ਪਟਿਆਲਾ, 30 ਜਨਵਰੀ, 2017 : ਜ਼ਿਲ੍ਹਾ ਚੋਣ ਅਫ਼ਸਰ ਦੀਆਂ ਹਦਾਇਤਾਂ 'ਤੇ ਸਹਾਇਕ ਕਮਿਸ਼ਨਰ ਜਨਰਲ ਸ਼੍ਰੀ ਸੂਬਾ ਸਿੰਘ ਨੇ ਅੱਜ ਸ਼ਹਿਰ ਦੇ ਛੇ ਗੰਨ ਹਾਊਸਾਂ ਦੀ ਅਚਾਨਕ ਪੜਤਾਲ ਕੀਤੀ ਹੈ, ਜਾਂਚ ਤੋਂ ਬਾਅਦ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਸਿੰਘ ਨੇ ਉਹਨਾਂ ਦੀ ਰਿਪੋਰਟ 'ਤੇ ਕਾਰਵਾਈ ਕਰਦਿਆਂ ਬਿਨਾਂ ਲਾਇਸੰਸ ਰਨਿਊ ਕਰਾਏ ਕੰਮ ਕਰ ਰਹੀ ਪਰੇਮ ਆਰਮਜ਼ ਕੰਪਨੀ ਨੂੰ ਸੀਲ ਕਰਨ ਦੇ ਆਦੇਸ਼ ਦਿੱਤੇ ਅਤੇ ਸ਼ਹਿਰ ਦੇ ਹੋਰ ਪੰਜ ਗੰਨ ਹਾਊਸਾਂ ਨੂੰ ਵੱਖ-ਵੱਖ ਮਾਮਲਿਆਂ 'ਚ ਨੋਟਿਸ ਜਾਰੀ ਕਰ ਦਿੱਤੇ।
ਜ਼ਿਲ੍ਹਾ ਚੋਣ ਅਧਿਕਾਰੀ ਸ਼੍ਰੀ ਰਾਮਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਸਮੇ ਤੋਂ ਸ਼ਹਿਰ ਦੇ ਗੰਨ ਹਾਊਸਾਂ 'ਚ ਨਿਯਮਾਂ ਦੀ ਪਾਲਣਾਂ ਨਾ ਕਰਨ ਦੀ ਸ਼ਿਕਾਇਤ ਮਿਲ ਰਹੀ ਸੀ ਜਿਸ ਤੋਂ ਬਾਅਦ ਸ਼ਹਿਰ ਦੇ ਗੁਜਰਾਲ ਗੰਨ ਹਾਊਸ, ਮਨਜੀਤ ਗੰਨ ਹਾਊਸ, ਬਾਜਵਾ ਗੰਨ ਹਾਊਸ, ਸਿੰਘ ਗੰਨ ਹਾਊਸ, ਪਰੇਮ ਆਰਮਜ਼ ਕੰਪਨੀ ਅਤੇ ਮਨੋਹਰ ਸਿੰਘ ਐਂਡ ਸੰਨਜ਼ ਗੰਨ ਹਾਊਸ ਦੀ ਅੱਜ ਕੀਤੀ ਗਈ ਪੜਤਾਲ ਦੌਰਾਨ ਪਾਇਆ ਕਿ ਪਰੇਮ ਆਰਮਜ ਕੰਪਨੀ ਦਾ 2014 ਤੋਂ ਹੀ ਲਾਇਸੰਸ ਖਤਮ ਹੋ ਚੁੱਕਾ ਸੀ। ਇਸ ਦੇ ਬਾਵਜੂਦ ਇਹ ਗੰਨ ਹਾਊਸ ਕੰਮ ਕਰ ਰਿਹਾ ਸੀ ਅਤੇ ਉਸਨੇ ਚੋਣਾ ਦੌਰਾਨ ਵੀ ਲੋਕਾਂ ਦੇ ਹਥਿਆਰ ਜਮਾਂ ਕਰਵਾਏ ਸਨ। ਸਹਾਇਕ ਕਮਿਸ਼ਨਰ ਜਨਰਲ ਸ਼੍ਰੀ ਸੂਬਾ ਸਿੰਘ ਨੇ ਦੱਸਿਆ ਕਿ ਇਸ ਗੰਨ ਹਾਊਸ ਦੇ ਮਾਲਕ ਦਾ ਕਹਿਣਾ ਹੈ ਕਿ ਉਸ ਕੋਲ ਅੱਗ ਤੋਂ ਸੁਰੱਖਿਆ ਦੀ ਐਨ.ਓ.ਸੀ. ਨਾ ਹੋਣ ਕਾਰਨ ਉਸ ਦਾ ਲਾਇਸੰਸ ਰਨੀਊ ਨਹੀਂ ਹੋ ਸਕਿਆ। ਪਰ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਸਿੰਘ ਨੇ ਕਿਹਾ ਕਿ ਹਰ ਤਰ੍ਹਾਂ ਦੀ ਸ਼ਰਤ ਪੂਰੀ ਕਰਨਾ ਗੰਨ ਹਾਊਸ ਦੇ ਮਾਲਿਕ ਦੀ ਜ਼ਿਮੇਵਾਰੀ ਹੈ ਜਿਸ 'ਤੇ ਕੋਈ ਛੁਟ ਨਹੀਂ ਦਿੱਤੀ ਜਾ ਸਕਦੀ। ਇਸ ਲਈ ਲਾਇਸੰਸ ਦੀ ਮਿਆਦ ਖਤਮ ਹੋਣ ਦੇ ਬਾਵਜੂਦ ਵੀ ਕੰਮ ਕਰਨ ਕਰਕੇ ਪਰੇਮ ਆਰਮਜ਼ ਕੰਪਨੀ ਨੂੰ ਸੀਲ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।
ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਕੁਝ ਗੰਨ ਹਾਊਸ ਕੋਲ ਸਟਰਾਂਗ ਰੂਮ ਹੀ ਨਹੀਂ ਹਨ ਲੋਹੇ ਦੀ ਅਲਮਾਰਿਆਂ ਵਿੱਚ ਹੀ ਹਥਿਆਰ ਰੱਖੇ ਗਏ ਸਨ। ਕੁਝ ਗੰਨ ਹਾਊਸ ਮਾਲਕਾਂ ਨੇ ਲੋਕਾਂ ਦੇ ਜਮਾਂ ਕਰਵਾਏ ਗਏ ਹਥਿਆਰਾਂ ਨੂੰ ਹੀ ਨੁਮਾਇਸ਼ ਕਰਕੇ ਰੱਖਿਆ ਹੋਇਆ ਸੀ। ਜਦ ਕਿ ਕਈਆਂ ਕੋਲ ਜਗ੍ਹਾ ਦੀ ਬੜੀ ਘਾਟ ਹੈ ਇਥੋਂ ਤੱਕ ਕਿ ਇਹਨਾਂ ਗੰਨ ਹਾਊਸ ਵੱਲੋਂ ਸੇਲ ਅਤੇ ਸਟਾਕ ਦੇ ਬੋਰਡ ਵੀ ਨਹੀਂ ਲਗਾਏ ਗਏ ਸਨ। ਕੁਝ ਗੰਨ ਹਾਊਸ ਵੱਲੋਂ ਰਿਕਾਰਡ ਵੀ ਦੁਰੱਸਤ ਨਹੀਂ ਰੱਖਿਆ ਹੋਇਆ ਹੈ ਅਤੇ ਲੋਕਾਂ ਵੱਲੋਂ ਹਥਿਆਰ ਜਮਾਂ ਕਰਾਉਣ ਸਬੰਧੀ ਉਹ ਰਸੀਦਾਂ ਵੀ ਪੇਸ਼ ਨਹੀਂ ਕਰ ਸਕੇ। ਉਹਨਾਂ ਦੱਸਿਆ ਕਿ ਇਹਨਾਂ ਗੰਨ ਹਾਊਸ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ ਅਤੇ ਜੇਕਰ ਇਹ ਸਮੇਂ ਸਿਰ ਆਪਣੀਆਂ ਕਮੀਆਂ ਦੂਰ ਨਹੀਂ ਕਰਦੇ ਤਾਂ ਇਹਨਾਂ ਦੇ ਲਾਇਸੰਸ ਰੱਦ ਕੀਤ ਜਾਣਗੇ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਦੂਸਰੇ ਗੰਨ ਹਾਊਸਾਂ ਦੀ ਵੀ ਪੜਤਾਲ ਕੀਤੀ ਜਾਵੇਗੀ।