ਚੰਡੀਗੜ੍ਹ, 31 ਜਨਵਰੀ, 2017 : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਪਾਰਟੀ ਦੇ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਇਥੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੀ.ਆਈ.ਏ. ਦਾ ਏਜੰਟ ਗਰਦਾਨਦਿਆਂ ਕਿਹਾ ਹੈ ਕਿ ਇਸ ਨੂੰ ਫੋਰਡ ਫਾਊਂਡੇਸ਼ਨ ਅਤੇ ਕਈ ਹੋਰ ਏਜੰਸੀਆਂ ਵਲੋਂ ਪੈਸਾ ਦੇ ਕੇ ਖੜ੍ਹਾ ਕੀਤਾ ਗਿਆ ਹੈ ਤਾਂਕਿ ਹਿੰਦੁਸਤਾਨ ਨੂੰ ਅਸਥਿਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਵਲੋਂ ਸਰਕਾਰੀ ਕਰਮਚਾਰੀ ਹੁੰਦਿਆਂ ਨਿਯਮਾਂ ਦੀ ਉਲੰਘਣਾ ਕਰਕੇ ਬਣਾਈ ਗਈ ਸੰਸਥਾ ਦੇ ਸੀ.ਆਈ.ਏ. ਦੇ ਕਈ ਕੌਮਾਂਤਰੀ ਏਜੰਟਾਂ ਨਾਲ ਸਬੰਧ ਹੋਣ ਦੇ ਪੁਖ਼ਤਾ ਅਤੇ ਦਸਤਾਵੇਜ਼ੀ ਸਬੂਤ ਮੌਜੂਦ ਹਨ ।
ਕੇਜਰੀਵਾਲ ਵਲੋਂ ਸਰਕਾਰੀ ਕਰਮਚਾਰੀ ਹੁੰਦਿਆਂ ਬਣਾਈ ਗਈ ਗੈਰ ਸਰਕਾਰੀ ਸੰਸਥਾ 'ਸੰਪੂਰਨ ਪਰੀਵਰਤਨ' ਨੂੰ ਸਾਲ 2002 ਵਿਚ 80 ਹਜ਼ਾਰ ਡਾਲਰ ਦੀ ਸਹਾਇਤਾ ਦਿੱਤੀ ਗਈ ਅਤੇ ਉਸ ਨੇ ਨਿਯਮਾਂ ਅਨੁਸਾਰ ਬਾਹਰਲੇ ਮੁਲਕਾਂ ਤੋਂ ਲਈ ਜਾਣ ਸਹਾਇਤਾ ਲਈ ਸਰਕਾਰੀ ਮਨਜ਼ੂਰੀ ਵੀ ਨਹੀਂ ਸੀ ਲਈ। ਇਸ ਗੱਲ ਦੇ ਵੀ ਦਸਤਾਵੇਜ਼ੀ ਸਬੂਤ ਹਨ ਕਿ ਉਸ ਨੇ ਸੀ ਆਈ ਏ ਨਾਲ ਸਬੰਧਤ ਸੰਸਥਾਵਾਂ ਅਤੇ ਏਜੰਟਾਂ ਤੋਂ ਆਨੇ ਬਹਾਨੇ ਕਈ ਵੱਡੀਆਂ ਗ੍ਰਾਂਟਾਂ ਲਈਆਂ ਹਨ।
੍ਰਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕੇਜਰੀਵਾਲ ਨੇ ਆਪਣੀ ਇਹ ਗੈਰ ਸਰਕਾਰੀ ਸੰਸਥਾ 2000-01 ਵਿਚ ਉਸ ਸਮੇਂ ਬਣਾਈ ਜਦੋਂ ਉਹ ਸਰਕਾਰੀ ਕਰਮਚਾਰੀ ਹੁੰਦਿਆਂ ਉਚੇਰੀ ਪੜ੍ਹਾਈ ਲਈ ਛੁੱਟੀ ਉਤੇ ਚਲ ਰਿਹਾ ਸੀ। ਉਸ ਨੇ ਵਿਸ਼ਵ ਬੈਂਕ ਤੋਂ ਆਪਣੇ 'ਜਨ ਸੁਣਵਾਈ' ਪ੍ਰੋਗਰਾਮ ਲਈ ਵੀ ਗ੍ਰਾਂਟ ਹਾਸਲ ਕੀਤੀ ਜਦੋਂਕਿ ਉਸਦੀ ਸੰਸਥਾ ਰਜਿਸਟਰਡ ਵੀ ਨਹੀਂ ਸੀ। ਇਸ ਤੋਂ ਬਾਅਦ ਉਸ ਨੇ 15 ਅਗਸਤ 2005 ਨੂੰ ਸਰਕਾਰੀ ਮੁਲਾਜ਼ਮ ਹੁੰਦਿਆਂ ਹੀ ਇਕ ਹੋਰ ਗੈਰ ਸਰਕਾਰੀ ਸੰਸਥਾ 'ਕਬੀਰ' ਬਣਾਈ। ਇਸ ਸੰਸਥਾ ਦੇ ਨਾਂ 'ਤੇ ਉਸਨੇ ਫੋਰਡ ਫਾਊਂਡੇਸ਼ਨ ਤੋਂ 43,48,036 ਰੁਪਏ ਦੀ ਗ੍ਰਾਂਟ ਹਾਸਲ ਕੀਤੀ। ਦਿਲਚਸਪ ਤੱਥ ਇਹ ਹੈ ਕਿ ਇਹ ਪੈਸਾ ਜੁਲਾਈ ਵਿਚ ਦਿੱਤਾ ਗਿਆ ਜਦੋਂਕਿ ਉਸਦੀ ਸੰਸਥਾ ਹਾਲੇ ਰਸਮੀ ਤੌਰ 'ਤੇ ਚਾਲੂ ਵੀ ਨਹੀਂ ਸੀ ਹੋਈ। ਕੇਜਰੀਵਾਲ ਨੇ ਸਰਕਾਰੀ ਨੌਕਰੀ ਤੋਂ ਅਸਤੀਫ਼ਾ 2006 ਵਿਚ ਦਿੱਤਾ ਹੈ।
ਅਕਾਲੀ ਆਗੂ ਨੇ ਕੇਜਰੀਵਾਲ ਦੀ ਸੰਸਥਾ 'ਕਬੀਰ' ਦਾ ਇਕ ਖੋਜਾਰਥੀ ਸ਼ਿਮਰਤ ਲੀਅ ਦੇ ਸਬੰਧਾਂ ਦਾ ਹਵਾਲਾ ਵੀ ਦਿੱਤਾ ਜਿਸ ਨੇ 'ਜਨਤਕ ਸ਼ਕਤੀ : ਭਾਰਤ ਅਤੇ ਹੋਰ ਲੋਕਤੰਤਰ' ਵਿਸ਼ੇ ਉਤੇ ਖੋਜ ਕਰਨ ਦੇ ਪਰਦੇ ਹੇਠਾਂ ਸੀ ਆਈ ਏ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਿਮਰਤ ਲੀਅ ਦੀ ਮੁਹਾਰਤ ਜਨ ਅੰਦੋਲਨਾਂ ਰਾਹੀਂ ਗੜਬੜ ਕਰਵਾਉਣ ਵਿਚ ਹੈ, ਜਿਵੇਂ ਕਿ ਮਿਸਰ ਦੇ ਤਹਿਰੀਰ ਸੁਕੇਅਰ ਵਿਚ ਚੱਲੀ ਅਰਬ ਸਪਰਿੰਗ ਮੁਹਿੰਮ ਅਤੇ ਉਸ ਤੋਂ ਬਾਅਦ ਯੂਕਰੇਨ ਇਸਦੀਆਂ ਉਘੜਵੀਆਂ ਮਿਸਾਲਾਂ ਹਨ। ਉਹ ਚੈਡ ਹਾਫਾ ਅਤੇ ਇਜ਼ਰਾਇਲ ਵਿਚ ਵੀ ਸਰਗਰਮ ਰਹੀ ਹੈ। ਕੇਜਰੀਵਾਲ ਦੀ ਪਾਰਟੀ ਆਮ ਆਦਮੀ ਪਾਰਟੀ ਵਲੋਂ ਮੁਹੱਲਾ ਕਮੇਟੀਆਂ ਬਣਾਉਣ ਦਾ ਸ਼ੁਰੂ ਕੀਤਾ ਸਿਲਸਿਲਾ ਅਸਲ ਵਿਚ ਸ਼ਿਮਰਤ ਲੀਅ ਦੀ ਹੀ ਦੇਣ ਹੈ। ਉਸ ਨੇ ਹਿੰਦੁਸਤਾਨ ਵਿਚ ਕੇਜਰੀਵਾਲ ਨੂੰ ਉਭਾਰਨ ਵਿਚ ਬਹੁਤ ਵੰਡਾ ਰੋਲ ਨਿਭਾਇਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸ਼ਿਮਰਤ ਲੀਅ ਦਾ ਪਿਛੋਕੜ ਸ਼ੱਕੀ ਹੈ ਅਤੇ ਉਸਦੇ ਸੀ ਆਈ ਏ ਨਾਲ ਸਬੰਧਤ ਜਗ ਜਾਹਰ ਹਨ।
੍ਰਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕੇਜਰੀਵਾਲ ਨੂੰ ਬਾਹਰਲੇ ਦੇਸ਼ਾਂ ਤੋਂ ਵੱਡੇ ਪੱਧਰ 'ਤੇ ਮਿਲ ਰਹੀ ਮਾਲੀ ਸਹਾਇਤਾ ਦੇ ਵੇਰਵੇ ਮੌਜੂਦ ਹਨ ਅਤੇ ਉਸ ਨੂੰ ਇਸ ਸਬੰਧੀ ਸਪਸ਼ਟ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਆਗੂ ਹੋਰਨਾਂ ਨੂੰ ਅਸੂਲੀ ਰਾਜਨੀਤੀ ਕਰਨ ਦਾ ਪਾਠ ਪੜ੍ਹਾ ਰਿਹਾ ਹੈ, ਉਸ ਨੂੰ ਇਹ ਜਵਾਬ ਦੇਣਾ ਚਾਹੀਦਾ ਹੈ ਕਿ ਉਸ ਨੇ ਸਰਕਾਰੀ ਮੁਲਾਜ਼ਮ ਹੁੰਦਿਆਂ ਕਰੋੜਾਂ ਰੁਪਏ ਦੀ ਬਾਹਰਲੇ ਮੁਲਕਾਂ ਤੋਂ ਮਾਲੀ ਸਹਾਇਤਾ ਕਿਵੇਂ ਪ੍ਰਾਪਤ ਕੀਤੀ।
ਅਕਾਲੀ ਆਗੂ ਨੇ ਕਿਹਾ ਕਿ ਇਹ ਮਹਿਜ਼ ਮੌਕਾਮੇਲ ਨਹੀਂ ਹੋ ਸਕਦਾ ਕਿ ਮੁਢਲੇ ਦਿਨਾਂ ਦੇ ਉਸਦੇ ਬਹੁਤੇ ਸਾਥੀ ਬਾਹਰਲੇ ਦੇਸ਼ਾਂ ਤੋਂ ਪੈਸਾ ਵਸੂਲ ਕਰ ਰਹੇ ਸਨ ਅਤੇ ਇਨ੍ਹਾਂ ਵਿਚੋਂ ਕਈ ਮੈਗਸਾਸੇ ਐਵਾਰਡੀ ਹਨ। ਉਨ੍ਹਾਂ ਕਿਹਾ ਕਿ ਫੋਰਡ ਫਾਊਂਡੇਸ਼ਨ ਅਤੇ ਮੈਗਸਾਸੇ ਦੇ ਸੀ ਆਈ ਏ ਨਾਲ ਸਬੰਧ ਕਿਸੇ ਤੋਂ ਲੁਕੇ ਨਹੀਂ ਹਨ।
ਪ੍ਰੋ. ਚੰਦੂਮਾਜਰਾ ਨੇ ਮੰਗ ਕੀਤੀ ਹੈ ਕਿ ਉਚ ਪੱਧਰੀ ਜਾਂਚ ਏਜੰਸੀ ਰਾਹੀਂ ਕੇਜਰੀਵਾਲ ਦੀਆਂ ਗੈਰਸਰਕਾਰੀ ਸੰਸਥਾਵਾਂ ਨੂੰ ਬਾਹਰਲੇ ਮੁਲਕਾਂ ਤੋਂ ਮਿਲ ਰਹੀ ਮਾਲੀ ਸਹਾਇਤਾ ਦੀ ਜਾਂਚ ਹੋਣੀ ਚਾਹੀਦੀ ਹੈ, ਤਾਂਕਿ ਮੁਲਕ ਨੂੰ ਅਸਥਿਰ ਕਰਨ ਦੀ ਸਾਜਿਸ਼ ਬੇਨਕਾਬ ਹੋ ਸਕੇ।