-ਕੁਸ਼ਟ ਰੋਗੀ ਪਾ ਸਕਣਗੇ ਆਪਣੀ ਰਿਹਾਇਸ਼ ਦੇ ਨਜ਼ਦੀਕ ਵੋਟ-ਜ਼ਿਲ੍ਹਾ ਚੋਣ ਅਫ਼ਸਰ
ਲੁਧਿਆਣਾ, 31 ਜਨਵਰੀ, 2017 : ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ-2017 ਦੌਰਾਨ ਹਰੇਕ ਵੋਟਰ ਦੀ ਵੋਟ ਪਾਈ ਜਾਣੀ ਯਕੀਨੀ ਬਣਾਉਣ ਲਈ ਸ਼ੁਰੂ ਕੀਤੇ ਉਪਰਾਲਿਆਂ ਤਹਿਤ ਸ਼ਹਿਰ ਲੁਧਿਆਣਾ ਦੇ ਸਰੀਰਕ ਤੌਰ 'ਤੇ ਅਪਾਹਜ਼ ਅਤੇ 100 ਸਾਲ ਤੋਂ ਵਧੇਰੀ ਉਮਰ ਦੇ ਵੋਟਰਾਂ ਨੂੰ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਪੋਲਿੰਗ ਸਟੇਸ਼ਨ 'ਤੇ ਲਿਜਾਣ ਅਤੇ ਵਾਪਸ ਘਰ ਛੱਡਣ ਦੀ ਸਹੂਲਤ ਦਿੱਤੀ ਜਾਵੇਗੀ। ਇਸ ਲਈ ਜਿੱਥੇ ਪ੍ਰਸਿੱਧ ਟੈਕਸੀ ਕੰਪਨੀ 'ਊਬਰ' ਦੀਆਂ ਸੇਵਾਵਾਂ ਲਈਆਂ ਜਾਣਗੀਆਂ ਉਥੇ ਸ਼ਹਿਰ ਦੇ ਅਗਾਂਹਵਧੂ ਨੌਜਵਾਨਾਂ ਵੱਲੋਂ ਬਣਾਈ ਸੰਸਥਾ 'ਇੰਨੀਸ਼ੀਏਟਰਜ਼ ਆਫ਼ ਚੇਂਜ' ਦੇ ਵਲੰਟੀਅਰਾਂ ਵੱਲੋਂ ਵੀ ਸਹਿਯੋਗ ਦਿੱਤਾ ਜਾਵੇਗਾ।
ਇਸ ਸੰਬੰਧੀ ਆਪਣੇ ਦਫ਼ਤਰ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸ਼ਹਿਰ ਨਾਲ ਸੰਬੰਧਤ ਛੇ ਹਲਕਿਆਂ (ਲੁਧਿਆਣਾ ਪੱਛਮੀ, ਪੂਰਬੀ, ਦੱਖਣੀ, ਉੱਤਰੀ, ਕੇਂਦਰੀ ਅਤੇ ਆਤਮ ਨਗਰ) ਅਪਾਹਜ ਅਤੇ 100 ਸਾਲ ਤੋਂ ਵਧੇਰੀ ਉਮਰ ਦੇ ਵੋਟਰਾਂ ਨਾਲ ਖੁਦ ਵੀ ਰਾਬਤਾ ਕੀਤਾ ਜਾ ਰਿਹਾ ਹੈ, ਇਸ ਤੋਂ ਇਲਾਵਾ ਪਿਛਲੇ ਦਿਨਾਂ ਦੌਰਾਨ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਜਾਰੀ ਕੀਤੀ ਗਈ ਮੋਬਾਈਲ ਐਪਲੀਕੇਸ਼ਨ 'ECI360' 'ਤੇ ਵੀ ਲੋੜਵੰਦ ਲੋਕਾਂ ਵੱਲੋਂ ਰਜਿਸਟਰੇਸ਼ਨ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਛੇ ਹਲਕਿਆਂ ਨਾਲ ਸੰਬੰਧਤ ਤਕਰੀਬਨ 219 ਅਪਾਹਜ਼ ਵੋਟਰਾਂ ਨਾਲ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਆਪਣੇ ਪੱਧਰ 'ਤੇ ਰਾਬਤਾ ਕੀਤਾ ਜਾ ਚੁੱਕਾ ਹੈ, ਜਦਕਿ 100 ਸਾਲ ਤੋਂ ਵਧੇਰੀ ਉਮਰ ਵਾਲੇ ਵੋਟਰਾਂ ਨਾਲ ਵੀ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸ੍ਰੀ ਭਗਤ ਨੇ ਕਿਹਾ ਕਿ 100 ਸਾਲ ਤੋਂ ਵਧੇਰੀ ਉਮਰ ਦੇ ਵੋਟਰ ਪੋਲਿੰਗ ਸਟੇਸ਼ਨ ਤੱਕ ਜਾਣ ਅਤੇ ਵਾਪਸ ਛੱਡਣ ਦੀ ਸਹੂਲਤ ਲੈਣ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂਂ ਜਾਰੀ ਹੈਲਪਲਾਈਨ ਨੰਬਰ 0161-5016278 'ਤੇ ਕਿਸੇ ਵੀ ਵੇਲ੍ਹੇ ਸੰਪਰਕ ਕਰ ਸਕਦਾ ਹੈ। ਰਜਿਸਟ੍ਰੇਸ਼ਨ ਹੋ ਜਾਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਖੁਦ ਸੰਪਰਕ ਕਰਕੇ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਜੇਕਰ ਕਿਸੇ ਆਮ ਵੋਟਰ ਨੇ ਵੀ ਪੋਲਿੰਗ ਵਾਲੇ ਦਿਨ ਇਹ ਸਹੂਲਤ ਲੈਣੀ ਹੈ ਤਾਂ ਉਸਨੂੰ ਆਪਣੇ ਪੋਲਿੰਗ ਸਟੇਸ਼ਨ 'ਤੇ ਜਾਣ ਅਤੇ ਵਾਪਸ ਆਉਣ ਲਈ ਪ੍ਰਤੀ ਰਾਈਡ ਮਹਿਜ਼ 40 ਰੁਪਏ ਅਦਾ ਕਰਨੇ ਪੈਣਗੇ। ਦੱਸਣਯੋਗ ਹੈ ਕਿ ਊਬਰ ਟੈਕਸੀ ਦੀ ਸਹੂਲਤ ਸ਼ਹਿਰੀ ਖੇਤਰ ਵਿੱਚ ਵੋਟਰ ਦੇ ਘਰ ਤੋਂ 5 ਕਿਲੋਮੀਟਰ ਦੇ ਦਾਇਰੇ ਦੇ ਅੰਦਰ-ਅੰਦਰ ਹੀ ਮਿਲੇਗੀ।
ਉਨ੍ਹਾਂ ਹੋਰ ਦੱਸਿਆ ਕਿ ਸ਼ਹਿਰ ਲੁਧਿਆਣਾ ਦੇ ਇਸਲਾਮੀਆ ਗੰਜ ਇਲਾਕੇ ਵਿੱਚ ਚੱਲ ਰਹੇ ਕੁਸ਼ਟ ਆਸ਼ਰਮ ਦੇ ਵੋਟਰਾਂ ਦੀ ਵੋਟ ਯਕੀਨੀ ਬਣਾਉਣ ਲਈ ਵੀ ਆਸ਼ਰਮ ਦੇ ਵਿੱਚ ਹੀ ਦੋ ਪੋਲਿੰਗ ਬੂਥ ਬਣਾਏ ਜਾਣਗੇ, ਤਾਂ ਜੋ ਕੁਸ਼ਟ ਰੋਗੀਆਂ ਨੂੰ ਵੋਟ ਦਾ ਇਸਤੇਮਾਲ ਕਰਨ ਲਈ ਦੂਰ ਨਾ ਜਾਣਾ ਪਵੇ। ਇਸ ਤੋਂ ਇਲਾਵਾ ਉਪਰਾਲਾ ਕੀਤਾ ਗਿਆ ਹੈ ਕਿ ਇਨ੍ਹਾਂ ਰੋਗੀਆਂ ਨੂੰ ਜੇਕਰ ਕਿਸੇ ਮੈਡੀਕਲ ਸਹੂਲਤ ਦੀ ਲੋੜ ਪੈਂਦੀ ਹੈ ਤਾਂ ਉਹ ਵੀ ਮੁਹੱਈਆ ਕਰਵਾਈ ਜਾਵੇਗੀ, ਜਿਸ ਲਈ ਸਿਹਤ ਵਿਭਾਗ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਮੀਟਿੰਗ ਵਿੱਚ ਤਹਿਸੀਲਦਾਰ ਸ੍ਰੀ ਲਕਸ਼ੈ ਸ਼ਰਮਾ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀਮਤੀ ਇੰਦਰਪ੍ਰੀਤ ਕੌਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰ. ਪ੍ਰਭਦੀਪ ਸਿੰਘ ਨੱਥੋਵਾਲ, ਸਹਾਇਕ ਉਪ ਅਤੇ ਅਰਥ ਅੰਕੜਾ ਸਲਾਹਕਾਰ ਸ੍ਰ. ਚਰਨਜੀਤ ਸਿੰਘ, ਨੌਜਵਾਨ ਸ੍ਰ. ਗੌਰਵਦੀਪ ਸਿੰਘ ਅਤੇ ਹੋਰ ਹਾਜ਼ਰ ਸਨ।