ਅੰਮ੍ਰਿਤਸਰ, 31 ਜਨਵਰੀ, 2017 : ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ ਲਈ ''ਵਿਜ਼ਨ ਅੰਮ੍ਰਿਤਸਰ'' ਪੇਸ਼ ਕੀਤਾ। 12 ਨੁਕਾਤੀ ਇਸ ''ਵਿਜ਼ਨ ਅੰਮ੍ਰਿਤਸਰ'' ਵਿੱਚ ਸ੍ਰ ਔਜਲਾ ਨੇ ਸ਼ਹਿਰ ਦੇ ਵਿਕਾਸ ਸੰਬੰਧੀ ਆਪਣਾ ਪੱਖ ਰਖਿਆ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਇਕ ਟੂਰਿਸਟ ਸਿਟੀ ਹੈ ਤੇ ਇਥੇ ਆਏ ਸੈਲਾਨੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿਵਾਉਣ ਲਈ ਉਹ ਪਾਰਲੀਮੈਂਟ ਵਿਚ ਅਵਾਜ਼ ਉਠਾਉਣਗੇ। ਪਾਰਲੀਮੈਂਟ ਵਿਚ ਜਾ ਕੇ ਉਹ ਗੁਰੂ ਨਗਰੀ ਅੰਮ੍ਰਿਤਸਰ ਨੂੰ ਵਿਸ਼ਵ ਪੱਧਰ ਦੇ ਵਿਕਸਿਤ ਸ਼ਹਿਰ ਵਜੋਂ ਉਭਾਰਣ ਲਈ ਯਤਨ ਕਰਨਗੇ। ''ਵਿਜ਼ਨ ਅੰਮ੍ਰਿਤਸਰ'' ਬਾਰੇ ਬੋਲਦਿਆਂ ਔਜਲਾ ਨੇ ਕਿਹਾ ਕਿ ਗੁਰੂ ਨਗਰੀ ਅੰਮ੍ਰਿਤਸਰ ਨੂੰ ਧਾਰਮਿਕ ਟੂਰਿਜ਼ਮ, ਇੰਡਸਟਰੀ, ਵਪਾਰ, ਸਿੱਖਿਆ ਅਤੇ ਸਿਹਤ ਸਹੂਲਤਾਂ ਦੇ ਕੇਂਦਰ ਵਜੋਂ ਉਭਾਰਿਆ ਜਾਵੇਗਾ। ਅੰਮ੍ਰਿਤਸਰ ਨੂੰ ਧਾਰਮਿਕ ਸ਼ਹਿਰ ਵਜੋਂ ਦੇਸ਼ ਵਿਦੇਸ਼ ਵਿੱਚ ਬੜੇ ਸਤਿਕਾਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਦੇਸ਼ ਵਿਦੇਸ਼ ਤੋਂ ਧਾਰਮਿਕ ਸੈਲਾਨੀਆਂ ਦੀ ਅੰਮ੍ਰਿਤਸਰ ਆਮਦ ਨੂੰ ਦੇਖਦਿਆਂ ਅਤੇ ਸੈਲਾਨੀਆਂ ਦਾ ਵੱਧ ਤੋਂ ਵੱਧ ਸਮਾਂ ਵਿਚ ਬਤੀਤ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਆਸ ਪਾਸ ਦੇ ਇਲਾਕਿਆਂ ਦਾ ਸੁੰਦਰੀਕਰਨ ਦੇ ਨਾਲ ਨਾਲ ਰਾਵੀ ਦਰਿਆ ਦੇ ਆਲੇ ਦੁਆਲੇ ਦਾ ਸੁੰਦਰੀਕਰਨ ਕਰਨ ਲਈ ਵੀ ਵਿਸ਼ੇਸ਼ ਯਤਨ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਇਸ ਲਈ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਅੰਤਰਰਾਸਟਰੀ ਹਵਾਈ ਅੱਡੇ ਨੂੰ ਟ੍ਰਾਂਜਿਕਟ ਹਬ ਬਨਾਉਣ 'ਤੇ ਜ਼ੋਰ ਦਿੱਤਾ ਜਾਵੇਗਾ ਜਿਸ ਨਾਲ ਅੰਮ੍ਰਿਤਸਰ ਨੂੰ ਹੀ ਨਹੀ ਬਲਕਿ ਪੂਰੇ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਮਿਲੇਗਾ। ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਨਾਂ ਸ਼ੁਰੂ ਕਰਨ ਲਈ ਉਹ ਰਾਤ ਦਿਨ ਇਕ ਕਰ ਦੇਣਗੇ। ਰਾਜ ਸਰਕਾਰ ਨੇ ਅੰਮ੍ਰਿਤਸਰ ਦੇ ਅੰਤਰਾਸ਼ਟਰੀ ਹਵਾਈ ਅੱਡੇ ਤੋਂ ਜਹਾਜ ਦਾ ਇੰਧਨ (ਏ.ਟੀ.ਐਫ.) 5 ਫੀਸਦੀ ਕੇਂਦਰੀ ਵੈਟ ਤੇ 17 ਫੀਸਦੀ ਵੈਟ ਹੋਰ ਲਗਾ ਦਿੱਤਾ ਇਸ ਕਾਰਨ ਲੈਂਡਿੰਗ ਚਾਰਜਿਸ ਵੱਧ ਗਏ ਤੇ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਨਾਂ ਮਹਿੰਗੀਆਂ ਹੋਣ ਕਾਰਨ ਫਲਾਇਟਾਂ ਬੰਦ ਹੋ ਗਈਆਂ, ਆਪਣੇ ਨਿਜ਼ੀ ਸਵਾਰਥਾਂ ਨੂੰ ਪੂਰਾ ਕਰਦਿਆਂ ਬਾਦਲਾਂ ਨੇ ਆਪਣੀਆਂ ਜ਼ਮੀਨਾਂ ਤੇ ਹੋਰ ਆਪਣੇ ਪਰਵਾਰ ਦੇ ਕਾਰੋਬਾਰਾਂ ਨੂੰ ਲਾਭ ਪਹੁੰਚਾਉਂਣ ਲਈ ਮੋਹਾਲੀ ਵਿਚ ਇਕ ਹੋਰ ਹਵਾਈ ਅੱਡੇ ਦੀ ਉਸਾਰੀ ਕਰਵਾ ਲਈ। ਇਹ ਸਿੱਧੇ ਤੌਰ 'ਤੇ ਅੰਮ੍ਰਿਤਸਰ ਦੇ ਅੰੰਤਰਰਾਸ਼ਟਰੀ ਹਵਾਈ ਅੱਡੇ ਨੂੰ ਨੁਕਰੇ ਲਗਾਉ ਦੀ ਸਾਜਿਸ਼ ਹੈ। ਪਿਛਲੇ 10 ਸਾਲ ਵਿਚ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਜਿੰਨੀ ਵਾਰ ਵੀ ਪ੍ਰਧਾਨ ਮੰਤਰੀ ਜਾਂ ਕੇਂਦਰੀ ਹਵਾਬਾਜੀ ਮੰਤਰੀ ਨਾਲ ਮਿਲੇ ਉਨ੍ਹਾਂ ਕਦੇ ਵੀ ਅੰਮ੍ਰਿਤਸਰ ਹਵਾਈ ਅੱਡੇ ਤੋਂ ਟੋਰਾਂਟੋ, ਵੈਂਕੂਵਰ, ਲੰਡਨ ਆਦਿ ਦੇਸ਼ਾਂ ਲਈ ਫਲਾਇਟਾਂ ਸ਼ੁਰੂ ਕਰਨ ਜਾਂ ਅੰਮ੍ਰਿਤਸਰ ਸਿੰਘਾਪੁਰ ਉਡਾਨਾਂ ਬਹਾਲ ਕਰਨ ਦੀ ਮੰਗ ਹੀ ਨਹੀਂ ਕੀਤੀ ਬਲਕਿ ਹਰ ਵਾਰ ਮੋਹਾਲੀ ਅਵਾਈ ਅੱਡੇ ਤੋਂ ਇਹ ਉਡਾਨਾਂ ਸ਼ੁਰੂ ਕਰਨ ਦੀ ਮੰਗ ਕਰਦੇ ਰਹੇ। ਹੁਣ ਅੰਮ੍ਰਿਤਸਰ ਹਵਾਈ ਅੱਡੇ ਨੂੰ ਸਿੰਗਾਪਰ ਹਵਾਈ ਅੱਡੇ ਦੀ ਤਰਜ਼ 'ਤੇ ਵਿਕਸਤ ਕੀਤਾ ਜਾਵੇਗਾ।
ਉਨ੍ਹਾਂ ਹੋਰ ਦਸਿਆ ਕਿ ਅੰਮ੍ਰਿਤਸਰ ਦੇ ਰੇਲਵੇ ਸ਼ਟੇਸਨ ਦੇ ਵਿਸਥਾਰ ਲਈ ਕੇਂਦਰ ਸਰਕਾਰ 'ਤੇ ਦਬਾਅ ਬਨਾਉਣਗੇ। ਅੰਮ੍ਰਿਤਸਰ ਦਾ ਰੇਲਵੇ ਸ਼ਟੇਸ਼ਨ ਅੰਗ੍ਰੇਜ ਰਾਜ ਵੇਲੇ ਦਾ ਬਣਿਆ ਹੋਇਆ ਹੈ। ਇਸ ਸ਼ਟੇਸਨ ਦੇ 5 ਪਲੇਟ ਫਰਾਮ ਵੀ ਉਸ ਸਮੇਂ ਦੇ ਹਨ। ਅੱਜ ਅੰਮ੍ਰਿਤਸਰ ਸ਼ਹਿਰ ਦੀ ਅਬਾਦੀ ਵਿਚ 10 ਗੁਣਾ ਦਾ ਵਾਧਾ ਹੋ ਚੁੱਕਾ ਹੈ। ਪਲੇਟ ਫਾਰਮ ਨੰਬਰ 6 ਅਤੇ 7 ਦੀ ਉਸਾਰੀ ਦਾ ਕੰਮ ਪਿਛਲੇ ਕਰੀਬ 10 ਸਾਲ ਤੋਂ ਚਲ ਰਿਹਾ ਹੈ। ਦੇਸ਼ ਭਰ ਤੋਂ ਅੰਮ੍ਰਿਤਸਰ ਆਉਣ ਵਾਲੀਆਂ ਗੱਡੀਆਂ ਬਾਹਰ ਆਉਟਰ 'ਤੇ ਕਈ ਕਈ ਘੰਟੇ ਖੜੀਆਂ ਰਹਿੰਦੀਆਂ ਹਨ ਜਿਸ ਕਾਰਨ ਯਾਤਰੂ ਕਈ ਕਈ ਘੰਟੇ ਰੁਲਦਾ ਰਹਿੰਦਾ ਹੈ। ਕਈ ਵਾਰ ਕੁਝ ਸ਼ਰਾਰਤੀ ਅਨਸਰ ਹਨੇਰੇ ਦਾ ਫਾਇਦਾ ਲੈ ਕੇ ਯਾਤਰੂਆਂ ਅਤੇ ਵਪਾਰੀਆਂ ਨਾਲ ਲੁੱਟ ਖੋਹ ਵੀ ਕਰਦੇ ਹਨ। ਰੇਲਵੇ ਸ਼ਟੇਸ਼ਨ ਦੇ ਵਿਸਥਾਰ ਲਈ ਯਤਨ ਕੀਤੇ ਜਾਣਗੇ ਤਾਂ ਕਿ ਕੋਈ ਵੀ ਗੱਡੀ ਆਉਟਰ 'ਤੇ ਖੜੀ ਨਾ ਰਹੇ। ਰੇਲਵੇ ਸ਼ਟੇਸ਼ਨ ਦਾ ਵਿਸਥਾਰ ਅੰਤਰਾਸ਼ਟਰੀ ਮਿਆਰ ਮੁਤਾਬਕ ਕਰਵਾਇਆ ਜਾਵੇਗਾ।
ਫਰੇਟ ਕਾਰੀਡੋਰ ਜੋ ਕਿ ਲੁਧਿਆਣਾ ਤਕ ਹੈ ਨੂੰ ਅੰਮ੍ਰਿਤਸਰ ਤਕ ਲਿਆਂਦਾ ਜਾਵੇਗਾ। ਫਰੇਟ ਕਾਰੀਡੋਰ ਕਾਂਗਰਸ ਦੇ ਸਟਾਰ ਪ੍ਰਚਾਰਕ ਅਤੇ ਹਲਕਾ ਪੂਰਬੀ ਤੋਂ ਕਾਂਗਰਸ ਦੇ ਉਮੀਦਵਾਰ ਸ੍ਰ ਨਵਜੋਤ ਸਿੰਘ ਸਿੱਧੂ ਦੇ ਯਤਨਾਂ ਨਾਲ ਲੁਧਿਆਣਾ ਤਕ ਲਿਆਂਦਾ ਗਿਆ ਸੀ ਦਾ ਵਿਸਥਾਰ ਕਰਕੇ ਇਸ ਨੂੰ ਅੰਮ੍ਰਿਤਸਰ ਤਕ ਲਿਆਉਣ ਦੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ।
ਮਖੂ ਤੋਂ ਰਾਜਸਥਾਨ ਨਾਲ ਰੇਲ ਲਿੰਕ ਜੋੜਣ ਲਈ ਨਵੀ ਲਾਇਨ ਵਿਛਾਉਣ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ ਕਰਵਾਇਆ ਜਾਵੇਗਾ। ਮਹਿਜ਼ 25 ਕਿਲੋਮੀਟਰ ਦੀ ਰੇਲ ਲਾਇਨ ਜੇਕਰ ਵਿਛਾਈ ਜਾਂਦੀ ਹੈ ਤਾਂ ਪੰਜਾਬ ਅਤੇ ਮੁੰਬਈ ਦੀ ਦੂਰੀ ਵਿਚ 250 ਕਿਲੋਮੀਟਰ ਦਾ ਅੰਤਰ ਆ ਜਾਂਦਾ ਹੈ। ਰਾਜ ਵਿਚਲਾ ਟ੍ਰਾਂਸਪੋਰਟ ਮਾਫੀਆ ਜੋ ਕਿ ਸਰਕਾਰੀ ਸਰਪ੍ਰਸਤੀ ਹਾਸਲ ਹੈ ਇਹ ਨਹੀਂ ਚਾਹੁੰਦਾ ਕਿ ਇਹ ਰੇਲ ਲਾਇਨ ਵਿਛੇ ਪਰ ਇਸ ਰੇਲ ਲਿੰਕ ਲਾਇਨ ਦਾ ਨਿਰਮਾਣ ਹਰ ਹੀਲੇ ਕਰਵਾਇਆ ਜਾਵੇਗਾ। ਰੇਲ ਓਵਰ ਬ੍ਰਿਜ ਅਤੇ ਜਮੀਨ ਦੋਜ਼ ਪੁਲਾਂ ਦਾ ਨਿਰਮਾਣ ਕਰਨ ਲਈ ਸੰਬਧਤ ਮਹਿਕਮਿਆਂ ਨਾਲ ਤਾਲਮੇਲ ਕੀਤਾ ਜਾਵੇਗਾ।
ਅੰਮ੍ਰਿਤਸਰ ਦੀ ਹੋਟਲ ਇੰਡਸਟਰੀ ਨੂੰ ਮੁੜ ਸਰਜੀਤ ਕਰਨ ਲਈ ਉਹ ਹੋਟਲ ਮਾਲਕਾਂ ਦੀਆਂ ਸਾਰੀਆਂ ਮੁਸ਼ਕਲਾਂ ਦੇ ਹਲ ਲਈ ਪਹਿਲ ਕਰਨਗੇ। ਰਾਜ ਸਰਕਾਰ ਨੇ ਹੋਟਲ ਇੰਡਸਟਰੀ 'ਤੇ ਟੈਕਸਾ ਦੀ ਮਾਰ ਤਾਂ ਮਾਰੀ ਹੀ ਹੈ ਅਫਸਰਸ਼ਾਹੀ ਨੂੰ ਵੀ ਹੋਟਲ ਮਾਲਕਾਂ ਨਾਲ ਮਨਮਾਨੀਆਂ ਕਰਨ ਦੀ ਖੁਲੀ ਛੂਟ ਦਿੱਤੀ ਹੋਈ ਹੈ। ਇਸ ਲਈ ਉਹ ਸ਼ਹਿਰ ਦੇ ਛੋਟੇ ਤੇ ਮੱਧ ਦਰਜੇ ਦੇ ਹੋਟਲ ਮਾਲਕ ਦਹਿਸ਼ਤ ਵਿਚ ਹਨ। ਹੋਟਲ ਇੰਡਸਟਰੀ ਨੂੰ ਮੁੜ ਪੈਰਾਂ ਸਿਰ ਖੜਾ ਕਰਨ ਲਈ ਯਤਨ ਕੀਤੇ ਜਾਣਗੇ।
''ਵਿਜ਼ਨ ਅੰਮ੍ਰਿਤਸਰ'' ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਔਜਲਾ ਨੇ ਕਿਹਾ ਕਿ ਅੱਜ ਪੰਜਾਬ ਵਿਚ ਬੇਰੋਜ਼ਾਗਾਰੀ ਹੱਦਾਂ ਬੰਨੇ ਟੱਪਦੀ ਜਾ ਰਹੀ ਹੈ। ਹਰ ਸਾਲ ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਵਿਦਿਆਰਥੀ ਡਿਗਰੀਆਂ ਕਰ ਕੇ ਨਿਕਲਦੇ ਹਨ ਪਰ ਰੋਜ਼ਗਾਰ ਦੇ ਮੌਕੇ ਨਾਂਹ ਦੇ ਬਾਰਬਰ ਹੋਣ ਦੇ ਕਾਰਨ ਨਿਰਾਸ਼ਤਾ ਵਾਲੇ ਮਾਹੌਲ ਵਿਚ ਜ਼ਿੰਦਗੀ ਬਤੀਤ ਕਰਦੇ ਹਨ। ਮੁਕਾਬਲੇਬਾਜੀ ਦੇ ਇਸ ਯੁਗ ਵਿਚ ਯੋਗਤਾ ਹੋਣ ਦੇ ਬਾਵਜੂਦ ਹੁਨਰ ਦਾ ਕੋਈ ਮੁਲ ਨਹੀ ਪੈਂਣਾ। ਅੱਜ ਸਮੇ ਦੀ ਲੋੜ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਦੀ ਹੈ ਤਾਂ ਕਿ ਨੌਜਵਾਨ ਵਰਗ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਨਾ ਹੋਵੇ। ਸ੍ਰੀ ਗੁਰੂ ਰਾਮਦਾਸ ਜੀ ਦੀ ਵਸਾਈ ਹੋਈ ਨਗਰੀ ਨੂੰ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਨੇ ਉਜਾੜਣ ਵਿਚ ਕੋਈ ਕਸਰ ਬਾਕੀ ਨਹੀ ਛਡੀ। ਜਿਸ ਕਾਰਨ ਅੱਜ ਵਪਾਰੀ, ਕਾਰੋਬਾਰੀ, ਉਦਯੋਗਪਤੀ ਸ਼ਹਿਰ ਤੋਂ ਮੂੰਹ ਮੋੜ ਰਹੇ ਹਨ। 10 ਸਾਲ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਦੇ ਕਾਰਜਕਾਲ ਵਿਚ ਪੰਜਾਬ ਵਿਚੋ ਇੰਡਸਟਰੀ ਖੰਬ ਲਾ ਕੇ ਉਡ ਗਈ ਹੈ। ਅੰਮ੍ਰਿਤਸਰ ਵਿਚ ਮੁੜ ਇੰਡਸਟਰੀ ਨੂੰ ਉਭਾਰਣ ਲਈ ਸ਼ਪੈਸ਼ਲ ਇਕਨਾਮਿਕ ਜੋਨ ਨੂੰ ਮੁੜ ਅੰਮ੍ਰਿਤਸਰ ਵਿਚ ਸਥਾਪਤ ਕਰਨ ਲਈ ਸਿਰ ਤੋੜ ਯਤਨ ਕੀਤੇ ਜਾਣਗੇ। ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਕਾਰਜਕਾਲ ਵਿਚ 16000 ਕਰੋੜ ਦਾ ਇਕ ਸ਼ਪੈਸ਼ਲ ਇਕਨਾਮਿਕ ਜੋਨ ਸਥਾਪਿਤ ਕਰਨ ਦਾ ਐਲਾਣ ਕੀਤਾ ਸੀ ਪਰ ਪੰਜਾਬ ਦੀ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਨੇ ਇਸ ਪ੍ਰੋਜੈਕਟ 'ਤੇ ਕੰਮ ਤਾਂ ਕੀ ਕਰਨਾ ਸੀ ਕਦੇ ਗੰਭੀਰਤਾ ਨਾਲ ਨਹੀਂ ਲਿਆ। ਜਿਸ ਕਾਰਨ ਅੰਮ੍ਰਿਤਸਰ ਵਿਕਾਸ ਦੀਆਂ ਲੀਹਾਂ ਤੋਂ ਪੱਛੜ ਗਿਆ। ਜੇਕਰ ਇਹ ਪ੍ਰੋਜੈਕਟ ਅੰਮ੍ਰਿਤਸਰ ਵਿਚ ਸਥਾਪਿਤ ਹੋ ਜਾਂਦਾ ਤਾਂ ਕਰੀਬ 4.15 ਲੱਖ ਨੋਜਵਾਨਾਂ ਨੂੰ ਸਿੱਧੇ ਜਾਂ ਅਸਿੱਧੇ ਢੰਗ ਨਾਲ ਰੋਜ਼ਗਾਰ ਮਿਲਣਾ ਸੀ। ਅੰਮ੍ਰਿਤਸਰ ਦੇ ਆਰਥਿਕ ਢਾਂਚੇ ਨੂੰ ਮੁੜ ਲੀਹ 'ਤੇ ਲਿਆਉਣ ਲਈ ਸ਼ਪੈਸ਼ਲ ਇਕਨਾਮਿਕ ਜੋਨ ਦੀ ਸਥਾਪਨਾ ਕਰਨ ਲਈ ਪਾਰਲੀਮੈਂਟ ਵਿਚ ਅਵਾਜ਼ ਬੁਲੰਦ ਕਰਾਂਗਾ। ਬਾਰਡਰ ਬੈਲਟ ਨੂੰ ੳਦਯੋਗਿਕ ਅਤੇ ਵਪਾਰਕ ਕੇਂਦਰ ਵਜੋ ਵਿਕਸਤ ਕੀਤਾ ਜਾਵੇਗਾ।
ਔਜਲਾ ਨੇ ਕਿਹਾ ਕਿ ਮੌਜੂਦਾ ਕੇਂਦਰ ਅਤੇ ਰਾਜ ਸਰਕਾਰ ਸੂਬੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਸਾਰਕ ਦੇਸ਼ਾਂ ਵਲੋ ਅੰਮ੍ਰਿਤਸਰ ਵਿਚ ਇਕ ਸਾਰਕ ਹਸਪਤਾਲ ਵੇਰਕਾ ਵਿਖੇ ਉਸਾਰਿਆ ਜਾਣਾ ਸੀ। 18 ਹਜ਼ਾਰ ਕਰੋੜ ਦਾ ਇਹ ਪ੍ਰੋਜੈਕਟ ਰਾਜ ਸਰਕਾਰ ਦੀ ਅਣਗਹਿਲੀ ਕਾਰਨ ਨੇਪਾਲ ਸ਼ਿਫਟ ਹੋ ਗਿਆ, ਜੋ ਪਿਛਲੇ ਸਾਲਾਂ ਵਿਚ ਨੇਪਾਲ ਵਿਚ ਆਏ ਭੁਚਾਲ ਕਾਰਨ ਰੁਕਿਆ ਹੋਇਆ ਹੈ। ਉਨਾਂ ਕਿਹਾ ਕਿ ਉਹ 11 ਮਾਰਚ ਤੋਂ ਬਾਅਦ ਇਸ ਹਸਪਤਾਲ ਨੂੰ ਮੁੜ ਅੰਮ੍ਰਿਤਸਰ ਵਿਚ ਸਥਾਪਿਤ ਕਰਨ ਲਈ ਪੂਰੇ ਯਤਨ ਕਰਨਗੇ। ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਲਈ ਫੰਡਾਂ ਦੀ ਘਾਟ ਨਹੀ ਆਉਣ ਦਿੱਤੀ ਜਾਵੇਗੀ ਅਤੇ ਮਸ਼ੀਨੀਰੀ ਦੀ ਘਾਟ ਨੂੰ ਵੀ ਦੂਰ ਕੀਤਾ ਜਾਵੇਗਾ। ਅੰਮ੍ਰਿਤਸਰ ਵਿਚ ਕੈਂਸਰ ਖੋਜ ਸੰਸਥਾਨ ਦੀ ਮੰਨਜੂਰੀ ਲਈ ਉਹ ਅਵਾਜ਼ ਬੁੰਲਦ ਕਰਨਗੇ। ਅਕਾਲੀ ਰਾਜ ਵਿਚ ਕੇਂਦਰ ਸਰਕਾਰ ਵਲੋ ਐਲਾਣੇ ਏਮਜ਼ ਵਰਗੇ ਪ੍ਰੋਜੈਕਟ ਅੰਮ੍ਰਿਤਸਰ ਤੋ ਬਠਿੰਡਾ ਤਬਦੀਲ ਕੀਤੇ ਗਏ। ਪਰ ਹੁਣ ਅੰਮ੍ਰਿਤਸਰ ਨਾਲ ਧੱਕੇਸ਼ਾਹੀ ਨਹੀ ਹੋਣ ਦਿੱਤੀ ਜਾਵੇਗੀ।
ਆਪਣੇ ''ਵਿਜ਼ਨ ਅੰਮ੍ਰਿਤਸਰ'' ਬਾਰੇ ਬੋਲਦਿਆਂ ਸ੍ਰ ਔਜਲਾ ਨੇ ਕਿਹਾ ਕਿ 2007 ਵਿਚ ਡਾਕਟਰ ਮਨਮੋਹਨ ਸਿੰਘ ਨੇ ਅੰਮ੍ਰਿਤਸਰ ਵਿਚ ਇਕ ਕੇਂਦਰੀ ਯੂਨੀਵਰਸਿਟੀ ਸਥਾਪਿਤ ਕਰਨ ਦਾ ਐਲਾਨ ਕੀਤਾ ਸੀ ਪਰ ਅਕਾਲੀ ਦਲ ਨੇ ਇਹ ਯੂਨੀਵਰਸਿਟੀ ਅੰਮ੍ਰਿਤਸਰ ਤੋ ਬਠਿੰਡਾ ਤਬਦੀਲ ਕਰ ਲਈ। ਸਾਲ 2008 ਵਿਚ ਕੇਂਦਰ ਸਰਕਾਰ ਨੇ ਅੰਮ੍ਰਿਤਸਰ ਲਈ 1400 ਕਰੋੜ ਰੁਪਏ ਦਾ ਇਕ ਹੋਰ ਪ੍ਰੋਜੈਕਟ ਵਰਲਡ ਕਲਾਸ ਯੂਨੀਵਰਸਿਟੀ ਦੀ ਪ੍ਰਵਾਨਗੀ ਦਿੱਤੀ ਪਰ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਇਸ ਲਈ ਅੱਜ ਤਕ ਜਮੀਨ ਹੀ ਮੁਹੱਈਆ ਨਹੀਂ ਕਰਵਾਈ। ਮੈ ਬਤੌਰ ਮੈਂਬਰ ਪਾਰਲੀਮੈਟ ਇਹ ਮੁੱਦਾ ਪਾਰਲੀਮੈਂਟ ਵਿਚ ਚੁਕਾਂਗਾ ਅਤੇ 11 ਮਾਰਚ ਤੋ ਬਾਅਦ ਪੰਜਾਬ ਵਿਚ ਬਨਣ ਜਾ ਰਹੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਬੇਨਤੀ ਕਰਾਂਗਾ ਕਿ ਪਹਿਲ ਦੇ ਅਧਾਰ ਤੇ ਇਸ ਯੂਨੀਵਰਸਿਟੀ ਲਈ ਜ਼ਮੀਨ ਮੁਹਇਆ ਕਰਵਾਈ ਜਾਵੇ। ਸਰਕਾਰੀ ਸਕੂਲਾਂ ਤੇ ਕਾਲਜਾਂ ਦੀ ਹਾਲਤ ਬਦਲਣ ਲਈ ਯਤਨ ਕੀਤੇ ਜਾਣਗੇ, ਤਾਂ ਕਿ ਸਾਡੇ ਬੱਚੇ ਸਰਕਾਰੀ ਸਹੂਲਤਾਂ ਦਾ ਲਾਭ ਲੈ ਸਕਣ । ਰੋਜਗਾਰ ਦੇ ਨਵੇ ਮੌਕੇ ਪ੍ਰਦਾਨ ਕਰਨ ਲਈ ਵਿਸ਼ਵ ਦੀਆਂ ਯੂਨੀਵਰਸਿਟੀਆਂ ਨਾਲ ਸੰਪਰਕ ਕਾਇਮ ਕੀਤਾ ਜਾਵੇਗਾ। ਅੰਮ੍ਰਿਤਸਰ ਨੂੰ ਇਨਫਰਮੇਸ਼ਨ ਟਕਨਾਲੋਜੀ ਹਬ ਵਜੋਂ ਵਿਕਸਤ ਕੀਤਾ ਜਾਵੇਗਾ। ਸਾਫਟਵੇਅਰ ਟੈਕਨਾਲੋਜੀ ਪਾਰਕ ਦੇ ਲਈ ਵੀ ਯਤਨ ਕੀਤੇ ਜਾਣਗੇ।
ਔਜਲਾ ਨੇ ਕਿਹਾ ਕਿ ਸਾਲ 2015 ਦੇ ਕੇਂਦਰੀ ਬਜਟ ਵਿਚ ਐਲਾਨੇ ਗਏ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਹੋਰਟੀਕਲਚਰ ਰਿਸਰਚ ਐਂਡ ਐਜੂਕੇਸ਼ਨ ਦੀ ਅੰਮ੍ਰਿਤਸਰ ਵਿਚ ਸਥਾਪਤੀ ਲਈ ਯਤਨ ਕਰਾਂਗਾ। ਇਸ ਦੇ ਨਾਲ ਨਾਲ ਅੰਮ੍ਰਿਤਸਰ ਵਿਚ ਖੇਤੀ ਪੈਦਾਵਾਰ ਅਤੇ ਖੇਤੀ ਵਿਭਿੰਨਤਾ ਅਤੇ ਨਿਰਯਾਤ ਸਹੂਲਤ ਲਈ ਵੱਡੇ ਪ੍ਰੋਜੈਕਟ ਲਿਆਂਦੇ ਜਾਣਗੇ।
ਰਣਜੀਤ ਐਵੀਨਿਊ ਵਿਚਲੇ ਸਪੋਰਟਸ ਕੰਪਲੈਕਸ ਦਾ ਨਿਰਮਾਣ ਪਹਿਲ ਦੇ ਅਧਾਰ 'ਤੇ ਕਰਵਾਇਆ ਜਾਵੇਗਾ ਤਾਂ ਕਿ ਅੰਮ੍ਰਿਤਸਰ ਦੇ ਖਿਡਾਰੀ ਰਾਸ਼ਟਰ ਨੂੰ ਆਪਣੀ ਪ੍ਰਤਿਭਾ ਦਿਖਾ ਸਕਣ। ਹਰ ਪਿੰਡ ਵਿਚ ਖੇਡ ਮੈਦਾਨ ਅਤੇ ਜਿਮ ਬਣਾਏ ਜਾਣਗੇ ਤਾਂ ਕਿ ਨੌਜਵਾਨ ਕਸਰਤ ਕਰਕੇ ਰਿਸ਼ਟ ਪੁਸ਼ਟ ਰਹਿ ਸਕਣ।
ਔਜਲਾ ਨੇ ''ਵਿਜ਼ਨ ਅੰਮ੍ਰਿਤਸਰ'' ਬਾਰੇ ਅਗੇ ਦਸਿਆ ਕਿ ਅੰਮ੍ਰਿਤਸਰ 'ਚ ਬਣਨ ਵਾਲੇ ਅੰਤਰਰਾਸ਼ਟਰੀ ਕਨਵੈਨਸ਼ਨ ਅਤੇ ਪ੍ਰਦਰਸ਼ਨੀ ਸੈਂਟਰ ਦੇ ਨਿਰਮਾਣ ਵਿਚ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿਚ ਕੌਮਾਂਤਰੀ ਮਿਆਰ ਦਾ ਇਕ ਫਿਲਮ ਸਟੂਡੀਓ, ਅੰਮ੍ਰਿਤਸਰ ਦੇ ਆਸ ਪਾਸ ਦੇ ਇਲਾਕੇ ਵਿਚ ਫਿਲਮ ਸਿਟੀ ਦਾ ਨਿਰਮਾਣ ਕਰਨਾ, ਮਨੋਰੰਜਨ ਅਤੇ ਥੀਮ ਪਾਰਕ ਦੇ ਨਾਲ ਨਾਲ ਘਰਿੰਡਾ ਵਿਚ ਬੰਦ ਪਏ ਆਲ ਇੰਡੀਆ ਰੇਡੀਓ ਟਾਵਰ ਪ੍ਰੋਜੈਕਟ ਨੂੰ ਮੁੜ ਸਥਾਪਿਤ ਕਰਨ ਲਈ ਉਚੇਚੇ ਤੌਰ 'ਤੇ ਯਤਨ ਕੀਤੇ ਜਾਣਗੇ।
ਅੰਮ੍ਰਿਤਸਰ ਦੇ 12 ਦਰਵਾਜਿਆਂ ਦੇ ਆਲੇ ਦੁਆਲੇ ਸੜਕ ਦਾ ਸੁੰਦਰੀ ਕਰਨ, ਇਸ ਸੜਕ ਨੂੰ ਨੈਕਲਸ ਰੋਡ ਦੇ ਤੌਰ 'ਤੇ ਰਖ ਰਖਾਵ, ਡੇਰਾ ਬਾਬਾ ਨਾਨਕ ਖੇਮਕਰਨ ਵਾਇਆ ਅਜਨਾਲਾ ਅੰਮ੍ਰਿਤਸਰ ਸੜਕ ਜੋੜਣ ਦੀ ਮਨਜੂਰੀ, ਜਵਾਹਰ ਲਾਲ ਨਹਿਰੂ ਰਾਸ਼ਟਰੀ ਸ਼ਹਿਰੀ ਨਵੀਨੀਕਰਨ ਮਿਸ਼ਨ ਦੀਆਂ ਬਾਕੀ ਯੋਜਨਾਵਾਂ ਦੀ ਮਨਜੂਰੀ ਲਈ ਯਤਨ ਕੀਤੇ ਜਾਣਗੇ। ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਨੂੰ ਨਮੂਨੇ ਦਾ ਸ਼ਹਿਰ ਬਨਾਉਂਣ ਲਈ ਉਹ ਦਿਨ ਰਾਤ ਇਕ ਕਰ ਦੇਣਗੇ।