ਚੰਡੀਗੜ੍ਹ, 31 ਜਨਵਰੀ, 2017 : ਆਮ ਆਦਮੀ ਪਾਰਟੀ ਮੁਖੀ ਕੇਜਰੀਵਾਲ ਸੱਤਾ ਹਾਸਿਲ ਕਰਨ ਲਈ ਪੰਜਾਬ ਦੀ ਅਮਨ-ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਦਾਅ ਉੱਤੇ ਲਗਾ ਰਿਹਾ ਹੈ। ਉਹ ਅਜਿਹੇ ਵਿਅਕਤੀਆਂ ਅਤੇ ਜਥੇਬੰਦੀਆਂ ਦਾ ਸਮਰਥਨ ਲੈ ਰਿਹਾ ਹੈ, ਜਿਹਨਾਂ ਦਾ ਸਾਡੇ ਦੇਸ਼ ਦੇ ਸੰਵਿਧਾਨ ਵਿਚ ਕੋਈ ਵਿਸ਼ਵਾਸ਼ ਨਹੀਂ ਹੈ ਅਤੇ ਪੰਜਾਬ ਨੂੰ ਮੁੜ ਤੋਂ ਘਰੇਲੂ ਜੰਗ ਵੱਲ ਧੱਕ ਰਿਹਾ ਹੈ।
ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਰਨਲ ਸ਼ ਸੁਖਦੇਵ ਸਿੰਘ ਢੀਂਡਸਾ ਅਤੇ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਇੱਥੇ ਸਾਂਝੇ ਤੌਰ ਤੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ। ਉਹਨਾਂ ਕਿਹਾ ਕਿ ਪਿਛਲੇ ਕੁੱਝ ਦਿਨਾਂ ਵਿਚ ਕੇਜਰੀਵਾਲ ਨੇ ਗਰਮ-ਖਿਆਲੀਆਂ ਅਤੇ ਅਪਰਾਧੀਆਂ ਨਾਲ ਨੇੜਤਾ ਬਣਾ ਕੇ ਇਸ ਗੱਲ ਦਾ ਸੰਕੇਤ ਦੇ ਦਿੱਤਾ ਹੈ ਕਿ ਆਪ ਦੀ ਸਰਕਾਰ ਬਣਨ ਤੇ ਪੰਜਾਬ ਵਿਚ ਮੁੜ ਤੋਂ ਅਰਾਜਕਤਾ ਦਾ ਦੌਰ ਸ਼ੁਰੂ ਹੋ ਸਕਦਾ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਵੱਲੋਂ ਮੋਗਾ ਵਿਖੇ ਇੱਕ ਸਾਬਕਾ ਅੱਤਵਾਦੀ ਦੇ ਘਰ ਰਾਤ ਕੱਟਣਾ ਸਾਬਿਤ ਕਰਦਾ ਹੈ ਕਿ ਆਪ ਆਗੂ ਨੇ ਚੋਣਾਂ ਜਿੱਤਣ ਵਾਸਤੇ ਗੈਰ-ਸਮਾਜੀ ਤੱਤਾਂ ਨਾਲ ਗੰਢਤੁਪ ਕੀਤੀ ਹੈ। ਉਹਨਾਂ ਕਿਹਾ ਕਿ ਜੇਕਰ ਆਪ ਸੱਤਾ ਵਿਚ ਆ ਗਈ ਤਾਂ ਇਸ ਦਾ ਖਮਿਆਜ਼ਾ ਪੂਰੇ ਪੰਜਾਬ ਨੂੰ ਭੁਗਤਣਾ ਪੈ ਸਕਦਾ ਹੈ।
ਅਕਾਲੀ ਆਗੂਆਂ ਨੇ ਆਪ ਵੱਲੋਂ ਦਿੱਤੀ ਦਲੀਲ ਕਿ ਕੇਜਰੀਵਾਲ ਜਿਸ ਘਰ ਵਿਚ ਠਹਿਰਿਆ ਸੀ, ਉਹ ਸਾਬਕਾ ਅੱਤਵਾਦੀ ਦੀ ਪਤਨੀ ਦੇ ਕਰਨਜੀਤ ਕੌਰ ਦੇ ਨਾਂ ਹੈ, ਨੂੰ ਨਕਾਰਦਿਆਂ ਕਿਹਾ ਕਿ ਇਹ ਸਾਰੀ ਘਟਨਾ ਆਪ ਦੀ ਸੋਚੀ ਸਮਝੀ ਸਾਜ਼ਿਸ਼ ਤਹਿਤ ਵਾਪਰੀ ਹੈ। ਕੇਜਰੀਵਾਲ ਸਾਰੇ ਸਾਬਕਾ ਅੱਤਵਾਦੀਆਂ ਦੇ ਪਰਿਵਾਰਾਂ ਦੇ ਵੋਟ ਬੈਂਕ ਨੂੰ ਆਪਣੇ ਹੱਕ ਵਿਚ ਭੁਗਤਾਉਣਾ ਚਾਹੁੰਦਾ ਹੈ। ਉਹਨਾਂ ਕਿਹਾ ਕਿ ਇਹਨਾਂ ਵਿਚੋਂ ਬਹੁਤੇ ਪਰਿਵਾਰ ਅਜੇ ਵੀ ਵੱਖਵਾਦੀ ਸਿਆਸਤ ਨਾਲ ਜੁੜੇ ਹੋਏ ਹਨ ਅਤੇ ਉਹਨਾਂ ਦੀ ਭਾਰਤ ਦੇ ਸੰਵਿਧਾਨ ਵਿਚ ਰੱਤੀ ਭਰ ਵੀ ਆਸਥਾ ਨਹੀਂ ਹੈ। ਅਜਿਹੇ ਸਮਾਜ-ਵਿਰੋਧੀ ਤੱਤਾਂ ਨੂੰ ਹੱਲਾਸ਼ੇਰੀ ਦੇ ਕੇ ਕੇਜਰੀਵਾਲ ਸਿਰਫ ਸੂਬੇ ਦੀ ਨਹੀਂ ਸਗੋਂ ਪੂਰੀ ਦੇਸ਼ ਦੀ ਸੁਰੱਖਿਆ ਨੂੰ ਖਤਰੇ ਵਿਚ ਪਾ ਰਿਹਾ ਹੈ।
ਅਕਾਲੀ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਵੱਖਵਾਦੀ ਸਿਆਸਤ ਦੇ ਸੰਤਾਪ ਨੂੰ ਇੱਕ ਦਹਾਕੇ ਤੋਂ ਵੱਧ ਸਮੇਂ ਤੀਕ ਹੰਢਾਇਆ ਹੈ। ਇਸ ਲਈ ਉਹ ਕਦੇ ਵੀ ਵੱਖਵਾਦੀਆਂ ਜਾਂ ਗਰਮ ਖਿਆਲੀਆਂ ਨੂੰ ਪੰਜਾਬ ਦੇ ਭਵਿੱਖ ਨਾਲ ਖੇਡਣ ਦੀ ਇਜਾਜ਼ਤ ਨਹੀਂ ਦੇਣਗੇ। ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪਿਛਲੇ 10 ਸਾਲਾਂ ਵਿਚ ਸਖਤ ਮਿਹਨਤ ਕਰਕੇ ਪੰਜਾਬ ਨੂੰ ਨਾ ਸਿਰਫ ਤਰੱਕੀ ਦੀ ਲੀਹ ਉੱਤੇ ਚੜ੍ਹਾਇਆ ਹੈ, ਸਗੋਂ ਸੂਬੇ ਅੰਦਰ ਅਮਨ-ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਵੀ ਬਰਕਰਾਰ ਰੱਖਿਆ ਹੈ। ਉਹਨਾਂ ਨੇ ਲੋਕਾਂ ਨੂੰ ਆਪ ਦੇ ਮਾੜੇ ਇਰਾਦਿਆਂ ਤੋਂ ਸਾਵਧਾਨ ਕਰਦੇ ਹੋਏ ਕਿਹਾ ਕਿ ਉਹ ਪੰਜਾਬ ਦੇ ਵਿਕਾਸ ਲਈ ਵੋਟ ਦੇਣ, ਵਿਨਾਸ਼ ਲਈ ਨਹੀਂ।