ਫ਼ਰੀਦਕੋਟ, 02 ਫਰਵਰੀ 2017: ਸਿਟੀ ਪੁਲੀਸ ਫਰੀਦਕੋਟ ਨੇ ਸਥਾਨਕ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਮੈਡਮ ਕਿਰਨ ਬਾਲਾ ਦੀ ਹਦਾਇਤ 'ਤੇ ਫਰੀਦਕੋਟ ਦੇ ਨਾਇਬ ਤਹਿਸੀਲਦਾਰ, ਕਾਨੂੰਗੋ ਅਤੇ ਪਟਵਾਰੀ ਸਮੇਤ ਪੰਜ ਵਿਅਕਤੀਆਂ ਖਿਲਾਫ਼ ਆਈ.ਪੀ.ਸੀ ਦੀ ਧਾਰਾ 409, 420, 465, 467, 468, 471, 120 ਬੀ ਤਹਿਤ ਮੁਕੱਦਮਾ ਦਰਜ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਬਲਵੀਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਫਰੀਦਕੋਟ ਨੇ ਅਦਾਲਤ ਵਿੱਚ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਹਰਮੇਲ ਸਿੰਘ ਅਤੇ ਗੁਰਮੇਲ ਸਿੰਘ ਨਾਲ ਜ਼ਮੀਨ ਨੂੰ ਲੈ ਕੇ ਝਗੜਾ ਚੱਲਦਾ ਸੀ। ਸ਼ਿਕਾਇਤ ਅਨੁਸਾਰ ਹਰਮੇਲ ਸਿੰਘ ਅਤੇ ਗੁਰਮੇਲ ਸਿੰਘ ਦਾਅਵਾ ਕਰਦੇ ਸਨ ਕਿ ਝਗੜੇ ਵਾਲੀ ਜ਼ਮੀਨ ਵਿੱਚ ਖਾਲਾ ਹੈ ਜਦੋਂ ਕਿ ਅਸਲੀਅਤ ਵਿੱਚ ਮੌਕੇ 'ਤੇ ਕੋਈ ਖਾਲ ਨਹੀਂ ਸੀ। ਪਰੰਤੂ ਨਿਰਮਲ ਸਿੰਘ ਪਟਵਾਰੀ, ਹਰਜਿੰਦਰ ਸਿੰਘ ਕਾਨੂੰਗੋ ਅਤੇ ਸੁਖਚਰਨ ਸਿੰਘ ਨਾਇਬ ਤਹਿਸੀਲਦਾਰ ਨੇ ਕਥਿਤ ਤੌਰ 'ਤੇ ਹਰਮੇਲ ਸਿੰਘ ਅਤੇ ਗੁਰਮੇਲ ਸਿੰਘ ਨਾਲ ਸਾਜਿਸ਼ ਤਹਿਤ ਮਾਲ ਵਿਭਾਗ ਦੇ ਰਿਕਾਰਡ ਵਿੱਚ ਖਾਲ ਹੋਣ ਦੀ ਗਿਰਦਾਵਰੀ ਕਰ ਦਿੱਤੀ। ਸ਼ਿਕਾਇਤ ਕਰਤਾ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੇ ਮਾਲ ਅਧਿਕਾਰੀਆਂ 'ਤੇ ਫਰਜੀ ਰਿਕਾਰਡ ਤਿਆਰ ਕਰਨ ਦੇ ਮਾਮਲੇ ਵਿੱਚ ਪੁਲੀਸ ਕੋਲ ਲਿਖਤੀ ਸ਼ਿਕਾਇਤ ਵੀ ਕੀਤੀ ਸੀ ਪਰੰਤੂ ਸਿਆਸੀ ਦਖਲ ਅੰਦਾਜੀ ਕਾਰਨ ਪੁਲੀਸ ਨੇ ਕਿਸੇ ਵੀ ਦੋਸ਼ੀ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਇਸ ਮਾਮਲੇ ਵਿੱਚ ਅਦਾਲਤ ਨੇ ਸ਼ਿਕਾਇਤ ਕਰਤਾ ਵੱਲੋਂ ਮਾਲ ਅਧਿਕਾਰੀਆਂ 'ਤੇ ਲਾਏ ਦੋਸ਼ਾਂ ਨੂੰ ਗੰਭੀਰ ਮੰਨਦਿਆਂ ਐੱਸ.ਐੱਚ.ਓ ਸਿਟੀ ਫਰੀਦਕੋਟ ਨੂੰ ਹਦਾਇਤ ਕੀਤੀ ਹੈ ਕਿ ਦੋਸ਼ੀਆਂ ਖਿਲਾਫ਼ ਮੁਕੱਦਮਾ ਦਰਜ ਕਰਕੇ ਸਮੁੱਚੇ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾਵੇ। ਜਿਲ੍ਹਾ ਪੁਲੀਸ ਮੁਖੀ ਡਾ. ਨਾਨਕ ਸਿੰਘ ਨੇ ਕਿਹਾ ਕਿ ਅਦਾਲਤ ਦੀ ਹਦਾਇਤ 'ਤੇ ਪਿੰਡ ਅਰਾਈਆਂਵਾਲਾ ਦੇ ਦੋ ਵਿਅਕਤੀਆਂ, ਨਾਇਬ ਤਹਿਸੀਲਦਾਰ, ਪਟਵਾਰੀ ਅਤੇ ਕਾਨੂੰਗੋ ਖਿਲਾਫ਼ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਹਾਲ ਦੀ ਘੜੀ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।