- ਚੰਦੂਮਾਜਰਾ ਨੇ ਜਿਸ ਥਾਲੀ ਵਿੱਚ ਖਾਦਾ ਉਸੇ ਥਾਲੀ 'ਚ ਕੀਤਾ ਛੇਕ
- 13 ਸਾਲ ਚੰਦੂਮਾਜਰਾ ਅਤੇ ਢੀਂਡਸਾ ਜਥੇਦਾਰ ਟੌਹੜਾ ਨੂੰ ਸ਼ਰਧਾਂਜਲੀ ਅਰਪਣ ਕਰਦਿਆਂ ਦਰਵੇਜ਼ ਸਿਆਤਦਾਨ ਦਾ ਖਿਤਾਬ ਦਿੰਦੇ ਰਹੇ
- ਅਦਾਲਤੀਵਾਲਾ ਟੌਹੜਾ ਪਰਿਵਾਰ 'ਤੇ ਦੋਸ਼ ਲਾਉਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰੇ
- ਪੰਥ ਰਤਨ ਜਥੇਦਾਰ ਟੌਹੜਾ ਨੇ ਚੰਦੂਮਾਜਰਾ ਨੂੰ ਜੇਬ ਕੁਤਰਣ ਦਾ ਦਿੱਤਾ ਹੋਇਆ ਸੀ ਖਿਤਾਬ
ਪਟਿਆਲਾ, 3 ਫਰਵਰੀ, 2017 : ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦੋਹਤਰੇ ਹਰਿੰਦਰਪਾਲ ਸਿੰਘ ਟੋਹੜਾ ਨੇ ਅੱਜ ਇਥੇ ਆਖਿਆ ਹੈ ਕਿ ਜਥੇਦਾਰ ਗੁਰਚਰਨ ਸਿੰਘ ਟੋਹੜਾ ਦਾ ਜੀਵਨ ਅਤੇ ਮੌਤ ਇਕ ਖੁੱਲੀ ਕਿਤਾਬ ਹੈ, ਜਿਹੜੀ ਕਿ ਕਿਸੇ ਤੋਂ ਨਾ ਕਦੀ ਛੁਪੀ ਹੈ ਅਤੇ ਨਾ ਛੁਪਾਈ ਜਾ ਸਕੇਗੀ। ਉਨ੍ਹਾਂ ਕਿਹਾ ਕਿ ਜਿਹੜੇ ਅਖੌਤੀ ਅਕਾਲੀ ਆਗੂ ਜਥੇਦਾਰ ਟੋਹੜਾ ਦੀ ਮੌਤ ਦੀ ਜਾਂਚ ਕਰਾਉਣ ਦੀ ਗੱਲ ਕਰਦੇ ਹਨ, ਪਹਿਲਾਂ ਉਹ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਅਤੇ ਜੇ ਇਨ੍ਹਾਂ ਅਕਾਲੀ ਆਗੂਆਂ ਵਿੱਚ ਜੁਰਤ ਹੈ ਤਾਂ ਇਹ ਜਥੇਦਾਰ ਟੋਹੜਾ ਦੀ ਮੌਤ ਦੀ ਸੀ.ਬੀ.ਆਈ. ਜਾਂਚ ਕਰਵਾਉਣ ਤਾਂ ਜੋ ਜਿਥੇ ਸੱਚ ਅਤੇ ਝੂਠ ਦਾ ਨਿਤਾਰਾ ਹੋ ਸਕੇ ਤੇ ਚੰਦੂਮਾਜਰਾ ਦੀ ਅਰਬਾਂ ਦੀ ਜਾਇਦਾਦ ਦੀ ਵੀ ਸੀ.ਬੀ.ਆਈ. ਜਾਂਚ ਹੋਵੇ ਤਾਂ ਜੋ ਘਟੀਆ ਰਾਜਨੀਤੀ 'ਤੇ ਉਤਰੇ ਇਨ੍ਹਾਂ ਅਕਾਲੀ ਆਗੂਆਂ ਦਾ ਸੱਚ ਵੀ ਸਮੁੱਚੇ ਸੰਸਾਰ ਦੇ ਸਾਹਮਣੇ ਆ ਸਕੇ। ਹਰਿੰਦਰਪਾਲ ਸਿੰਘ ਟੋਹੜਾ ਨੇ ਇਹ ਵੀ ਐਲਾਨ ਕੀਤਾ ਇਨ੍ਹਾਂ ਅਖੌਤੀ ਨੇਤਾਵਾਂ ਵਿਰੁੱਧ ਮਾਨਹਾਨੀ ਦਾ ਕੇਸ ਅਦਾਲਤ ਵਿੱਚ ਪਾਇਆ ਜਾਵੇਗਾ।
ਹਰਿੰਦਰਪਾਲ ਸਿੰਘ ਟੋਹੜਾ ਨੇ ਆਖਿਆ ਕਿ ਚੰਦੂਮਾਜਰਾ ਅਤੇ ਢੀਂਡਸਾ ਪੂਰੇ 12 ਸਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਥੇਦਾਰ ਟੋਹੜਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਦਰਵੇਸ਼ ਸਿਆਸਤਦਾਨ ਅਤੇ ਦਰਵੇਸ਼ ਪਰਿਵਾਰ ਦਾ ਦਰਜ਼ਾ ਦਿੰਦੇ ਰਹੇ ਹਨ ਪਰ ਹੈਰਾਨੀ ਹੈ ਕਿ ਅੱਜ ਜਦੋਂ ਚੰਦੂਮਾਜਰਾ ਨੂੰ ਹਲਕਾ ਸਨੌਰ ਤੋਂ ਆਪਣੀ ਕਰਾਰੀ ਹਾਰ ਸਪੱਸ਼ਟ ਦਿਖਣ ਲੱਗ ਪਈ ਹੈ ਤਾਂ ਉਹ ਪੁੱਤਰ ਮੋਹ ਵਿੱਚ ਫਸੇ ਤੇ ਬੁਖਲਾਹਟ ਵਿੱਚ ਆ ਕੇ ਆਪ ਅਤੇ ਆਪਣੇ ਪਿੱਠੂ ਅਦਾਲਤੀਵਾਲਾ ਤੋਂ ਕੋਝੀ ਬਿਆਨਬਾਜ਼ੀ ਕਰਵਾ ਰਿਹਾ ਕਰਵਾ ਰਹੇ ਹਨ। ਹਰਿੰਦਰਪਾਲ ਸਿੰਘ ਟੋਹੜਾ ਨੇ ਆਖਿਆ ਕਿ ਸ. ਹਰਮੇਲ ਸਿੰਘ ਟੋਹੜਾ ਬੀਬੀ ਕੁਲਦੀਪ ਕੌਰ ਟੋਹੜਾ ਸਮੇਤ ਸਾਰੇ ਪਰਿਵਾਰ ਨੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੋਹੜਾ ਦੀ ਜੋ ਸੇਵਾ ਕੀਤੀ , ਉਹ ਸਾਰੀ ਦੁਨੀਆ ਦੇ ਸਾਹਮਣੇ ਹੈ ਤੇ ਜਥੇਦਾਰ ਟੌਹੜਾ ਨੇ ਆਪਣੇ ਜਿਊਂਦੇ ਜੀਅ ਚੰਦੂਮਾਜਰਾ ਨੂੰ ਜੇਬ ਕੁਤਰਨ ਵਾਲਾ ਆਗੂ ਦਾ ਖਿਤਾਬ ਦਿੱਤਾ ਹੋਇਆ ਸੀ ਤੇ ਬੀਬੀ ਟੋਹੜਾ ਨੇ ਚੰਦੂਮਾਜਰਾ ਦਾ ਘਰ ਦੇ ਅੰਦਰ ਵੜਨਾ ਬੈਨ ਕੀਤਾ ਹੋਇਆ ਸੀ। ਹਰਿੰਦਰਪਾਲ ਟੋਹੜਾ ਨੇ ਆਖਿਆ ਕਿ ਚੰਦੂਮਾਜਰਾ ਟੋਹੜਾ ਪਰਿਵਾਰ ਕੋਲ ਇਕ ਆਮ ਆਦਮੀ ਬਣਕੇ ਆਇਆ ਸੀ ਤੇ ਟੋਹੜਾ ਪਰਿਵਾਰ ਦੇ ਅਹਿਸਾਨਾਂ ਨੇ ਉਸ ਨੂੰ ਕਈ ਵਾਰ ਮੈਂਬਰ ਪਾਰਲੀਮੈਂਟ ਬਣਾ ਦਿੱਤਾ ਤੇ ਅੱਜ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਚੰਦੁਮਾਜਰਾ ਵਰਗੇ ਧੋਖੇਬਾਜ਼ ਨੇ ਟੋਹੜਾ ਪਰਿਵਾਰ ਨਾਲ ਹੀ ਗੱਦਾਰੀ ਕਰ ਲਈ ਹੈ ਤੇ ਇਹ ਸਪੱਸ਼ਟ ਹੈ ਕਿ ਚੰਦੂਮਾਜਰਾ ਨੇ ਜਿਸ ਥਾਲੀ ਵਿੱਚ ਖਾਦਾ ਉਸੇ ਵਿੱਚ ਛੇਕ ਕੀਤਾ ਹੈ।
ਹਰਿੰਦਰਪਾਲ ਸਿੰਘ ਟੌਹੜਾ ਨੇ ਆਖਿਆ ਕਿ ਅਸਲ ਵਿੱਚ ਜਥੇਦਾਰ ਟੋਹੜਾ ਦੀ ਸਿਹਤ ਖਰਾਬ ਕਰਨ ਦਾ ਵੱਡਾ ਦੋਸ਼ੀ ਚੰਦੂਮਾਜਰਾ ਹੈ, ਜਿਸ ਨੇ ਬਾਦਲ ਅਤੇ ਟੋਹੜਾ ਦੀ ਲੜਾਈ ਕਰਵਾ ਕੇ ਸ਼ੁਕਨੀ ਦਾ ਰੋਲ ਅਦਾ ਕੀਤਾ ਤੇ ਇਹ ਸਾਰੀ ਦੁਨੀਆ ਨੂੰ ਪਤਾ ਹੈ। ਉਨ੍ਹਾਂ ਆਖਿਆ ਕਿ ਜੇਕਰ ਚੰਦੂਮਾਜਰਾ ਨੂੰ ਟੋਹੜਾ ਸਾਹਿਬ ਨਾਲ ਇੰਨਾ ਹੀ ਪਿਆਰ ਸੀ ਤਾਂ ਉਹ 10 ਸਾਲ ਸਰਕਾਰ ਦਾ ਭਾਗ ਰਹੇ, ਉਸ ਸਮੇਂ ਇਨ੍ਹਾਂ ਨੂੰ ਜਾਂਚ ਕਿਉਂ ਨਾ ਯਾਦ ਆਈ ਤੇ ਇਹ ਜਥੇਦਾਰ ਟੋਹੜਾ ਦੇ ਨਾਮ 'ਤੇ ਰੋਟੀਆਂ ਸੇਕਦੇ ਰਹੇ। ਉਨ੍ਹਾਂ ਆਖਿਆ ਕਿ ਚੰਦੂਮਾਜਰਾ ਨੂੰ ਯਾਦ ਹੋਣਾ ਚਾਹੀਦਾ ਹੈ ਕਿ ਜਥੇਦਾਰ ਟੋਹੜਾ ਨੇ ਉਸ ਦੀ ਘਟੀਆ ਰਾਜਨੀਤੀ ਅਤੇ ਸੋਚ ਕਰਕੇ ਹੀ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਦੀ ਟਿਕਟ ਕੱਟੀ ਸੀ।
ਹਰਿੰਦਰਪਾਲ ਸਿੰਘ ਟੋਹੜਾ ਨੇ ਆਖਿਆ ਕਿ ਚੰਦੂਮਾਜਰਾ ਆਪਣੇ ਪਿੱਠੂ ਅਦਾਲਤੀਵਾਲਾ ਤੋਂ ਜੋ ਬਿਆਨਬਾਜ਼ੀ ਕਰਵਾ ਰਿਹਾ ਹੈ, ਉਸ ਸਬੰਧੀ ਸ਼ਾਇਦ ਚੰਦੂਮਾਜਰਾ ਨੂੰ ਪਤਾ ਹੀ ਨਹੀਂ ਕਿ ਅਦਾਲਤੀਵਾਲਾ ਉਦੋਂ ਵਿਦੇਸ਼ਾਂ ਵਿੱਚ ਆਪਣਾ ਬਿਜਨੇਸ ਕਰ ਰਿਹਾ ਸੀ। ਹਰਿੰਦਰਪਾਲ ਸਿੰਘ ਟੋਹੜਾ ਨੇ ਆਖਿਆ ਕਿ ਟੋਹੜਾ ਪਰਿਵਾਰ ਨੇ ਆਪਣਾ ਹਰ ਸਾਂਹ ਜਥੇਦਾਰ ਟੋਹੜਾ ਦੀ ਸੇਵਾ ਵਿੱਚ ਲਗਾਇਆ ਅਤੇ ਉਸ ਵੇਲੇ ਜੋ ਡਾਕਟਰਾਂ ਨੇ ਠੀਕ ਸਮਝਿਆ ਉਹ ਹੀ ਦਵਾਈਆਂ ਜਥੇਦਾਰ ਟੋਹੜਾ ਨੂੰ ਦਿੱਤੀਆਂ ਗਈਆਂ।
ਹਰਿੰਦਰਪਾਲ ਸਿੰਘ ਟੋਹੜਾ ਨੇ ਦੱਸਿਆ ਕਿ ਆਖਰੀ ਦਿਨਾਂ ਵਿੱਚ ਜਥੇਦਾਰ ਟੌਹੜਾ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖਲ ਸਨ ਤੇ ਐਨ ਉਸ ਮੌਕੇ ਸ. ਪ੍ਰਕਾਸ਼ ਸਿੰਘ ਬਾਦਲ ਦਾ ਬਿਆਨ ਆਇਆ ਸੀ ਕਿ ਜੇਕਰ ਮੇਰੀ ਸਰਕਾਰ ਹੁੰਦੀ ਤਾਂ ਮੈਂ ਤੁਰੰਤ ਹੀ ਜਥੇਦਾਰ ਟੋਹੜਾ ਨੂੰ ਨਿੱਜੀ ਹੈਲੀਕਾਪਟਰ 'ਤੇ ਦਿੱਲੀ ਹਸਪਤਾਲ ਵਿੱਚ ਸ਼ਿਫਟ ਕਰਦਾ ਤੇ ਇਸ ਬਿਆਨ ਤੋਂ ਬਾਅਦ ਹੀ ਉਸ ਵੇਲੇ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਜਥੇਦਾਰ ਟੋਹੜਾ ਨੂੰ ਸ਼ਿਫਟ ਕਰਨ ਲਈ ਜਹਾਜ਼ ਭੇਜਿਆ ਸੀ ਤੇ ਇਸ ਜਹਾਜ਼ ਵਿੱਚ ਪਰਿਵਾਰ ਦਾ ਕੋਈ ਵੀ ਮੈਂਬਰ ਨਾਲ ਨਹੀਂ ਗਿਆ ਸਿਰਫ ਡਾਕਟਰਾਂ ਦਾ ਹੀ ਪੈਨਲ ਨਾਲ ਗਿਆ ਸੀ ਤੇ ਸਭ ਕੁੱਝ ਸਾਰੀ ਦੁਨੀਆ ਦੇ ਸਾਹਮਣੇ ਹੋਇਆ ਹੈ। ਹਰਿੰਦਰਪਾਲ ਟੋਹੜਾ ਨੇ ਆਖਿਆ ਕਿ ਜਥੇਦਾਰ ਟੋਹੜਾ ਦਾ ਅੱਜ ਵੀ ਟੋਹੜਾ ਵਿਖੇ ਹੀ ਬਾਲਿਆਂ ਵਾਲਾ ਘਰ ਮੌਜੂਦ ਹੈ ਤੇ ਉਨ੍ਹਾਂ ਦੀ ਜ਼ਮੀਨ 'ਤੇ ਵੀ ਜਥੇਦਾਰ ਟੋਹੜਾ ਦੇ ਹੁੰਦੇ ਜਿਹੜੇ ਕਿਸਾਨ ਖੇਤੀ ਕਰ ਰਹੇ ਸਨ ਅੱਜ ਵੀ ਉਹ ਹੀ ਖੇਤੀ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਚੰਦੂਮਾਜਰਾ ਇਹੋ ਜਿਹੀਆਂ ਘਟੀਆਂ ਹਰਕਤਾਂ 'ਤੇ ਉਤਰ ਕੇ ਹਲਕਾ ਸਨੌਰ ਤੋਂ ਜਿੱਤ ਪ੍ਰਾਪਤ ਨਹੀਂ ਕਰ ਸਕਦਾ, ਕਿਉਂਕਿ ਹਲਕਾ ਸਨੌਰ ਦੇ ਲੋਕ ਚੰਦੂਮਾਜਰਾ ਦੀਆਂ ਘਟੀਆਂ ਨੀਤੀਆਂ ਨੂੰ ਨਕਾਰ ਚੁੱਕੇ ਹਨ।