← ਪਿਛੇ ਪਰਤੋ
ਚੰਡੀਗੜ੍ਹ 02 ਫਰਵਰੀ 2017: ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਖੁਸ਼ਹਾਲੀ ਅਤੇ ਤਬਦੀਲੀ ਦੇ ਵਾਅਦਿਆਂ ਦੇ ਪਿੱਛੇ ਤੋਂ ਬੰਬ ਧਮਾਕਿਆਂ ਦੀ ਗੂੰਜ ਸੁਣਾਈ ਦੇਣ ਲੱਗੀ ਹੈ, ਜੋ ਕਿ ਪੰਜਾਬ ਲਈ ਇੱਕ ਖਤਰੇ ਦੀ ਘੰਟੀ ਹੈ। ਇਹ ਦੋਵੇਂ ਪਾਰਟੀਆਂ ਸੱਤਾ ਹਾਸਿਲ ਕਰਨ ਲਈ ਸੂਬੇ ਦੀ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨਾਲ ਖਿਲਵਾੜ ਕਰ ਰਹੀਆਂ ਹਨ। ਇਹ ਸ਼ਬਦ ਸਿੱਖਿਆ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਇਤਿਹਾਸ ਹੀ 'ਪਾੜੋ ਤੇ ਰਾਜ ਕਰੋ' ਵਾਲਾ ਹੈ। ਸੱਤਾ ਦੇ ਲਾਲਚ ਵਿਚ ਇਸ ਨੇ ਪੰਜਾਬ ਨੂੰ ਦਹਾਕਾ ਲੰਬੀ ਫਿਰਕੂ ਅੱਗ ਵਿਚ ਸੁੱਟਿਆ ਸੀ। ਹੁਣ ਵੀ ਚੋਣਾਂ ਜਿੱਤਣ ਵਾਸਤੇ ਇਹ ਕੋਈ ਵੀ ਫਿਰਕੂ ਪੱਤਾ ਖੇਡ ਸਕਦੀ ਹੈ। ਉਹਨਾਂ ਕਿਹਾ ਕਿ ਪੰਜਾਬ ਅੰਦਰ ਜਿਹੜੀ ਦੁਬਾਰਾ ਤੋਂ ਬੰਬ ਧਮਾਕਿਆਂ ਦੀ ਗੂੰਜ ਸੁਣਾਈ ਦੇਣ ਲੱਗੀ ਹੈ, ਇਹ ਸਾਰੇ ਪੰਜਾਬੀਆਂ ਇੱਕ ਖਤਰੇ ਦੀ ਘੰਟੀ ਹੈ। ਖੁਸ਼ਹਾਲੀ ਅਤੇ ਤਬਦੀਲੀ ਦੇ ਵਾਅਦੇ ਕਰਨ ਵਾਲੀਆਂ ਸਿਆਸੀ ਧਿਰਾਂ ਲੋਕਾਂ ਨੂੰ ਡਰਾ ਕੇ ਵੋਟਾਂ ਲੈਣ ਦੀ ਸਾਜ਼ਿਸ਼ ਰਚ ਰਹੀਆਂ ਹਨ। ਆਪ ਮੁਖੀ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨਾ ਬਣਾਉਂਦਿਆਂ ਡਾ ਚੀਮਾ ਨੇ ਕਿਹਾ ਕਿ ਕੇਜਰੀਵਾਲ ਨੇ ਪਿਛਲੇ ਕੁੱਝ ਹੀ ਸਮੇਂ ਵਿਚ ਵੱਖਵਾਦੀ ਗਰੁੱਪਾਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਹਨ। ਉਸ ਨੇ ਖਾਲਿਸਤਾਨ ਕਮਾਂਡੋ ਫੋਰਸ ਦੇ ਅੱਤਵਾਦੀ ਗੁਰਿੰਦਰ ਸਿੰਘ ਘਾਲੀ ਦੀ ਮੋਗਾ ਵਿਚ ਰਿਹਾਇਸ਼ ਉੱਤੇ ਰਾਤ ਕੱਟੀ ਸੀ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੀ ਮੋਹਰੀ ਜਥੇਬੰਦੀ ਅਖੰਡ ਕੀਰਤਨੀ ਜਥਾ ਦੇ ਆਗੂ ਆਰ ਪੀ ਸਿੰਘ ਨਾਲ ਬਰੇਕਫਾਸਟ ਕੀਤਾ ਸੀ। ਉਹਨਾਂ ਕਿਹਾ ਕਿ ਸੱਤਾ ਹਾਸਿਲ ਕਰਨ ਲਈ ਆਪ ਆਗੂ ਸ਼ਰੇਆਮ ਵੱਖਵਾਦੀਆਂ ਨਾਲ ਗਠਜੋੜ ਕਰ ਰਿਹਾ ਹੈ, ਜਿਸ ਨਾਲ ਪੰਜਾਬ ਦਾ ਮਾਹੌਲ ਵਿਗੜਣਾ ਸ਼ੁਰੂ ਹੋ ਗਿਆ ਹੈ। ਉਹਨਾਂ ਕਿਹਾ ਕਿ ਕੀ ਉਹ ਇਸ ਤਬਦੀਲੀ ਦੀ ਗੱਲ ਕਰਦਾ ਹੈ ਕਿ ਪੰਜਾਬ ਨੂੰ ਸ਼ਾਂਤੀ ਪਸੰਦ ਸੂਬੇ ਤੋਂ ਮੁੜ ਤੋਂ ਇੱਕ ਗੜਬੜ ਵਾਲਾ ਇਲਾਕਾ ਬਣਾ ਦੇਵੇਗਾ? ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਅਤੇ ਆਪ ਦੋਵੇਂ ਹੀ ਮੌਕਾਪ੍ਰਸਤ ਰਾਜਨੀਤੀ ਵਿਚ ਯਕੀਨ ਰੱਖਦੀਆਂ ਹਨ। ਕਾਂਗਰਸ ਦੀ ਮੌਕਾਪ੍ਰਸਤ ਰਾਜਨੀਤੀ ਦੀ ਪੰਜਾਬ ਪਹਿਲਾਂ ਹੀ ਵੱਡੀ ਕੀਮਤ ਤਾਰ ਚੁੱਕਿਆ ਹੈ। ਹੁਣ ਆਪ ਵੀ ਸਿਆਸੀ ਲਾਭ ਲਈ ਪੰਜਾਬ ਨੂੰ ਫਿਰਕੂ ਅੱਗ ਵਿਚ ਸੁੱਟਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਸਿਰਫ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਨੇ ਸੂਬੇ ਅੰਦਰ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਕਾਇਮ ਰੱਖ ਸਕਦੀ ਹੈ।
Total Responses : 265