ਫ਼ਤਹਿਗੜ੍ਹ ਸਾਹਿਬ, 30 ਜਨਵਰੀ, 2017 : 4 ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਜ਼ਿਲ੍ਹੇ ਵਿੱਚ ਪੈਂਦੇ ਤਿੰਨ ਵਿਧਾਨ ਸਭਾ ਹਲਕਿਆਂ ਵਿੱਚ 12 ਮਾਡਲ ਪੋਲਿੰਗ ਸਟੇਸ਼ਨ ਬਣਾਏ ਜਾਣਗੇ, ਇਹ ਪੋਲਿੰਗ ਵਧੀਆ ਇਮਾਰਤ ਵਿੱਚ ਹੋਣਗੇ ਅਤੇ ਵਧੀਆ ਵਾਲ ਪੇਟਿੰਗ ਲੱਗੀਆਂ ਹੋਣਗੀਆਂ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਨੇ ਅੱਜ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਵਿਖੇ ਚੋਣ ਅਮਲੇ ਨੂੰ ਦਿੱਤੀ ਗਈ ਤੀਜੀ ਟਰੇਨਿੰਗ ਦਾ ਜਾਇਜਾ ਲੈਣ ਮੌਕੇ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਬਸੀ ਵਿੱਚ 3, ਫ਼ਤਹਿਗੜ੍ਹ ਸਾਹਿਬ ਹਲਕੇ ਵਿੱਚ 4 ਅਤੇ ਅਮਲੋਹ ਵਿਧਾਨ ਸਭਾ ਹਲਕੇ ਵਿੱਚ 5 ਮਾਡਲ ਪੋਲਿੰਗ ਸਟੇਸ਼ਨ ਬਣਾਏ ਜਾਣਗੇ। ਉਨ੍ਹਾਂ ਹੋਰ ਦੱਸਿਆ ਕਿ ਇਹ ਮਾਡਲ ਪੋਲਿੰਗ ਸਟੇਸ਼ਨ ਲੋਕਾਂ ਦੇ ਘਰਾਂ ਦੇ ਨਜ਼ਦੀਕ ਹੋਣਗੇ ਅਤੇ ਵਧੀਆ ਫਰਨੀਚਰ ਹੋਵੇਗਾ। ਉਨ੍ਹਾਂ ਦੱਸਿਆ ਕਿ ਵੋਟਰਾਂ ਦੀ ਸਹੂਲਤ ਲਈ ਇਨ੍ਹਾਂ ਪੋਲਿੰਗ ਸਟੇਸ਼ਨਾਂ 'ਤੇ ਡਿਸਪਲੇ ਬੋਰਡ ਲਗਾਏ ਜਾਣਗੇ ਅਤੇ ਇਨ੍ਹਾਂ ਪੋਲਿੰਗ ਸਟੇਸ਼ਨਾਂ ਵਿੱਚ ਨਿਰੰਤਰ ਬਿਜਲੀ ਦੀ ਸਪਲਾਈ ਦੇ ਨਾਲ-ਨਾਲ ਪੀਣ ਵਾਲੇ ਪਾਣੀ ਅਤੇ ਪਖਾਨਿਆਂ ਦਾ ਪ੍ਰਬੰਧ ਵੀ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੋਲਿੰਗ ਸਟੇਸ਼ਨਾਂ 'ਤੇ ਵਿਸ਼ੇਸ ਲੋੜਾਂ ਵਾਲੇ ਵੋਟਰਾਂ ਲਈ ਰੈਂਪ ਅਤੇ ਵੀਲ੍ਹ ਚੇਅਰ ਦਾ ਪ੍ਰਬੰਧ ਵੀ ਕੀਤਾ ਜਾਵੇਗਾ ਤਾਂ ਜੋ ਇਨ੍ਹਾਂ ਵੋਟਰਾਂ ਨੂੰ ਆਪਣੀ ਵੋਟ ਪਾਉਣ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਪੋਲਿੰਗ ਸਟੇਸ਼ਨਾਂ 'ਤੇ ਗਲੀਚੇ ਵਿਛੇ ਹੋਣਗੇ ਅਤੇ ਵੋਟਰ ਸੂਚੀਆਂ ਦੀ ਕਾਪੀ ਵੀ ਉਪਲਬਧ ਹੋਵੇਗੀ। ਇਸ ਤੋਂ ਇਲਾਵਾ ਚਾਹ ਪਾਣੀ ਦਾ ਪ੍ਰਬੰਧ ਵੀ ਹੋਵੇਗਾ।
ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਬਸੀ ਪਠਾਣਾਂ ਦਾ ਸਰਕਾਰੀ ਹਾਈ ਸਕੂਲ ਲੜਕੀਆਂ ਸੰਘੋਲ (ਪੂਰਬ ਪਾਸੇ) ਦਾ ਬੂਥ ਨੰਬਰ 61, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਸੀ ਪਠਾਣਾਂ (ਪੂਰਬ ਪਾਸੇ) ਦਾ ਬੂਥ ਨੰਬਰ 105 ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਸੀ ਪਠਾਣਾ (ਉਤਰ ਪਾਸੇ) ਦਾ ਬੂਥ ਨੰਬਰ 107 ਮਾਡਲ ਪੋਲਿੰਗ ਸਟੇਸ਼ਨ ਹੋਵੇਗਾ। ਇਸੇ ਤਰ੍ਹਾਂ ਹਲਕਾ ਫ਼ਤਹਿਗੜ੍ਹ ਸਾਹਿਬ ਦਾ ਮਾਰਕੀਟ ਕਮੇਟੀ ਦੇ ਬਾੜਾ ਸਥਿਤ ਦਫ਼ਤਰ ਦੇ ਪੂਰਬੀ ਪਾਸੇ 'ਤੇ ਸਥਿਤ ਬੂਥ ਨੰਬਰ 66, ਅਤੇ ਪੱਛਮੀ ਪਾਸੇ 'ਤੇ ਸਥਿਤ ਬੂਥ ਨੰਬਰ 67, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਨਾਰਥਲ ਕਲਾਂ ਦੇ ਪੂਰਬੀ ਪਾਸੇ ਦਾ ਬੂਥ ਨੰਬਰ 80 ਅਤੇ ਪੱਛਮੀ ਪਾਸੇ ਦਾ ਬੂਥ ਨੰਬਰ 81 ਮਾਡਲ ਪੋਲਿੰਗ ਸਟੇਸ਼ਨ ਹੋਵੇਗਾ। ਜਦੋਂ ਕਿ ਵਿਧਾਨ ਸਭਾ ਹਲਕਾ ਅਮਲੋਹ ਦਾ ਲਇਨ ਮਾਡਲ ਸਕੂਲ ਮੰਡੀ ਗੋਬਿੰਦਗੜ੍ਹ ਦੇ ਪੂਰਬੀ ਪਾਸੇ 'ਤੇ ਸਥਿਤ ਬੂਥ ਨੰਬਰ 41 ਤੇ ਪੱਛਮੀ ਪਾਸੇ ਸਥਿਤ ਬੂਥ ਨੰਬਰ 42, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਅਮਲੋਹ ਦੇ ਪੂਰਬੀ ਪਾਸੇ 'ਤੇ ਸਥਿਤ ਬੂਥ ਨੰਬਰ 102 ਅਤੇ ਪੱਛਮੀ ਪਾਸੇ 'ਤੇ ਸਥਿਤ ਬੂਥ ਨੰਬਰ 103 ਅਤੇ ਉਤਰ ਪਾਸੇ 'ਤੇ ਸਥਿਤ ਬੂਥ ਨੰਬਰ 104 ਮਾਡਲ ਪੋਲਿੰਗ ਸਟੇਸ਼ਨ ਬਣਾਏ ਗਏ ਹਨ।
ਚੋਣ ਅਮਲੇ ਨੂੰ ਸੰਬੋਧਨ ਕਰਦਿਆਂ ਸ. ਸੰਘਾ ਨੇ ਕਿਹਾ ਕਿ ਸਾਡਾ ਦੇਸ਼ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਵਜੋਂ ਜਾਣਿਆਂ ਜਾਂਦਾ ਹੈ ਅਤੇ ਮਜਬੂਤ ਲੋਕਤੰਤਰ ਵਿੱਚ ਚੋਣ ਪ੍ਰਕ੍ਰਿਆ ਦਾ ਮਹੱਤਵਪੂਰਨ ਯੋਗਦਾਨ ਹੁੰੰਦਾ ਹੈ। ਉਨ੍ਹਾਂ ਕਿਹਾ ਕਿ ਆਪਸੀ ਸਹਿਯੋਗ ਨਾਲ ਹਰੇਕ ਮੁਸ਼ਕਲ ਤੋਂ ਮੁਸ਼ਕਲ ਚੁਣੋਤੀ ਵੀ ਆਸਾਨ ਹੋ ਜਾਂਦੀ ਹੈ ਇਸ ਲਈ ਦੇਸ਼ ਦੇ ਭਵਿੱਖ ਨਾਲ ਜੁੜੇ ਚੋਣ ਅਮਲ ਵਿੱਚ ਕਦੇ ਵੀ ਅਣਗਹਿਲੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਚੋਣ ਅਮਲੇ ਨੂੰ ਇਹ ਵੀ ਕਿਹਾ ਕਿ ਜੇਕਰ ਤੁਸੀਂ ਇੱਕ ਟੀਮ ਅਤੇ ਪਰਿਵਾਰ ਦੀ ਤਰ੍ਹਾਂ ਮਿਲ ਕੇ ਕੰਮ ਕਰੋਗੇ ਤਾਂ ਤੁਹਾਡਾ ਕੰਮ ਬਹੁਤ ਸੁਖਾਲਾ ਹੋ ਜਾਵੇਗਾ ਅਤੇ ਕੰਮ ਨੂੰ ਬੋਝ ਸਮਝ ਕੇ ਕੰਮ ਕਦੇ ਵੀ ਪੂਰਾ ਨਹੀਂ ਹੋ ਸਕਦਾ। ਉਨ੍ਹਾਂ ਇਹ ਵੀ ਕਿਹਾ ਕਿ ਇੱਕ ਦੂਜੇ ਦੀ ਗਲਤੀ ਕੱਢਣ ਦੀ ਥਾਂ ਉਸ ਨੂੰ ਸੁਧਾਰਨ 'ਤੇ ਜੋਰ ਦੇਣਾ ਚਾਹੀਦਾ ਹੈ।
ਇਸ ਮੌਕੇ ਤਹਿਸੀਲਦਾਰ ਬਸੀ ਪਠਾਣਾਂ ਸ੍ਰੀ ਕੁਲਦੀਪ ਸਿੰਘ ਢਿਲੋਂ, ਨਾਇਬ ਤਹਿਸੀਲਦਾਰ ਸ੍ਰੀ ਰਾਜਿੰਦਰ ਸਿੰਘ, ਤਹਿਸੀਲਦਾਰ ਫ਼ਤਹਿਗੜ੍ਹ ਸਾਹਿਬ ਸ੍ਰੀਮਤੀ ਸੁਖਪਿੰਦਰ ਕੌਰ, ਨਗਰ ਕੌਂਸਲ ਸਰਹਿੰਦ ਦੇ ਕਾਰਜ ਸਾਧਕ ਅਫਸਰ ਸ੍ਰੀ ਦੀਪੇਸ਼ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਚੋਣ ਪ੍ਰਕ੍ਰਿਆ ਵਿੱਚ ਲੱਗੇ ਅਧਿਕਾਰੀ ਤੇ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ।