ਚੰਡੀਗੜ੍ਹ, 30 ਜਨਵਰੀ, 2017 : 'ਆਪ' ਮੁਖੀ ਅਰਵਿੰਦ ਕੇਜਰੀਵਾਲ ਦੀ ਆਵਾਜ਼ ਵਿਚ ਰਿਕਾਰਡ ਕੀਤਾ ਹੋਇਆ ਸੁਨੇਹਾ ਲੋਕਾਂ ਨੂੰ ਇਹ ਭਰੋਸਾ ਦੇ ਰਿਹਾ ਹੈ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਅਜਿਹੀ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ ਕਿ ਮੁੜ ਕੋਈ ਕਿਸੇ ਵੀ ਧਰਮ ਦੀ ਬੇਅਦਬੀ ਨਹੀਂ ਕਰੇਗਾ।
ਇਸ ਬਾਰੇ ਪ੍ਰੈਸ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸ਼ ਮਨਜਿੰਦਰ ਸਿੰਘ ਸਿਰਸਾ ਅਤੇ ਪਾਰਟੀ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਇਸ ਸੁਨੇਹੇ ਵਿਚ ਕੇਜਰੀਵਾਲ ਵੱਲੋਂ ਆਪਣੀ ਪਾਰਟੀ ਲਈ ਵੋਟਾਂ ਮੰਗਣ ਦੇ ਨਾਲ ਕੀਤੀ ਉਪਰੋਕਤ ਪੇਸ਼ਕਸ਼ ਕਈ ਸੁਆਲ ਖੜ੍ਹੇ ਕਰਦੀ ਹੈ। ਉਹ ਬੇਅਦਬੀ ਕਰਨ ਵਾਲਿਆਂ, ਜਿਹੜੇ ਫਿਰਕੂ ਸ਼ਾਂਤੀ ਨੂੰ ਭੰਗ ਕਰਕੇ ਸੂਬੇ ਨੂੰ ਮੁੜ ਹਿੰਸਾ ਦੀ ਅੱਗ ਵਿਚ ਧੱਕਣਾ ਚਾਹੁੰਦੇ ਹਨ, ਨੂੰ ਮਿਸਾਲੀ ਸਜ਼ਾਵਾਂ ਦੇਣ ਦਾ ਵਾਅਦਾ ਕਰਦਾ ਹੈ। ਪਰ ਇਹ ਸਜ਼ਾਵਾਂ ਕਿਸ ਕਿਸਮ ਦੀਆਂ ਹੋਣਗੀਆਂ, ਇਸ ਬਾਰੇ ਉਹ ਕੋਈ ਚਾਨਣਾ ਨਹੀਂ ਪਾਉਂਦਾ।
ਅਕਾਲੀ ਆਗੂਆਂ ਨੇ ਕਿਹਾ ਕਿ ਪੰਜਾਬ ਵਿਚ ਜਿੰਨੇ ਵੀ ਬੇਅਦਬੀ ਦੇ ਮਾਮਲੇ ਹੋਏ ਹਨ, ਪੁਲਿਸ ਨੇ ਤੁਰੰਤ ਕਾਰਵਾਈ ਕਰਕੇ ਦੋਸ਼ੀਆਂ ਨੂੰ ਗਿਰਫਤਾਰ ਕੀਤਾ ਹੈ। ਕਾਨੂੰਨ ਤਹਿਤ ਅਦਾਲਤੀ ਕਾਰਵਾਈ ਮੁਕੰਮਲ ਹੋਣ ਮਗਰੋਂ ਉਹਨਾਂ ਨੂੰ ਢੁੱਕਵੀਂ ਸਜ਼ਾ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਪੰਜਾਬੀ ਇਹ ਜਾਣਨਾ ਚਾਹੁੰਦੇ ਹਨ ਕਿ ਆਪ ਲੀਡਰਸ਼ਿਪ ਵੱਲੋਂ ਬੇਅਦਬੀ ਦੇ ਦੋਸ਼ੀਆਂ ਨੂੰ ਦੇਸ਼ ਦੇ ਕਾਨੂੰਨ ਮੁਤਾਬਿਕ ਸਜ਼ਾ ਦਿੱਤੀ ਜਾਵੇਗੀ ਜਾਂ ਫਿਰ ਆਪ ਦੇ ਸਿਧਾਂਤਾਂ ਮੁਤਾਬਿਕ? ਕਿਉਂਕਿ ਆਪ ਲੀਡਰਸ਼ਿਪ ਨੇ ਬੇਅਦਬੀ ਮਾਮਲੇ ਵਿਚ ਫਸੇ ਆਪਣੇ ਮੈਂਬਰਾਂ ਨੂੰ ਕਲੀਨ ਚਿੱਟ ਦੇ ਦਿੰਦੀ ਹੈ ਅਤੇ ਆਪਣੇ ਵਿਰੋਧੀਆਂ ਲਈ ਹਰ ਮਾਮਲੇ 'ਤੇ ਸਖ਼ਤ ਸਜ਼ਾਵਾਂ ਦੀ ਮੰਗ ਕਰਦੀ ਹੈ।
ਉਹਨਾਂ ਕਿਹਾ ਕਿ ਕੇਜਰੀਵਾਲ ਵੱਲੋਂ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਵਾਅਦਾ ਸਿਰਫ ਸਿੱਖ ਭਾਈਚਾਰੇ ਦੀਆਂ ਵੋਟਾਂ ਲੈਣ ਲਈ ਛੱਡਿਆ ਗਿਆ ਚੋਣ ਸਟੰਟ ਹੈ। ਜੇ ਸੀਬੀਆਈ ਹਾਲ ਹੀ ਵਿਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰੇ ਤਾਂ ਬਹੁਤ ਸਾਰੇ ਆਪ ਵਲੰਟੀਅਰ ਅਤੇ ਆਗੂ ਸਲਾਖਾਂ ਦੇ ਪਿੱਛੇ ਖੜ੍ਹੇ ਨਜ਼ਰ ਆਉਣਗੇ।
ਅਕਾਲੀ ਆਗੂਆਂ ਨੇ ਦੱਸਿਆ ਕਿ ਬੇਅਦਬੀ ਦੀਆਂ ਘਟਨਾਵਾਂ ਦੀ ਸ਼ੁਰੂਆਤ ਦੋ ਸਾਲ ਪਹਿਲਾਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਵੜਣ ਮਗਰੋਂ ਸ਼ੁਰੂ ਹੋਈ। ਇਸ ਤੋਂ ਲੋਕਾਂ ਨੂੰ 1980 ਦੇ ਸ਼ੁਰੂ ਵਿਚ ਵਾਪਰੀਆਂ ਘਟਨਾਵਾਂ ਦੀ ਯਾਦ ਤਾਜ਼ਾ ਹੋ ਗਈ, ਜਦੋਂ ਕਾਂਗਰਸ ਅੰਦਰ ਧੜੇਬੰਦੀ ਸਿਖਰਾਂ 'ਤੇ ਸੀ ਅਤੇ ਹਰ ਧੜਾ ਫਿਰਕੂ ਵੰਡ ਕਰਵਾਉਣ ਲਈ ਧਾਰਮਿਕ ਸਥਾਨਾਂ ਦੀ ਬੇਅਦਬੀ ਕਰਨ ਵਿਚ ਰੁੱਝਿਆ ਸੀ। ਉਹਨਾਂ ਘਟਨਾਵਾਂ ਨੇ ਪੰਜਾਬ ਨੂੰ ਦਹਾਕਿਆਂ ਲੰਬੀ ਖਾਵਕੂਵਾਦ ਦੀ ਸੁਰੰਗ ਵਿਚ ਸੁੱਟ ਦਿੱਤਾ ਸੀ।
ਉਹਨਾਂ ਕਿਹਾ ਕਿ ਇਹ ਕੋਈ ਇਤਫਾਕ ਨਹੀਂ ਹੈ ਕਿ ਪੰਜਾਬ ਵਿਚ ਜਿਵੇਂ ਜਿਵੇਂ ਆਪ ਦਾ ਉਭਾਰ ਹੋਇਆ ਹੈ,ਬੇਅਦਬੀ ਦੀਆਂ ਘਟਨਾਵਾਂ ਅਤੇ ਗਰਮ ਖਿਆਲੀਆਂ ਦੀ ਤਾਕਤ ਵਿਚ ਵਾਧਾ ਹੋਇਆ ਹੈ। ਆਪ ਦੀ ਚੜ੍ਹਤ ਦਾ ਬੇਅਦਬੀਆਂ ਅਤੇ ਗਰਮ ਖਿਆਲੀਆਂ ਦੇ ਉਭਾਰ ਨਾਲ ਡੂੰਘਾ ਰਿਸ਼ਤਾ ਹੈ। ਉਹਨਾਂ ਕਿਹਾ ਕਿ ਪਰ ਪਿਛਲੇ 6 ਮਹੀਨਿਆਂ ਦੌਰਾਨ ਮਲੇਰ ਕੋਟਲਾ ਬੇਅਦਬੀ ਕਾਂਡ ਵਿਚ ਆਪ ਵਿਧਾਇਕ ਦੀ ਗਿਰਫਤਾਰੀ ਅਤੇ ਸਿੱਖ ਗਰਮ-ਖਿਆਲੀਆਂ ਦਾ ਆਧਾਰ ਸਿਮਟਣ ਮਗਰੋਂ ਪੰਜਾਬ ਵਿਚ ਬੇਅਦਬੀ ਦੀਆਂ ਘਟਨਾਵਾਂ ਲਗਭਗ ਬੰਦ ਹੋ ਚੁੱਕੀਆਂ ਹਨ।