀ ਰੱਖੀ ਜਾਵੇਗੀ ਅਤੇ ਸਰਕਾਰ ਬਣਨ ਉਪਰੰਤ ਟਿਊਬਵੈਲਾਂ ਲਈ ਬਿਜਲੀ 10 ਘੰਟੇ ਬਿਜਲੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨ ਵਰਗ ਅਕਾਲੀ ਦਲ ਦੀ ਰੀਡ ਦੀ ਹੱਡੀ ਹੈ ਅਤੇ ਸੂਬੇ ਦੀ ਕਿਰਸਾਨੀ ਨੂੰ ਬਚਾਉਣ ਲਈ ਅਕਾਲੀ ਦਲ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਛੋਟੇ ਕਿਸਾਨਾਂ ਨੂੰ ਹਰ ਸਾਲ 2 ਲੱਖ ਰੁਪਏ ਦਾ ਕਰਜਾ ਬਿਨ੍ਹਾਂ ਵਿਆਜ ਤੋਂ ਦਿੱਤਾ ਜਾਵੇਗਾ ਅਤੇ ਕਣਕ ਝੋਨੇ ਤੇ ਹਰ ਵਾਰ ਆਪਣੇ ਕੋਲੋਂ 100 ਰੁਪਏ ਪ੍ਰਤੀ ਕਇੰਟਲ ਬੋਨਸ ਦਿੱਤਾ ਜਾਵੇਗਾ।
ਕਾਦੀਆਂ ਹਲਕੇ ਦੇ ਵਿਕਾਸ ਦੀ ਗੱਲ ਕਰਿਦਆਂ ਜਥੇਦਾਰ ਸੇਖਵਾਂ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨੇ ਪਿਛਲੇ ਸਮੇਂ 'ਚ ਕਾਦੀਆਂ ਹਲਕੇ ਦੇ ਵਿਕਾਸ ਵੱਲ ਵਿਸ਼ੇਸ਼ ਤਵੱਜੋ ਦਿੱਤੀ ਗਈ ਹੈ ਅਤੇ ਮੁੱਖ ਮੰਤਰੀ ਸ. ਬਾਦਲ ਨੇ ਹਲਕੇ 'ਚ ਸੰਗਤ ਦਰਸ਼ਨ ਕਰਕੇ ਕਰੋੜਾਂ ਰੁਪਏ ਵਿਕਾਸ ਕਾਰਜਾਂ ਲਈ ਵੰਡੇ ਸਨ। ਉਨ੍ਹਾਂ ਕਿਹਾ ਕਿ ਤੀਸਰੀ ਵਾਰ ਸਰਕਾਰ ਬਣਨ 'ਤੇ ਵਿਕਾਸ ਦੀ ਰਫਤਾਰ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਜਥੇਦਾਰ ਸੇਖਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੂਬੇ 'ਚ ਵਿਕਾਸ ਤੇ ਅਮਨ ਸ਼ਾਂਤੀ ਨੂੰ ਕਾਇਮ ਰੱਖਣ ਲਈ ਅਕਾਲੀ-ਭਾਜਪਾ ਗਠਜੋੜ ਸਰਕਾਰ ਨੂੰ ਬਣਾਇਆ ਜਾਵੇ।