ਬਠਿੰਡਾ, 2 ਫਰਵਰੀ, 2017 : ਭਾਰਤੀ ਚੋਣ ਕਮਿਸ਼ਨ ਵੱਲੋਂ 2 ਫਰਵਰੀ 2017 ਸ਼ਾਮ 5 ਵਜੇ ਤੋਂ 4 ਫਰਵਰੀ 2017 ਸ਼ਾਮ 5:30 ਵਜੇ ਤੱਕ ਚੋਣਾਂ ਸੰਬੰਧੀ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਵੱਲੋਂ ਕੀਤੀ ਜਾਣ ਵਾਲੀ ਇਸ਼ਤਿਹਾਰਬਾਜ਼ੀ ਸਬੰਧੀ ਨਵੀਂਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇੰਨਾਂ ਹਦਾਇਤਾਂ ਅਨੁਸਾਰ ਇਲੈਕਟੋ੍ਰਨਿਕ ਮੀਡੀਆ, ਬਲਕ ਐਸ.ਐਮ.ਐਸ., ਸਿਆਸੀ ਉਮੀਦਵਾਰਾਂ ਦੁਆਰਾ ਰਿਕਾਰਡਿੰਗ ਕੀਤੇ ਹੋਏ ਫੋਨ ਸੰਦੇਸ਼ ਅਤੇ ਸੋਸ਼ਲ ਮੀਡੀਆ ਤੇ 2 ਫਰਵਰੀ 2017 ਸ਼ਾਮ 5 ਵਜੇ ਤੋਂ 4 ਫਰਵਰੀ 2017 ਸ਼ਾਮ 5:30 ਤੱਕ ਕੋਈ ਇਸ਼ਤਿਹਾਰਬਾਜ਼ੀ ਨਹੀਂ ਹੋ ਸਕਦੀ ਹੈ। ਇਹ ਜਾਣਕਾਰੀ ਜ਼ਿਲਾ ਚੋਣ ਅਫ਼ਸਰ ਸ੍ਰੀ ਘਣਸ਼ਿਆਮ ਥੋਰੀ ਨੇ ਦਿੱਤੀ।
ਉਨਾਂ ਦੱਸਿਆ ਕਿ ਪ੍ਰਿੰਟ ਮੀਡੀਆ ਵਿਚ 3 ਅਤੇ 4 ਫਰਵਰੀ 2017 ਨੂੰ ਕੇਵਲ ਉਹੀ ਚੋਣਾਂ ਸਬੰਧੀ ਇਸ਼ਤਿਹਾਰ ਛੱਪ ਸਕਣਗੇ ਜਿੰਨਾਂ ਨੂੰ ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ ਐਮ.ਸੀ.ਐਮ.ਸੀ. ਤੋਂ ਪੂਰਵ ਪ੍ਰਵਾਨਗੀ ਹੋਵੇਗੀ। ਪਾਰਟੀਆਂ ਨੂੰ ਜਨਰਲ ਇਸ਼ਤਿਹਾਰਾਂ ਲਈ ਇਹ ਪ੍ਰਵਾਨਗੀ ਸਟੇਟ ਪੱਧਰੀ ਐਮ.ਸੀ.ਐਮ.ਸੀ. ਤੋਂ ਲੈਣੀ ਹੋਵੇਗੀ ਜਦ ਕਿ ਉਮੀਦਵਾਰ ਕੇਂਦਰਤ ਪ੍ਰਿੰਟ ਮੀਡੀਆ ਲਈ ਇਸ਼ਤਿਹਾਰਾਂ ਦੀ ਪੂਰਵ ਪ੍ਰਵਾਨਗੀ ਜ਼ਿਲਾ ਪੱਧਰੀ ਐਮ.ਸੀ.ਐਮ.ਸੀ. ਤੋਂ ਲੈਣੀ ਲਾਜ਼ਮੀ ਹੋਵੇਗੀ। ਇਸ ਲਈ ਉਮੀਦਵਾਰ ਨਿਰਧਾਰਤ ਪ੍ਰੋਫਾਰਮੇ ਵਿਚ ਐਮ.ਸੀ.ਐਮ.ਸੀ. ਕੋਲ ਅਰਜੀ ਦੇ ਸਕਦੇ ਹਨ। ਉਨਾਂ ਕਿਹਾ ਕਿ ਐਮ.ਸੀ.ਐਮ.ਸੀ. ਘੱਟ ਤੋਂ ਘੱਟ ਸਮੇਂ ਵਿਚ ਜੇਕਰ ਇਸ਼ਤਿਹਾਰ ਛੱਪਣ ਯੋਗ ਹੋਇਆ ਤਾਂ ਪ੍ਰਵਾਨਗੀ ਦੇ ਦਿੱਤੀ ਜਾਵੇਗੀ।