← ਪਿਛੇ ਪਰਤੋ
ਮਹਿਲ ਕਲਾਂ, 30 ਜਨਵਰੀ, 2017 (ਗੁਰਭਿੰਦਰ ਗੁਰੀ) : ਬਹੁਜਨ ਸਮਾਜ ਪਾਰਟੀ ਵੱਲੋਂ ਸਥਾਨਕ ਅਨਾਜ ਮੰਡੀ ਵਿੱਚ ਮਾਲਵਾ ਜੋਨ ਦੀ ਕੀਤੀ ਗਈ ਰੈਲੀ ਵਿੱਚ ਪਹੁੰਚੇ ਲੋਕਾਂ ਨੂੰ ਮਾਇਆਵਤੀ ਦੇ ਦਰਸਨ ਕਰਨ ਲਈ 4 ਘੰਟੇ ਦਾ ਲੰਮਾ ਇੰਤਜ਼ਾਰ ਕਰਨਾ ਪਿਆ। ਆਪਣੇ ਦਿੱਤੇ ਸਮੇਂ ਤੋ ਚਾਰ ਘੰਟੇ ਲੇਟ ਪਹੁੰਚੀ ਮਾਇਆਵਤੀ ਨੇ ਆਪਣਾ ਪਹਿਲਾ ਤੋਂ ਲਿਖਿਆ ਸਾਰਾ ਭਾਸਣ ਹਿੰਦੀ ਵਿੱਚ ਸੁਣਾ ਕੁੇ ਲੋਕਾਂ ਨੂੰ ਨਰਾਜ਼ ਹੀ ਕੀਤਾ। ਜਿਕਰਯੋਗ ਹੈ ਕਿ ਆਪਣੇ ਆਪ ਨੂੰ ਗਰੀਬਾਂ ਦੀ ਆਲੰਬਦਾਰ ਅਖਵਾਉਣ ਵਾਲੀ ਪਾਰਟੀ ਦੇ ਇਕੱਠ ਵਿੱਚ ਦਲਿਤ ਬੇਟੀ ਦਾ ਦਲਿਤਾ ਵੱਲੋਂ ਸਾਹੀ ਸਨਮਾਨ ਕੀਤਾ ਗਿਆ। ਚੋਣ ਪ੍ਰਚਾਰ ਲਈ ਸਾਧਨਾ ਦੀ ਘਾਟ ਦਾ ਰੋਣਾ ਰੋਣ ਵਾਲੀ ਪਾਰਟੀ ਵੱਲੋਂ ਮਾਇਆਵਤੀ ਲਈ ਸਾਹੀ ਸਟੇਜ ਸਥਾਪਿਤ ਕੀਤੀ ਗਈ। ਜਦਕਿ ਮਾਲਵਾ ਜੋਨ ਦੇ ਪਾਰਟੀ ਉਮੀਦਵਾਰਾਂ ਨੂੰ ਇਸ ਮੁੱਖ ਸਟੇਜ ਦੇ ਨੇੜੇ ਵੀ ਫਟਕਣ ਨਹੀ ਦਿੱਤਾ ਗਿਆ ਅਤੇ ਨਾ ਹੀ ਉਮੀਦਵਾਰਾਂ ਦਾ ਸਟੇਜ ਤੋਂ ਨਾਮ ਲਿਆ ਗਿਆ। ਇਸ ਰੈਲੀ ਲਈ ਦਿਨ ਰਾਤ ਇੱਕ ਕਰਨ ਵਾਲੇ ਡਾ ਮੱਖਣ ਸਿੰਘ ਸੇਰਪੁਰ ਦਾ ਜਿਕਰ ਵੀ ਨਹੀ ਕੀਤਾ ਗਿਆ ਅਤੇ ਸਟੇਜ ਉੱਪਰ ਡਾ ਮੱਖਣ ਸਿੰਘ ਨੂੰ ਦੂਸਰੀ ਕਤਾਰ ਵਿੱਚ ਬਿਠਾਇਆ ਗਿਆ ਜਦਕਿ ਰੈਲੀ ਉਸ ਦੇ ਜੱਦੀ ਹਲਕੇ ਵਿੱਚ ਹੋ ਰਹੀ ਸੀ। ਇਥੇ ਇਹ ਵੀ ਜਿਕਰਯੋਗ ਹੈ ਕਿ ਮਾਇਆਵਤੀ ਜੀ ਨੇ ਆਪਣੇ ਭਾਸਣ ਦੌਰਾਨ ਯੂ ਪੀ ਚੋਣਾਂ ਦਾ ਵੱਧ ਤੇ ਪੰਜਾਬ ਚੋਣਾਂ ਦਾ ਘੱਟ ਜਿਕਰ ਕੀਤਾ। ਮਾਇਆਵਤੀ ਨੇ ਕਾਂਗਰਸ ਤੇ ਭਾਜਪਾ ਤੇ ਹਮਲੇ ਕੀਤੇ ਜਦਕਿ ਪੰਜਾਬ ਵਿੱਚ ਦਲਿਤ ਵਰਗ ਵਿੱਚ ਵੱਡਾ ਆਧਾਰ ਕਾਇਮ ਕਰ ਰਹੀ ਆਮ ਆਦਮੀ ਪਾਰਟੀ ਬਾਰੇ ਮਾਇਆਵਤੀ ਨੇ ਇੱਕ ਵੀ ਸਬਦ ਨਹੀ ਬੋਲਿਆ ਅਤੇ ਪੰਜਾਬ ਦੀ ਬਾਦਲ ਸਰਕਾਰ ਬਾਰੇ ਵੀ ਚੁੱਪੀ ਧਾਰੀ ਰੱਖੀ। ਰੈਲੀ ਖਤਮ ਤੋਂ ਬਾਅਦ ਬਸਪਾ ਦੇ ਪਿੰਡਾਂ ਵਿੱਚੋਂ ਆਏ ਵਰਕਰ ਇੱਕ ਦੂਜੇ ਨੂੰ ਪੁੱਛਦੇ ਵੇਖੇ ਗਏ ਕਿ ਮਾਇਆਵਤੀ ਜੀ ਨੇ ਭਾਸਣ ਵਿੱਚ ਕੀ ਕਿਹਾ ਹੈ ਕਿਉਂਕਿ ਮਾਇਆਵਤੀ ਵੱਲੋਂ ਆਪਣੇ ਭਾਸਣ ਦੌਰਾਨ ਬੋਲੀ ਗਈ ਯੂ.ਪੀ ਦੀ ਹਿੰਦੀ ਭਾਸ਼ਾ ਦਾ ਪਿੰਡਾਂ ਵਿੱਚੋਂ ਆਏ ਪੰਜਾਬੀਆ ਨੂੰ ਕੋਈ ਸਮਝ ਨਹੀ ਲੱਗੀ। ਕੁਲ ਮਿਲਾ ਕੇ ਅਜਿਹਾ ਲੱਗਿਆ ਕਿ ਮਾਇਆਵਤੀ ਪੰਜਾਬ ਚੋਣਾਂ ਦਾ ਨਹੀ ਬਲਕਿ ਯੂ.ਪੀ ਚੋਣਾਂ ਦਾ ਪ੍ਰਚਾਰ ਕਰਨ ਲਈ ਪੰਜਾਬ ਆਈ ਸੀ।
Total Responses : 265