ਮੋਗਾ/ਗਿੱਦੜਬਾਹਾ/ਮਲੋਟ, 2 ਫਰਵਰੀ, 2017 : ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਇੰਚਾਰਜ਼ ਸੰਜੇ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਅਨੇਕਾਂ ਵਾਰੀ ਇਕ ਸੋਚੀ ਸਮਝੀ ਸਾਜ਼ਿਸ਼ ਤਹਿਤ ਕਰਵਾਈ ਗਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਜਿੰਮੇਵਾਰ ਹੈ ਜਿਸਨੇ ਆਪਣੇ ਸਿਆਸੀ ਮੁਫਾਦਾਂ ਲਈ ਪਵਿੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਨਹੀਂ ਬਖਸ਼ਿਆ। ਪੰਜਾਬ ਦੇ ਲੋਕ ਸੁਖਬੀਰ ਬਾਦਲ ਅਤੇ ਉਸਦੇ ਅਸਲੀ ‘ਸਿਆਸੀ ਭਾਈਵਾਲ’ ਕੈਪਟਨ ਅਮਰਿੰਦਰ ਸਿੰਘ ਨੂੰ ਕਦੀ ਮਾਫ ਨਹੀ ਕਰਣਗੇ। ਪੰਜਾਬ ਅਕਾਲੀ ਦਲ ਅਤੇ ਕਾਂਗਰਸ ਸ਼ੁਰੂ ਤੋਂ ਪੰਜਾਬ ਦੀ ਲੁੱਟ ਕਰਦੇ ਆ ਰਹੇ ਹਨ ਪਰੰਤੂ ਹੁਣ ਇਨਾ ਪਾਰਟੀਆਂ ਨੂੰ ਜ਼ਮੀਨੀ ਅਸਲੀਅਤ ਸਮਝ ਲੈਣੀ ਚਾਹੀਦੀ ਹੈ ਅਤੇ ਕੰਧ ’ਤੇ ਲਿਖਿਆ ਪੜ ਲੈਣਾ ਚਾਹੀਦਾ ਹੈ।
ਉਨਾਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਇਨਕਬਾਲ ਨੂੰ ਰੋਕਣਾਂ ਹੁਣ ਇੰਨਾਂ ਦੇ ਵੱਸ ਵਿੱਚ ਨਹੀ ਰਿਹਾ ਕਿਉਂਕਿ ਪੰਜਾਬ ਦੇ ਲੋਕ ਹੁਣ ਜਾਗ ਚੁੱਕੇ ਹਨ ਅਤੇ ਇੰਨਾਂ ਹੰਕਾਰੀ ਲੋਕਾਂ ਦਾ ਸਫਾਇਆ ਕਰਕੇ ਹੀ ਹਟਣਗੇ। ਉਨਾਂ ਕਿਹਾ ਕਿ ਪੰਜਾਬ ਦੇ ਲੋਕ ਬਾਦਲਾਂ ਅਤੇ ਕੈਪਟਨ ਦਾ ਅਸਲੀ ਚਿਹਰਾ ਪਹਿਚਾਣ ਚੁੱਕੇ ਹਨ ਅਤੇ ਲੋਕਾਂ ਨੇ ਇਸ ਚਿਹਰੇ ਨੂੰ ਪੰਜਾਬ ਦੀ ਰਾਜਨੀਤੀ ਵਿੱਚੋਂ ਮਨਫੀ ਕਰਨ ਦਾ ਮਨ ਬਣਾ ਲਿਆ ਹੈ। ਸੰਜੇ ਸਿੰਘ ਨੇ ਆਮ ਆਦਮੀ ਪਾਰਟੀ ਦੇ ਮੋਗਾ ਤੋਂ ਉਮੀਦਵਾਰ ਐਡਵੋਕੇਟ ਰਮੇਸ਼ ਗ੍ਰੋਵਰ, ਗਿੱਦੜਬਾਹਾ ਤੋਂ ਉਮੀਦਵਾਰ ਜਗਦੀਪ ਸਿੰਘ ਸੰਧੂ ਅਤੇ ਮਲੋਟ ਤੋਂ ਉਮੀਦਵਾਰ ਬਲਦੇਵ ਸਿੰਘ ਆਜ਼ਾਦ ਦੇ ਹੱਕ ਵਿਚ ਵੱਖ-ਵੱਖ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ।
ਸੰਜੇ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਆਪਣੀ ਕੁਰਸੀ ਖਿਸਕਦੀ ਵੇਖ ਕੇ ਅਕਾਲੀ ਦਲ ਅਤੇ ਕਾਂਗਰਸ ਦੇ ਆਗੂ ਬੌਖਹਾਲਟ ਵਿਚ ਹਨ ਜਿਸ ਕਾਰਨ ਇਹ ਲੋਕ ਆਏ ਦਿਨ ਆਮ ਆਦਮੀ ਪਾਰਟੀ ਵਿਰੁੱਧ ਬੇਬੁਨਿਆਦ ਮੁੱਦਿਆਂ ਨੂੰ ਹਵਾ ਦੇ ਰਹੇ ਹਨ। ਉਨਾਂ ਕਿਹਾ ਕਿ ਇਹ ਦੋਨੋਂ ਪਾਰਟੀਆਂ ਹੁਣ ਸਮਝ ਚੁੱਕੀਆਂ ਹਨ ਕਿ ਪੰਜਾਬ ਦੇ ਲੋਕ ਹੁਣ ਇਨਾਂ ਨੂੰ ਨਕਾਰ ਚੁੱਕੇ ਹਨ। ਜਿਸ ਕਾਰਨ ਇਹ ਲੋਕਾਂ ਨੂੰ ਗੁੰਮਰਾਹ ਕਰਨ ਲਈ ਆਮ ਆਦਮੀ ਪਾਰਟੀ ਦੇ ਸਬੰਧ ਅੱਤਵਾਦੀਆਂ ਜਾਂ ਵੱਖਵਾਦੀਆਂ ਨਾਲ ਹੋਣ ਦੇ ਦੋਸ਼ ਲਗਾ ਰਹੇ ਹਨ। ਉਨਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ ਵੀ ਆਮ ਆਦਮੀ ਪਾਰਟੀ ‘ਤੇ ਲਗਾ ਰਹੇ ਹਨ ਜਦੋਂ ਕਿ ਪੰਜਾਬ ਦਾ ਹਰ ਨਾਗਰਿਕ ਜਾਣਦਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਕਾਲੀਆਂ ਨੇ ਆਪਣੇ ਨਿੱਜੀ ਮੁਫਾਦਾਂ ਲਈ ਕਰਵਾਈ ਅਤੇ ਇਸੇ ਕਾਰਨ ਅੱਜ ਤੱਕ ਇਸ ਮਾਮਲੇ ਵਿਚ ਕੋਈ ਗ੍ਰਿਫਤਾਰੀ ਨਹੀ ਹੋ ਸਕੀ। ਉਨਾਂ ਕਿਹਾ ਕਿ ਪੰਜਾਬ ਅਤੇ ਪੰਜਾਬ ਦੇ ਲੋਕਾਂ ਨਾਲ ਹਮੇਸ਼ਾਂ ਧੋਖਾ ਕਰਨ ਵਾਲੀ ਕਾਂਗਰਸ ਪਾਰਟੀ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਦੀ ਅਸਲੀਅਤ ਤੋਂ ਵੀ ਲੋਕ ਪੂਰੀ ਤਰਾ ਵਾਕਿਫ ਹਨ। ਪੰਜਾਬ ਦੇ ਲੋਕ ਹੁਣ ਇੰਨਾਂ ਦੀਆਂ ਗੱਲਾਂ ’ਤੇ ਯਕੀਨ ਨਹੀ ਕਰਦੇ। ਲੋਕ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਗਠਨ ਕਰਨ ਦਾ ਮਨ ਬਣਾ ਚੁੱਕੇ ਹਨ ਅਤੇ 11 ਮਾਰਚ ਨੂੰ ਲੋਕ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰੂਪ ਵਿੱਚ ਆਪਣੀ ਸਰਕਾਰ ਬਣਾਉਣਗੇ।