ਚੰਡੀਗੜ੍ਹ, 30 ਜਨਵਰੀ, 2017 : ਭਾਰਤੀ ਜਨਤਾ ਪਾਰਟੀ ਦੀ ਸਪੋਕਸਪਰਸਨ ਅਤੇ ਦਿੱਲੀ ਦੀ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਨੇ ਕਾਂਗਰਸ ਸ਼ਾਸਨ ਦੇ ਸਮੇਂ ਵਿਚ ਹੋਏ ਘਪਲਿਆਂ ਦਾ, ਸਕੈਂਡਲਾਂ ਦਾ ਜ਼ਿਕਰ ਕਰਦਿਆਂ ਆਖਿਆ ਕਿ ਜਿਨ੍ਹਾਂ ਦੀਆਂ ਨਸਾਂ ਵਿਚ ਭ੍ਰਿਸ਼ਟਾਚਾਰ ਭਰਿਆ ਹੋਵੇ, ਘੱਟੋਂ- ਘੱਟ ਉਹ ਗਾਂਧੀ ਪਰਿਵਾਰ ਤਾਂ ਭ੍ਰਿਸ਼ਟਾਚਾਰ ਖਿਲਾਫ ਮੂੰਹ ਖੋਲ ਹੀ ਨਹੀਂ ਸਕਦਾ। ਮੀਨਾਕਸ਼ੀ ਲੇਖੀ ਨੇ ਆਖਿਆ ਕਿ ਪੰਜਾਬ ਨੇ ਕਾਂਗਰਸ ਦਾ ਵੀ ਰਾਜ ਦੇਖ ਲਿਆ ਹੈ ਤੇ 10 ਸਾਲ ਵਿਕਾਸ ਵਾਲਾ ਭਾਜਪਾ ਗਠਜੋੜ ਵਾਲਾ ਰਾਜ ਵੀ ਦੇਖ ਲਿਆ ਹੈ। ਇਸ ਲਈ ਪੰਜਾਬ ਦੇ ਚਹੁੰਮੁੱਖੀ ਵਿਕਾਸ ਨੂੰ ਅਤੇ ਸੂਬੇ ਦੀ ਅਮਨ-ਸ਼ਾਂਤੀ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਵਾਸੀ ਇਕ ਵਾਰ ਫਿਰ ਤੋਂ ਗਠਜੋੜ ਸਰਕਾਰ ਬਨਾਉਣਗੇਂ ਅਤੇ ਇਸ ਵਿਚ ਭਾਜਪਾ ਆਪਣਾ ਯੋਗਦਾਨ ਪਿੱਛਲੇ ਚੋਣਾਂ ਨਾਲੋਂ ਵੀ ਵੱਧ ਪਾਵੇਗੀ।
ਆਮ ਆਦਮੀ ਪਾਰਟੀ ਉਤੇ ਹਮਲਾ ਬੋਲਦਿਆਂ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਦਿੱਲੀ ਵਾਲੀਆਂ ਨੂੰ ਨਾ ਤਾਂ ਪਾਣੀ ਪੂਰਾ ਮਿਲ ਰਿਹਾ ਹੈ, ਨਾ ਸੜਕਾਂ ਗਲਿਆਂ ਦੀਆਂ ਮੁਰੰਮਤ ਹੋ ਰਹੀ ਹੈ ਨਾ ਸਕੂਲ ਖੁੱਲੇ, ਨਾ ਦਿੱਲੀ ਮੋਦੀ ਜੀ ਦੇ ਸਵੱਛ ਭਾਰਤ ਅਭਿਆਨ ਵਿਚ ਆਪਣਾ ਰੱਤਾ ਵੀ ਯੋਗਦਾਨ ਪਾ ਸਕੀ। ਦਿੱਲੀ ਦੀ ਜਨਤਾ ਆਮ ਆਦਮੀ ਪਾਰਟੀ ਤੋਂ ਦੁੱਖੀ ਹੈ ਅਤੇ ਇਹ ਸੁਪਨੇ ਪੰਜਾਬ ਵਿਚ ਸਰਕਾਰ ਬਨਾਉਣ ਦੇ ਲੈ ਰਹੇ ਹਨ। ਸ਼ਾਇਦ ਇਹ ਭੁੱਲ ਗਏ ਕਿ ਕਾਠ ਦੀ ਹਾਂਡੀ ਇਕ ਵਾਰੀ ਚੜਦੀ ਹੈ, ਵਾਰ ਵਾਰ ਨਹੀਂ ਤੇ ਉਹ ਇਕ ਵਾਰ ਦਿੱਲੀ ਵਿਚ ਚੜ ਲਈ, ਪੰਜਾਬ ਵਿਚ ਇਨ੍ਹਾਂ ਦੀ ਵਾਰੀ ਆਉਣ ਵਾਲੀ ਨਹੀਂ।
ਇਕ ਸਵਾਲ ਦੇ ਜਵਾਬ ਵਿਚ ਮੀਨਕਾਸ਼ੀ ਲੇਖੀ ਨੇ ਆਖਿਆ ਕਿ ਐਸ.ਵਾਈ.ਐਲ. ਤਾਂ ਹੁਣ ਕੋਈ ਮੁੱਦਾ ਹੀ ਨਹੀਂ, ਕਿਉਂਕਿ ਬਾਦਲ ਸਾਹਿਬ ਨੇ ਮੱਤਾ ਪਾਕੇ ਕਿਸਾਨਾਂ ਨੂੰ ਲੈਂਡ ਹੀ ਜਦੋਂ ਮੋੜ ਦਿੱਤੀ, ਫਿਰ ਹੁਣ ਗੱਲ ਕਰਨ ਨੂੰ ਕੁੱਝ ਨਹੀਂ। ਪਰ ਨਾਲ ਹੀ ਮੀਨਾਕਸ਼ੀ ਲੇਖੀ ਨੇ ਆਖਿਆ ਕਿ ਮੋਦੀ ਜੀ ਨੇ ਫੈਸਲਾ ਲਿਆ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਪੂਰਾ ਪਾਣੀ ਮਿਲੇਗਾ, ਇਸਦੇ ਲਈ ਉਹ ਪਾਕਿਸਤਾਨ ਨੂੰ ਜਾ ਰਹੇ ਫਾਲਤੂ ਪਾਣੀ ਨੂੰ ਪੰਜਾਬ, ਹਰਿਆਣਾ ਤੇ ਜੰਮੂ-ਕਸ਼ਮੀਰ ਦੇ ਕਿਸਾਨਾਂ ਨੂੰ ਦੇਣ ਦੇ ਲਈ ਯਤਨਸ਼ੀਲ ਹਨ।
ਭਾਜਪਾ ਦੀ ਕੌਮੀ ਸਪੋਕਸ ਪਰਸਨ ਮੀਨਾਕਸ਼ੀ ਲੇਖੀ ਨੇ ਆਂਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਤੁਸੀਂ ਪੰਜਾਬ ਵਿਚ ਕਾਂਗਰਸ ਦਾ 55 ਸਾਲ ਦਾ ਸ਼ਾਸਨ ਦੇਖ ਲਓ ਅਤੇ ਸਾਡੀ ਗਠਜੋੜ ਸਰਕਾਰ ਦਾ 10 ਸਾਲ ਦਾ ਕੰਮ ਦੇਖ ਲਓ, ਇਸੇ ਤਰ੍ਹਾਂ ਤੁਸੀਂ ਕੇਂਦਰ ਦੀ ਕਾਂਗਰਸ ਸਰਕਾਰਾਂ ਦੇ 60 ਸਾਲ ਦੇ ਕਰਮ ਦੇਖ ਲਓ ਅਤੇ ਮੋਦੀ ਜੀ ਦੀ ਅਗੁਵਾਈ ਵਾਲੇ ਦੋ ਸਾਲਾਂ ਦੇ ਕਾਰਜ ਦੇਖ ਲਓ, ਅੰਤਰ ਖੁੱਦ ਦਿਖਦਾ ਹੈ।
ਮੀਨਾਕਸ਼ੀ ਲੇਖੀ ਨੇ ਆਂਕੜੇ ਮੀਡੀਆ ਦੇ ਸਾਹਮਣੇ ਰੱਖਦਿਆਂ ਕਿਹਾ ਕਿ 10 ਸਾਲ ਪਹਿਲਾਂ ਪੰਜਾਬ ਵਿਚ ਸਟੇਡਿਅਮ ਜ਼ੀਰੋ ਸਨ, ਅੱਜ 28 ਬਣ ਗਏ ਹਨ। ਕੁੱਲ 6 ਏਅਰਪੋਰਟ ਬਣ ਰਹੇ ਹਨ, ਜਿਨ੍ਹਾਂ ਵਿਚ 2 ਇੰਟਰਨੈਸ਼ਨਲ ਅਤੇ ਚਾਰ ਡੋਮੇਸਟਿਕ। ਮੋਹਾਲੀ ਦਾ ਏਅਰਪੋਰਟ ਤਾਂ ਸ਼ੁਰੂ ਵੀ ਹੋ ਚੁੱਕਾ ਹੈ। ਇਸੇ ਤਰ੍ਹਾਂ 10 ਸਾਲ ਪਹਿਲਾਂ ਮਾਤਰ 3 ਰੇਲਵੇ ਬ੍ਰਿਜ ਸਨ ਅੱਜ 65 ਹਨ। ਹਾਈਲੇਵਲ ਬ੍ਰਿਜ ਪਹਿਲਾਂ 66 ਸਨ, ਸਾਡੀ ਗਠਜੋੜ ਸਰਕਾਰ ਦੇ ਕਾਰਜਕਾਲ ਵਿਚ ਇਨ੍ਹਾਂ ਦੀ ਗਿਣਤੀ ਵੱਧਕੇ 102 ਹੋ ਗਈ ਹੈ। 10 ਸਾਲ ਪਹਿਲਾਂ ਪੰਜਾਬ ਵਿਚ ਕੋਈ ਫਲਾਈ ਓਵਰ ਨਹੀਂ ਦਿਖਦਾ ਸੀ। ਅੱਜ ਸੈਂਕੜਿਆ ਬਣ ਗਏ ਹਨ, ਹਜਾਰਾਂ ਬਣ ਰਹੇ ਹਨ। ਮੀਨਾਕਸ਼ੀ ਲੇਖੀ ਨੇ ਕਿਹਾ ਕਿ ਏਮਜ ਪੰਜਾਬ ਨੂੰ ਮਿਲਿਆ, ਸਿਕਸ ਲੇਨ ਸੜਕਾਂ ਬਣੀ ਅਤੇ ਹਰ ਪਿੰਡ ਪੱਕੀ ਸੜਕ ਨਾਲ ਜੁੜਿਆ, ਹਰ ਸ਼ਹਿਰ ਵਿਚ ਪੀਣ ਵਾਲਾ ਪਾਣੀ ਅਤੇ ਸੀਵਰੇਜ ਦਾ ਕੰਮ ਮੁਕੰਮਲ ਹੋਇਆ। ਸਾਡੇ ਕਾਰਜਕਾਲ ਵਿਚ 13 ਯੂਨੀਵਰਸਿਟੀ ਅਤੇ 10 ਮੈਟੋਰਿਅਲ ਸਕੂਲ ਬਣੇ ਅਤੇ ਸੈਂਕੜਿਆਂ ਕਾਲਜ ਅਤੇ ਸਿੱਖਿਆ ਦੇ ਨਵੇਂ ਕੇਂਦਰ ਖੁੱਲੇ। ਉਨ੍ਹਾਂ ਦੱਸਿਆ ਕਿ ਮਾਈ ਭਾਗੋ ਸਕੀਮ ਦੇ ਤਹਿਤ 4 ਲੱਖ 82 ਹਜਾਰ 703 ਸਾਈਕਲਾਂ ਹੁਣ ਤੱਕ ਪੰਜਾਬ ਦੀਆਂ ਧੀਆਂ ਨੂੰ ਵੰਡੀਆਂ ਜਾ ਚੁੱਕੀਆਂ ਹਨ, ਇਸੇ ਤਰ੍ਹਾਂ 50 ਹਜ਼ਾਰ ਤੱਕ ਦਾ ਇਲਾਜ ਮੁਫ਼ਤ ਅਤੇ 50 ਹਜ਼ਾਰ ਤੱਕ ਦਾ ਬਿਨ੍ਹਾਂ ਵਿਆਜ਼ ਦਾ ਲੋਨ ਉਪਲੱਬਧ ਕਰਵਾਏ ਗਏ।
ਮੀਨਾਕਸ਼ੀ ਲੇਖੀ ਨੇ ਆਖਿਆ ਕਿ ਮੈਂ ਅੱਜ ਮੀਡੀਆ ਦੇ ਰਾਹੀਂ ਪੰਜਾਬ ਦੀ ਜਨਤਾ ਨੂੰ ਅਪੀਲ ਕਰਨ ਆਈ ਹਾਂ ਕਿ ਇਸ ਵਿਕਾਸ ਦੀ ਰਫ਼ਤਾਰ ਨੂੰ ਬਣਾਏ ਰੱਖਣ ਦੇ ਲਈ, ਸੂਬੇ ਵਿਚ ਅਮਨ ਸ਼ਾਂਤੀ ਬਣੀ ਰਹੇ, ਪੰਜਾਬ ਦੇ ਲੋਕਾਂ ਨੂੰ ਚੰਗੀ ਸਰਕਾਰ, ਚੰਗਾ ਪ੍ਰਸ਼ਾਸਨ ਮਿਲੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਭਾਜਪਾ-ਅਕਾਲੀ ਗਠਜੋੜ ਦੇ ਉਮੀਦਵਾਰਾਂ ਨੂੰ ਜੇਤੂ ਬਣਾਕੇ ਦੁਬਾਰਾ ਗਠਜੋੜ ਸਰਕਾਰ ਬਣਾਓ। ਇਸ ਮੌਕੇ 'ਤੇ ਮੀਨਾਕਸ਼ੀ ਲੇਖੀ ਦੇ ਨਾਲ ਭਾਜਪਾ ਪੰਜਾਬ ਦੇ ਲੀਗਲ ਸੈਲ ਦੇ ਸੂਬਾ ਪ੍ਰਧਾਨ ਲੋਕੇਸ਼ ਨਾਰੰਗ ਅਤੇ ਭਾਜਪਾ ਦੇ ਆਫਿਸ ਸਕੱਤਰ ਰਾਜ ਕੁਮਾਰ ਭਾਟਿਆ ਮੌਜੂਦ ਸਨ।