ਚੰਡੀਗੜ੍ਹ, 31 ਜਨਵਰੀ, 2017 : ਪੰਜਾਬ ਨੂੰ ਨਸ਼ਾ-ਮੁਕਤ ਕਰਨ ਦੇ ਵਾਅਦੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਵਿਚ ਉਲਟਾ ਨਸ਼ਿਆਂ ਦੇ ਕਾਰੋਬਾਰ ਨੂੰ ਹੱਲਾਸ਼ੇਰੀ ਦੇ ਰਹੀ ਹੈ। ਅਰਵਿੰਦ ਕੇਜਰੀਵਾਲ ਸਰਕਾਰ ਨੇ ਦਿੱਲੀ ਵਿਚ ਸ਼ਰਾਬ ਦੇ ਕਾਰੋਬਾਰ ਨੂੰ ਪ੍ਰਫੁੱਲਿਤ ਕਰਨ ਲਈ ਨਾ ਸਿਰਫ 399 ਨਵੇਂ ਸ਼ਰਾਬ ਦੇ ਠੇਕੇ ਖੋਲ੍ਹੇੇ ਹਨ, ਸਗੋਂ ਨੌਜਵਾਨਾਂ ਦੀ ਸ਼ਰਾਬ ਪੀਣ ਦੀ ਕਾਨੂੰਨੀ ਉਮਰ ਵੀ 21 ਸਾਲ ਤੋਂ ਘਟਾ ਕੇ 18 ਸਾਲ ਕਰ ਦਿੱਤੀ ਹੈ।
ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਉਪ ਮੁੱਖ ਮੰਤਰੀ ਦੇ ਸਲਾਹਕਾਰ ਮਨਜਿੰਦਰ ਸਿੰਘ ਸਿਰਸਾ ਨੇ ਇੱਥੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਹੇ। ਉਹਨਾਂ ਕਿਹਾ ਕਿ ਆਪ ਮੁਖੀ ਅਰਵਿੰਦ ਕੇਜਰੀਵਾਲ ਨੇ ਚੋਣਾਂ ਜਿੱਤਣ ਲਈ ਦਿੱਲੀ ਦੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਸਨ, ਪਰ ਸੱਤਾ ਵਿਚ ਆਉਂਦੇ ਹੀ ਆਪ ਸਰਕਾਰ ਆਪਣੇ ਸਾਰੇ ਵਾਅਦਿਆਂ ਨੂੰ ਭੁੱਲ ਗਈ। ਦਿੱਲੀ ਵਿੱਚ ਔਰਤਾਂ ਦੀ ਸੁਰੱਖਿਆ ਲਈ 15 ਲੱਖ ਸੀਸੀਟੀਵੀ ਕੈਮਰੇ ਲਗਾਉਣ ਅਤੇ ਬੱਸਾਂ ਵਿਚ ਪੁਲਿਸ ਕਰਮੀ ਤਾਇਨਾਤ ਕਰਨ ਦਾ ਵਾਅਦਾ ਕੀਤਾ ਸੀ, ਪਰ ਅਜੇ ਤੱਕ ਨਾ ਕੈਮਰੇ ਲੱਗੇ ਹਨ ਅਤੇ ਨਾ ਹੀ ਪੁਲਿਸ ਕਰਮੀਆਂ ਦੀ ਤਾਇਨਾਤੀ ਕੀਤੀ ਗਈ ਹੈ।
ਸਿਰਸਾ ਨੇ ਕਿਹਾ ਕਿ ਵੱਡੇ ਵੱਡੇ ਝੂਠ ਬੋਲ ਕੇ ਲੋਕਾਂ ਨੂੰ ਆਪਣੇ ਪਿੱਛੇ ਲਾਉਣਾ ਆਪ ਆਗੂਆਂ ਦੀ ਪੁਰਾਣੀ ਫਿਤਰਤ ਹੈ। ਦਿੱਲੀ ਵਾਸੀ ਇਹ ਧੋਖਾ ਖਾ ਚੁੱਕੇ ਹਨ। ਪੰਜਾਬ ਦੇ ਲੋਕਾਂ ਨੂੰ ਆਪ ਆਗੂਆਂ ਦੀ ਮੋਮੋਠਗਨੀਆਂ ਗੱਲਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਇਹ ਉਹੀ ਆਗੂ ਹਨ, ਜਿਹਨਾਂ ਨੇ ਦਿੱਲੀ ਵਿਚ ਵੀਆਈਪੀ ਕਲਚਰ ਦਾ ਵਿਰੋਧ ਕੀਤਾ ਸੀ ਅਤੇ ਇਸ ਸਮੇ ਕੇਜਰੀਵਾਲ ਦੋ ਪੰਜ ਕਮਰਿਆਂ ਵਾਲੇ ਫਲੈਟ, ਗੱਡੀ, ਜੈਡ ਪਲੱਸ ਸੁਰੱਖਿਆ ਅਤੇ 51 ਪੁਲਿਸ ਕਰਮੀ ਆਪਣੇ ਕੋਲ ਰੱਖੀ ਬੈਠਾ ਹੈ।
ਅਕਾਲੀ ਆਗੂ ਨੇ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨਾਲ ਸਭ ਤੋਂ ਵੱਡਾ ਧੋਖਾ ਇਹ ਕੀਤਾ ਹੈ ਕਿ ਉਹਨਾਂ ਦੀ ਮਿਹਨਤ ਦੀ ਕਮਾਈ ਦੇ ਪੈਸੇ ਨੂੰ ਦਿੱਲੀ ਦੇ ਵਿਕਾਸ ਉੱਤੇ ਨਹੀਂ ਲਾਇਆ। ਦਿੱਲੀ ਵਾਸੀ ਟੈਕਸ ਦੇ ਰੂਪ ਵਿਚ ਸਰਕਾਰ ਨੂੰ ਜਿਹੜਾ ਪੈਸਾ ਦਿੰਦੇ ਹਨ, ਕੇਜਰੀਵਾਲ ਉਸ ਪੈਸੇ ਦਾ ਇਸਤੇਮਾਲ ਦੂਜੇ ਰਾਜਾਂ ਚ ਪਾਰਟੀ ਦੇ ਪ੍ਰਚਾਰ ਲਈ ਕਰ ਰਿਹਾ ਹੈ। ਨਤੀਜਾ ਇਹ ਹੋਇਆ ਹੈ ਕਿ ਦਿੱਲੀ ਵਾਸੀ ਤਾਂ ਮੁੱਢਲੀਆਂ ਸਹੂਲਤਾਂ ਨੂੰ ਵੀ ਤਰਸ ਰਹੇ ਹਨ ਜਦਕਿ ਕੇਜਰੀਵਾਲ ਦੂਜੇ ਰਾਜਾਂ ਅੰਦਰ ਸੋਸ਼ਲ ਮੀਡੀਆ ਉੱਤੇ ਆਪ ਸਰਕਾਰ ਦੇ ਕੰਮਾਂ ਦੀ ਸੇæਖੀਆਂ ਮਾਰਨ ਵਾਸਤੇ ਕਰੋੜਾਂ ਰੁਪਿਆ ਫੂਕ ਰਿਹਾ ਹੈ।
ਸਿਰਸਾ ਨੇ ਕਿਹਾ ਕਿ ਇਸ ਤੋਂ ਇਲਾਵਾ ਦਿੱਲੀ ਵਿਚ ਮੁਫਤ ਵਾਈਫਾਈ ਦੀ ਸਹੂਲਤ ਦੇਣਾ, 1000 ਮੁਹੱਲਾ ਕਲੀਨਿਕ ਖੋਲ੍ਹਣਾ ਅਤੇ 8 ਲੱਖ ਨੌਕਰੀਆਂ ਦੇਣ ਵਰਗੇ ਸਾਰੇ ਵਾਅਦੇ ਝੂਠੇ ਸਾਬਿਤ ਹੋਏ ਹਨ। ਉਹਨਾਂ ਕਿਹਾ ਕਿ ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਬਣਨ ਲਈ ਇੰਨਾ ਪੱਬਾਂ ਭਾਰ ਹੋਇਆ ਹੈ ਕਿ ਉਸ ਨੇ ਗਰਮ ਖਿਆਲੀਆਂ ਅਤੇ ਅਪਰਾਧੀਆਂ ਨਾਲ ਗੰਢਤੁਪ ਕਰ ਲਈ ਹੈ। ਉਹਨਾਂ ਕਿਹਾ ਕਿ ਆਪ ਦਾ ਸੱਤਾ ਵਿਚ ਆਉਣਾ ਪੰਜਾਬ ਲਈ ਇੱਕ ਬਹੁਤ ਵੱਡਾ ਸਰਾਪ ਸਾਬਿਤ ਹੋਵੇਗਾ, ਕਿਉਂਕਿ ਇਹ ਪਾਰਟੀ ਪੰਜਾਬ ਦੀ ਅਮਨ-ਸ਼ਾਂਤੀ ਅਤੇ ਫਿਰਕੂਸਦਭਾਵਨਾ ਨੂੰ ਭੰਗ ਕਰਕੇ ਸੂਬੇ ਨੂੰ ਮੁੜ ਤੋਂ ਹਿੰਸਾ ਦੀ ਸੁਰੰਗ ਵੱਲ ਧੱਕ ਦੇਵੇਗੀ।