ਮੋਗਾ, 30 ਜਨਵਰੀ, 2017 : ਆਮ ਆਦਮੀ ਪਾਰਟੀ (ਆਪ) ਨੇ ਅੱਜ ਕਿਹਾ ਹੈ ਕਿ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਸ਼ਰਮਨਾਕ ਹਾਰ ਸਾਫ ਨਜਰ ਆ ਰਹੀ ਹੈ ਅਤੇ ਉਸਨੇ ਆਪ ਆਗੂਆਂ, ਪ੍ਰਵਾਸੀਆਂ ਅਤੇ ਪੰਜਾਬ ਦੇ ਲੋਕਾਂ ਉਤੇ ਝੂਠੇ ਅਤੇ ਕਾਲਪਨਿਕ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਅਤੇ ਸਭ ਨੂੰ ਅੱਤਵਾਦੀ ਦੱਸਿਆ ਜਾ ਰਿਹਾ ਹੈ।
ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਪਾਰਟੀ ਦੇ ਕੌਮੀ ਸਕੱਤਰ ਸੰਜੇ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਸੁਖਬੀਰ ਸਿੰਘ ਬਾਦਲ ਉਤੇ ਵਰਦਿਆਂ ਕਿਹਾ ਕਿ ਉਨਾਂ ਕੋਲ ਪੰਜਾਬ ਦੇ ਲੋਕਾਂ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਹੈ ਅਤੇ ਪ੍ਰਵਾਸੀ ਪੰਜਾਬੀਆਂ ਵੱਲੋਂ ਉਸਨੂੰ ਵਿਕਾਸ, ਨਸ਼ਿਆਂ, ਗੈਰਕਾਨੂੰਨੀ ਮਾਇਨਿੰਗ ਅਤੇ ਭ੍ਰਿਸ਼ਟਾਚਾਰ ਬਾਰੇ ਪੁੱਛਿਆ ਜਾਂਦਾ ਹੈ। ਸਵਾਲਾਂ ਤੋਂ ਬਚਣ ਦਾ ਉਸਨੇ ਆਸਾਨ ਤਰੀਕਾ ਲੱਭਿਆ ਹੈ। ਜਿਹੜਾ ਵੀ ਉਸਨੂੰ ਸਵਾਲ ਪੁੱਛਦਾ ਹੈ, ਉਸਨੂੰ ਅੱਤਵਾਦੀ, ਕੱਟੜਵਾਦੀਆਂ ਦਾ ਸਮਰਥਕ ਅਤੇ ਦੇਸ਼ ਵਿਰੋਧੀ ਗਰਦਾਨ ਦਿੱਤਾ ਜਾਂਦਾ ਹੈ।
ਸੰਜੇ ਸਿੰਘ ਨੇ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਤੇ ਕੱਟੜਪੰਥੀ ਦੇ ਘਰ ਰੁਕਣ ਦਾ ਦੋਸ਼ ਲਗਾਇਆ ਹੈ। ਸੰਜੇ ਸਿੰਘ ਨੇ ਇਸ ਆਰੋਪ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਸੇ ਘਰ ਵਿੱਚ ਸਥਾਨਕ ਐਸਐਚਓ ਅਤੇ ਇੱਕ ਜੁਆਇੰਟ ਕਮਿਸ਼ਨਰ ਰਹਿ ਰਹੇ ਸਨ। ਇਹ ਯੂਕੇ ਦੇ ਵਸਨੀਕ ਗੁਰਿੰਦਰ ਸਿੰਘ ਦੀ ਪਤਨੀ ਕਰਨਜੀਤ ਕੌਰ ਦੇ ਨਾਂਅ ਉਤੇ ਹੈ। ਉਨਾਂ ਕਿਹਾ ਕਿ ਗੁਰਿੰਦਰ ਉਤੇ ਉਸ ਵੇਲੇ ਝੂਠਾ ਕੇਸ ਪਾਇਆ ਗਿਆ, ਜਦੋਂ ਉਹ ਭਾਰਤ ਵਿੱਚ ਨਹੀਂ ਸੀ। ਉਸਨੂੰ ਬਾਅਦ ਵਿੱਚ ਕੋਰਟ ਵੱਲੋਂ ਆਰੋਪ-ਮੁਕਤ ਕਰ ਦਿੱਤਾ ਗਿਆ ਸੀ।
ਸੰਜੇ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਕਰਨ ਆਏ ਤਰਸੇਮ ਸਿੰਘ ਦੇ ਕਹਿਣ ਉਤੇ ਅਰਵਿੰਦ ਕੇਜਰੀਵਾਲ ਉਸ ਘਰ ਵਿੱਚ ਠਹਿਰੇ ਸਨ। ਉਨਾਂ ਕਿਹਾ ਕਿ ਕੇਜਰੀਵਾਲ ਦੇ ਪ੍ਰੋਗਰਾਮ ਦੀ ਪਲ-ਪਲ ਦੀ ਖਬਰ ਪੰਜਾਬ ਪੁਲਿਸ ਅਤੇ ਇੰਟੈਲੀਜੈਂਸ ਨੂੰ ਦਿੱਤੀ ਗਈ ਸੀ ਅਤੇ ਰਾਤ ਦੇ ਠਹਿਰਾਅ ਬਾਰੇ ਵੀ ਦੱਸਿਆ ਗਿਆ ਸੀ, ਤਾਂਕਿ ਮੁੱਖ ਮੰਤਰੀ ਦੇ ਪਹੁੰਚਣ ਤੋਂ ਪਹਿਲਾਂ ਉਹ ਆਪਣੀਆਂ ਤਿਆਰੀਆਂ ਕਰ ਲੈਣ। ਸੰਜੇ ਸਿੰਘ ਨੇ ਕਿਹਾ ਕਿ ਜੇਕਰ ਕੁੱਝ ਇਤਰਾਜਯੋਗ ਸੀ ਤਾਂ ਇਹ ਪੰਜਾਬ ਪੁਲਿਸ ਦੀ ਜਿੰਮੇਵਾਰੀ ਸੀ ਕਿ ਇਸਦੀ ਜਾਣਕਾਰੀ ਕੇਜਰੀਵਾਲ ਨੂੰ ਦੇਣ। ਉਨਾਂ ਸੁਖਬੀਰ ਬਾਦਲ ਨੂੰ ਸਵਾਲ ਕੀਤਾ ਕਿ ਮੋਗਾ ਦੇ ਐਸਐਚਓ ਅਤੇ ਇੱਕ ਜੁਆਇੰਟ ਕਮਿਸ਼ਨਰ ਜੋ ਪਹਿਲਾਂ ਤੋਂ ਉਸ ਘਰ ਵਿੱਚ ਰਹਿ ਰਹੇ ਹਨ, ਉਹ ਅੱਤਵਾਦੀ ਹਨ।
ਸੰਜੇ ਸਿੰਘ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਹਾਲ ਹੀ ਵਿੱਚ ਦੋਸ਼ ਲਗਾਇਆ ਹੈ ਕਿ ਕੇਜਰੀਵਾਲ ਨੇ ਅਖੰਡ ਕੀਰਤਨੀ ਜੱਥੇ ਦੇ ਮੁਖੀ ਆਰਪੀ ਸਿੰਘ ਨਾਲ ਮੁਲਾਕਾਤ ਕੀਤੀ, ਜੋ ਕਿ ਸੁਖਬੀਰ ਬਾਦਲ ਦੀਆਂ ਨਜਰਾਂ ਵਿੱਚ ਅੱਤਵਾਦੀ ਹੈ। ਸੰਜੇ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਰਪੀ ਸਿੰਘ ਨਾਲ ਸਿੱਖਾਂ ਦੇ ਮੁੱਦਿਆਂ ਉਤੇ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ। ਕੀ ਸੁਖਬੀਰ ਬਾਦਲ ਹੁਣ ਆਪਣੇ ਪਿਤਾ ਖਿਲਾਫ ਐਫਆਈਆਰ ਦਰਜ ਕਰਵਾਉਣਗੇ ਕਿ ਉਨਾਂ ਦੇ ਅੱਤਵਾਦੀਆਂ ਨਾਲ ਸਬੰਧ ਹਨ। ਜਦਕਿ ਯੂਐਸ ਦੀ ਸੀਆਈਏ ਵੱਲੋਂ ਪੰਜਾਬ ਅੰਦਰ ਅੱਤਵਾਦ ਦੇ ਕਾਲੇ ਦੌਰ ਦੌਰਾਨ ਚਰਮਪੰਥੀਆਂ ਨਾਲ ਸਬੰਧ ਹੋਣ ਬਾਰੇ ਖੁਲਾਸਾ ਕੀਤਾ ਜਾ ਚੁੱਕਾ ਹੈ।
ਸੰਜੇ ਸਿੰਘ ਨੇ ਕਿਹਾ ਕਿ ਮੋਗਾ ਘਟਨਾਕ੍ਰਮ ਸੁਖਬੀਰ ਬਾਦਲ ਦੀ ਉਪਜ ਹੈ, ਜਿਸਨੂੰ ਕਿ ਕੇਜਰੀਵਾਲ ਦੇ ਪ੍ਰੋਗਰਾਮ ਦੀ ਜਾਣਕਾਰੀ ਸੀ ਅਤੇ ਜੇਕਰ ਪੁਲਿਸ ਨੇ ਕੇਜਰੀਵਾਲ ਨੂੰ ਜਾਣਕਾਰੀ ਨਹੀਂ ਦਿੱਤੀ, ਤਾਂ ਉਸਨੂੰ ਪੁਲਿਸ ਤੋਂ ਸਵਾਲ ਪੁੱਛਣਾ ਚਾਹੀਦਾ ਹੈ। ਆਪ ਆਗੂ ਨੇ ਬਾਦਲ ਪਰਿਵਾਰ ਉਤੇ ਸੂਬੇ ਨੂੰ ਬਰਬਾਦ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਲੋਕ ਇਸਦਾ ਜਵਾਬ 4 ਫਰਵਰੀ ਨੂੰ ਦੇਣਗੇ। ਉਨਾਂ ਕਿਹਾ ਕਿ ਪੰਜਾਬ ਦੇ ਲੋਕ ਬਾਦਲਾਂ ਨੂੰ ਉਨਾਂ ਦੇ ਪਾਪਾਂ ਲਈ ਕਦੇ ਮਾਫ ਨਹੀਂ ਕਰਨਗੇ ਅਤੇ ਕਾਂਗਰਸ ਵੀ ਇਨਾਂ ਪਾਪਾਂ ਵਿੱਚ ਬਰਾਬਰ ਦੀ ਹਿੱਸੇਦਾਰ ਹੈ।