ਮਲੋਟ/ਮੁਕਤਸਰ, 31 ਜਨਵਰੀ, 2017 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵਰਗੀਆਂ ਫਾਸੀਵਾਦੀ ਤਾਕਤਾਂ ਦੇ ਸ਼ਾਸਨ 'ਚ ਸੂਬਾ ਇਕ ਹੋਰ ਕਸ਼ਮੀਰ ਬਣ ਜਾਵੇਗਾ ਅਤੇ ਪਾਕਿਸਤਾਨ ਪੰਜਾਬ 'ਚ ਮੁੜ ਉਗਰਵਾਦ ਪੈਦਾ ਕਰਨ ਲਈ ਅਜਿਹੇ ਮੌਕੇ ਦਾ ਇੰਤਜ਼ਾਰ ਕਰ ਰਿਹਾ ਹੈ।
ਮਲੋਟ ਤੇ ਮੁਕਤਸਰ 'ਚ ਵਿਸ਼ਾਲ ਰੈਲੀਆਂ ਨੂੰ ਸੰਬੋਧਨ ਕਰਦਿਆਂ, ਕੈਪਟਨ ਅਮਰਿੰਦਰ ਨ ਬਾਦਲਾਂ ਦੀ ਸ੍ਰੋਮਣੀ ਅਕਾਲੀ ਦਲ ਤੇ ਅਰਵਿੰਦ ਕੇਜਰੀਵਾਲ ਦੀ ਆਪ ਨੂੰ 'ਮੀਸਨੇ, ਗੱਪੂ ਤੇ ਠੱਗ' ਦੱਸਿਆ। ਉਨ੍ਹਾਂ ਨੇ ਕਿਹਾ ਕਿ ਆਪ ਨਾਲ ਨਕਸਲੀਆਂ ਤੇ ਖਾਲਿਸਤਾਨੀਆਂ ਦੀ ਮਿਲੀਭੁਗਤ ਪੰਜਾਬ ਅੰਦਰ ਅੱਤਵਾਦ ਦੇ ਕਾਲੇ ਦਿਨਾਂ ਨੂੰ ਵਾਪਿਸ ਲੈ ਆਏਗੀ, ਜਿਸ ਦੌਰਾਨ ਉਗਰਵਾਦੀ ਹਿੰਸਾ ਕਾਰਨ ਪਹਿਲਾਂ ਹੀ ਅਸੀਂ 35,000 ਤੋਂ ਵੱਧ ਜਾਨਾਂ ਖੋਹ ਚੁੱਕੇ ਹਾਂ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਚੇਤਾਵਨੀ ਦਿੰਦਿਆਂ, ਬਾਦਲਾਂ ਦੇ ਸ਼ਾਸਨ 'ਚ ਸੰਪ੍ਰਦਾਇਕ ਤਾਕਤਾਂ ਨੂੰ ਉਭਾਰੇ ਜਾਣ, ਅਤੇ ਹੁਣ ਕੇਜਰੀਵਾਲ ਵੱਲੋਂ ਅੱਤਵਾਦ ਦਾ ਖਤਰਾ ਪੈਦਾ ਕੀਤੇ ਜਾਣ ਦੇ ਮੱਦੇਨਜ਼ਰ ਪੰਜਾਬ ਦੀ ਧਰਮ ਨਿਰਪੱਖ ਬਨਾਵਟ ਦਾ ਅੰਤ ਹੋਣ ਤੋਂ ਪਹਿਲਾਂ ਇਨ੍ਹਾਂ ਦਾ ਮੁਕਾਬਲਾ ਕੀਤੇ ਜਾਣ ਦੀ ਲੋੜ 'ਤੇ ਜ਼ੋਰ ਦਿੱਤਾ।
ਕੈਪਟਨ ਅਮਰਿੰਦਰ ਨੇ ਲੋਕਾਂ ਨੂੰ ਚਿੱਟੀ ਟੋਪੀ ਵਾਲੇ ਕੇਜਰੀਵਾਲ ਤੇ ਭ੍ਰਿਸ਼ਟ ਬਾਦਲ ਦੇ ਝੂਠਾਂ ਖਿਲਾਫ ਚੇਤਾਵਨੀ ਦਿੰਦਿਆਂ ਕਿਹਾ ਕਿ ਦਿੱਲੀ ਨੂੰ ਭਾਰੀ ਅਵਿਵਸਥਾ 'ਚ ਧਕੇਲਣ ਤੋਂ ਬਾਅਦ ਪੰਜਾਬ ਲਈ ਆਪ ਆਗੂ ਦੇ ਬੇਈਮਾਨ ਇਰਾਦਿਆਂ ਦਾ ਭਾਂਡਾਫੋੜ ਹੋ ਚੁੱਕਾ ਹੈ, ਜਦਕਿ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਉਮਰ ਬਾਰੇ ਵੀ ਝੂਠ ਬੋਲਿਆ ਹੈ। ਇਸ ਲੜੀ ਹੇਠ, ਬਾਦਲ ਖੁਦ ਨੂੰ 80 ਦੀ ਉਮਰ ਦੀ ਸ਼ੁਰੂਆਤ 'ਚ ਦੱਸਦੇ ਹਨ, ਜਦਕਿ ਅਸਲਿਅਤ ਇਹ ਹੈ ਕਿ ਇਨ੍ਹਾਂ ਨਾਲ ਪੜ੍ਹਨ ਵਾਲੇ ਮੁਕਤਸਰ ਤੋਂ ਕਾਂਗਰਸ ਉਮੀਦਵਾਰ ਕਰਨ ਕੌਰ ਬਰਾੜ ਦੇ ਪਿਤਾ, ਜਿਉਂਦੇ ਹੋਣ 'ਤੇ 94 ਸਾਲ ਦੇ ਹੁੰਦੇ।
ਕੈਪਟਨ ਅਮਰਿੰਦਰ ਨੇ ਸੂਬੇ ਅੰਦਰ ਧਾਰਮਿਕ ਬੇਅਦਬੀਆਂ ਦੀਆਂ ਵੱਧ ਰਹੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਾਦਲ ਸਮੇਤ ਕਿਸੇ ਨੂੰ ਵੀ ਦੋਸ਼ੀ ਪਾਏ ਜਾਣ 'ਤੇ, ਜੇਲ੍ਹ 'ਚ ਭੇਜਿਆ ਜਾਵੇਗਾ ਅਤੇ ਅਜਿਹੀ ਸਜ਼ਾ ਦਿੱਤੀ ਜਾਵੇਗੀ, ਜਿਹੜੀ ਦੂਜਿਆਂ ਵਾਸਤੇ ਉਦਾਹਰਨ ਬਣੇ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਵਿਅਕਤੀਗਤ ਹਿੱਤਾਂ ਖਾਤਿਰ ਲੋਕਾਂ ਨੂੰ ਵੰਡਣ ਵਾਲੀ ਧਰਮ ਦੀ ਸਿਆਸਤ ਕਰਨ ਵਾਲੇ ਕਿਸੇ ਵੀ ਵਿਅਕਤੀ ਨਾਲ ਉਨ੍ਹਾਂ ਦੀ ਕੋਈ ਹਮਦਰਦੀ ਨਹੀਂ ਹੈ। ਜਿਸ 'ਤੇ, ਕਾਂਗਰਸ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਨੇ ਕਿਹਾ ਕਿ ਉਹ ਬਰਗਾੜੀ ਤੇ ਧਾਰਮਿਕ ਬੇਅਦਬੀਆਂ ਦੇ ਹੋਰ ਮਾਮਲਿਆਂ ਦੀ ਜਾਂਚ ਕਰਵਾਉਣਗੇ ਅਤੇ ਪੁਖਤਾ ਕਰਨਗੇ ਕਿ ਦੋਸ਼ੀਆਂ ਨੂੰ ਨਿਆਂ ਦਾ ਸਾਹਮਣਾ ਕਰਵਾਇਆ ਜਾਵੇ।
ਉਨ੍ਹਾਂ ਨੇ ਪੰਜਾਬ ਨੂੰ ਬਰਬਾਦ ਕਰਨ ਨੂੰ ਲੈ ਕੇ ਬਾਦਲਾਂ ਅਤੇ ਉਨ੍ਹਾਂ ਦੇ ਸਾਥੀਆਂ ਉਪਰ ਵਰ੍ਹਦਿਆਂ, ਇਨ੍ਹਾਂ ਸਮੇਤ ਸੁਖਬੀਰ ਦੇ ਓ.ਐਸ.ਡੀਜ਼ ਤੇ ਪਿੱਠੂਆਂ ਦਿਆਲ ਸਿੰਘ ਕੋਲੀਆਂਵਾਲੀ (ਐਸ.ਜੀ.ਪੀ.ਸੀ ਮੈਂਬਰ), ਸਤਿੰਦਰਜੀਤ ਸਿੰਘ ਮੰਟਾ ਤੇ ਤੇਜਿੰਦਰ ਸਿੰਘ ਮਿੱਡੂਖੇੜਾ ਨੂੰ ਪੰਜਾਬ ਦੇ ਲੋਕਾਂ ਖਿਲਾਫ ਕੀਤੇ ਅਪਰਾਧਾਂ ਲਈ ਜੇਲ੍ਹ ਭੇਜਣ ਦਾ ਵਾਅਦਾ ਕੀਤਾ। ਉਨ੍ਹਾਂ ਨੇ ਬਾਦਲਾਂ ਦੇ ਇਸ਼ਾਰੇ 'ਤੇ ਰੇਤ ਮਾਫੀਆ ਚਲਾਉਣ ਵਾਲੇ ਮੁਕਤਸਰ ਤੋਂ ਸ੍ਰੋਅਦ ਉਮੀਦਵਾਰ ਰੋਜੀ ਬਰਕੰਦੀ ਨੂੰ ਵੀ ਨਿਆਂ ਦਾ ਸਾਹਮਣਾ ਕਰਵਾਉਣ ਦਾ ਵਾਅਦਾ ਕੀਤਾ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਬਾਦਲ ਅਤੇ ਉਨ੍ਹਾਂ ਦੇ ਮੰਤਰੀਆਂ ਤੇ ਸਾਥੀਆਂ ਨੇ ਸੂਬੇ ਨੂੰ ਸੱਜਿਓਂ, ਖੱਬਿਓਂ, ਕੇਂਦਰ 'ਚੋਂ, ਹਰ ਪਾਸਿਓਂ ਲੁੱਟਿਆ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਜਿਥੇ ਇਕ ਬਾਦਲ ਹੋਟਲ ਬਣਾਉਣ 'ਚ ਰੁੱਝੇ ਹਨ ਅਤੇ ਦੁਜੇ ਸੰਗਤ ਦਰਸ਼ਨਾਂ ਰਾਹੀਂ ਲੋਕਾਂ ਦੇ ਪੈਸੇ ਬਰਬਾਦ ਕਰ ਰਹੇ ਹਨ, ਉਥੇ ਹੀ ਇਨ੍ਹਾਂ ਦਾ ਲੰਬੂ ਸਾਥੀ ਸੂਬੇ ਦੇ ਵਿਕਾਸ ਤੇ ਇਸਦੇ ਲੋਕਾਂ ਦੀਆਂ ਜ਼ਿੰਦਗੀਆਂ ਦੀ ਕੀਮਤ 'ਤੇ ਨਸ਼ੇ ਅਤੇ ਚਿੱਟਾ ਵੇਚ ਰਿਹਾ ਹੈ।
ਕੈਪਟਨ ਅਮਰਿੰਦਰ ਨੇ ਇਨ੍ਹਾਂ ਚੋਣਾਂ ਦੌਰਾਨ ਲੋਕਾਂ ਨੂੰ ਵੋਟ ਦੇਣ ਨੂੰ ਲੈ ਕੇ ਚੇਤਾਵਨੀ ਦਿੱਤੀ, ਜਿਹੜੀਆਂ ਉਨ੍ਹਾਂ ਲਈ ਆਖਿਰੀ ਚੋਣਾਂ ਹਨ, ਪਰ ਜਨਤਾ ਦਾ ਭਵਿੱਖ ਤੈਅ ਕਰਨਗੀਆਂ। ਇਸ ਲੜੀ ਹੇਠ, ਕੈਪਟਨ ਅਮਰਿੰਦਰ ਨੇ ਸੂਬੇ ਅੰਦਰ ਖੇਤੀਬਾੜੀ ਦੇ ਪਤਨ ਤੇ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਸਮੇਤ ਉਦਯੋਗਾਂ ਦੇ ਪੰਜਾਬ ਤੋਂ ਬਾਹਰ ਜਾਣ 'ਤੇ ਚਿੰਤਾ ਪ੍ਰਗਟਾਈ।
ਕੈਪਟਨ ਅਮਰਿੰਦਰ ਨੇ ਵਾਅਦਾ ਕੀਤਾ ਕਿ ਰੋਜ਼ਗਾਰ ਤੇ ਉਦਯੋਗਾਂ ਨੂੰ ਮੁੜ ਖੜ੍ਹੇ ਕਰਨ ਨੂੰ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਇਕ ਮਾਸਟਰ ਪਲਾਨ 'ਤੇ ਕੰਮ ਕੀਤਾ ਜਾਵੇਗਾ।
ਕੈਪਟਨ ਅਮਰਿੰਦਰ ਨੇ ਜ਼ਿਕਰ ਕੀਤਾ ਕਿ 2002 ਤੋਂ 2007 'ਚ ਉਨ੍ਹਾਂ ਦੇ ਸ਼ਾਸਨਕਾਲ ਦੌਰਾਨ ਖੇਤੀਬਾੜੀ ਤੇ ਉਦਯੋਗ, ਦੋਨਾਂ ਖੇਤਰ ਤਰੱਕੀ ਕਰ ਰਹੇ ਸਨ। ਉਸ ਦੌਰਾਨ ਸਮੇਂ ਸਿਰ ਕਿਸਾਨਾਂ ਨੂੰ ਅਦਾਇਗੀਆਂ ਮਿਲਦੀਆਂ ਸਨ ਅਤੇ ਉਨ੍ਹਾਂ ਦੀ ਫਸਲ ਖ੍ਰੀਦੀ ਜਾਂਦੀ ਸੀ, ਤੇ ਸਰਕਾਰ ਵੱਲੋਂ ਇਲਾਕੇ ਲਈ ਲਿਆਉਂਦੀ ਬੀ.ਟੀ ਕਾਟਨ ਨਾਲ ਕਿਸਾਨਾਂ ਦੇ ਉਤਪਾਦਨ 'ਚ ਕਈ ਗੁਣਾਂ ਵਾਧਾ ਹੋਇਆ ਸੀ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਤੋਤਾ ਸਿੰਘ ਦੇ ਜਾਅਲੀ ਬੀਜਾਂ ਤੇ ਖਾਦਾਂ ਨੇ ਸੱਭ ਕੁਝ ਤਬਾਹ ਕਰ ਦਿੱਤਾ ਹੈ। ਜਿਸ 'ਤੇ, ਉਨ੍ਹਾਂ ਨੇ ਕਿਸਾਨਾਂ ਦਾ ਲੋਨ ਮੁਆਫ ਕਰਨ ਤੋਂ ਇਲਾਵਾ, ਵੈਕਲਪਿਕ ਫਸਲਾਂ 'ਤੇ ਵੱਧ ਤੋਂ ਵੱਧ ਫਾਇਦੇ ਦੇਣ ਅਤੇ ਪੰਜਾਬ ਅੰਦਰ ਖੇਤੀਬਾੜੀ ਨੂੰ ਮੁੜ ਪਟੜੀ 'ਤੇ ਲਿਆਉਣ ਲਈ ਹੋਰ ਕਦਮ ਚੁੱਕਣ ਦਾ ਵਾਅਦਾ ਕੀਤਾ।
ਉਨ੍ਹਾਂ ਨੇ ਲੋਕਾਂ ਨੂੰ ਉਨ੍ਹਾਂ ਨਾਲ ਕੀਤੇ ਗਏ ਸਾਰਿਆਂ ਵਾਅਦਾ ਨੂੰ ਪੂਰਾ ਕਰਨ ਵਾਸਤੇ ਉਨ੍ਹਾਂ ਨੂੰ ਕਾਬਿਲ ਬਣਾਉਣ ਲਈ ਕਾਂਗਰਸ ਨੂੰ ਦੋ ਤਿਹਾਈ ਬਹੁਮਤ ਨਾਲ ਸੱਤਾ 'ਚ ਲਿਆਉਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੂੰ ਪਾਰਟੀ ਉਮੀਦਵਾਰਾਂ, ਮਲੋਟ ਤੋਂ ਅਜਾਇਬ ਸਿੰਘ ਭੱਟੀ ਤੇ ਮੁਕਤਸਰ ਤੋਂ ਬਰਾੜ ਨੂੰ ਹਿਮਾਇਤ ਦੇਣ ਲਈ ਕਿਹਾ।
ਮੁਕਤਸਰ 'ਚ ਇਕ ਇਲਾਕਾ ਨਿਵਾਸੀ ਤਰਸੇਮ ਸਿੰਘ ਨੇ ਮੰਚ ਉਪਰ ਪਹੁੰਚ ਕੇ ਸੂਬਾ ਕਾਂਗਰਸ ਪ੍ਰਧਾਨ ਨੂੰ ਇਕ ਮੰਗ ਪੱਤਰ ਸੌਂਪਿਆ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਖਿਲਾਫ, ਉਨ੍ਹਾਂ ਦੇ ਸ੍ਰੀ ਮੁਕਤਸਰ ਸਾਹਿਬ 'ਚ ਹੈੱਡ ਗ੍ਰੰਥੀ ਰਹਿਣ ਦੌਰਾਨ ਜ਼ਮੀਨ ਕਬਜਾਉਣ ਦੇ ਮਾਮਲੇ 'ਚ ਕਾਰਵਾਈ ਕਰਨ ਦੀ ਮੰਗ ਕੀਤੀ। ਜਿਸ 'ਤੇ, ਕੈਪਟਨ ਅਮਰਿੰਦਰ ਨੇ ਤਰਸੇਮ ਨੂੰ ਮਾਮਲੇ 'ਚ ਆਪਣਾ ਸਮਰਥਨ ਦੇਣ ਤੇ ਨਿਆਂ ਸੁਨਿਸ਼ਚਿਤ ਕਰਨ ਦਾ ਭਰੋਸਾ ਦਿੱਤਾ।