ਫ਼ਰੀਦਕੋਟ, 31 ਜਨਵਰੀ, 2017 : ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਫਰੀਦਕੋਟ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਦੇ ਹੱਕ ਵਿੱਚ ਟਰੈਕਟਰ 'ਤੇ ਬਹਿ ਕੇ ਪਿੰਡ ਗੋਲੇਵਾਲਾ ਤੋਂ ਲੈ ਕੇ ਫਰੀਦਕੋਟ ਤੱਕ ਕਿਸਾਨ ਰੈਲੀ ਕੱਢੀ। ਇਸ ਦਰਮਿਆਨ ਉਹ ਦੋ ਦਰਜਨ ਤੋਂ ਵੱਧ ਪਿੰਡਾਂ ਦੇ ਕਿਸਾਨਾਂ ਨੂੰ ਮਿਲੇ ਅਤੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਤੋਂ ਬਾਅਦ ਫਰੀਦਕੋਟ ਸ਼ਹਿਰ ਦੀ ਪੁਰਾਣੀ ਅਨਾਜ ਮੰਡੀ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮਨੀਸ਼ ਸਿਸੋਦੀਆ ਨੇ ਕਿਹਾ ਕਿ 11 ਮਾਰਚ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਵਿਧਾਨ ਸਭਾ ਦੀਆਂ ਪੌੜੀਆਂ ਨਹੀਂ ਚੜ•ੇਗਾ ਬਲਕਿ ਜੇਲ• 'ਚ ਹੋਵੇਗਾ। ਉਹਨਾਂ ਕਿਹਾ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਅਤੇ ਨਸ਼ਾ ਮੁਕਤ ਕਰਨਾ 'ਆਪ' ਦੀ ਸਰਕਾਰ ਦਾ ਪਹਿਲਾ ਏਜੰਡਾ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਨੇ ਕਿਹਾ ਕਿ ਉਸ ਨਾਲ ਇੱਕ ਵੀ ਸੁਰੱਖਿਆ ਕਰਮਚਾਰੀ ਨਹੀਂ ਜਦੋਂ ਕਿ ਪੰਜਾਬ ਦਾ ਉਪ ਮੁੱਖ ਮੰਤਰੀ ਦੋ ਹਜ਼ਾਰ ਸੁਰੱਖਿਆ ਕਰਮਚਾਰੀ ਲੈ ਕੇ ਚੱਲਦਾ ਹੈ। ਉਹਨਾਂ ਕਿਹਾ ਕਿ 'ਆਪ' ਦੀ ਸਰਕਾਰ ਆਉਣ 'ਤੇ ਵੀ.ਆਈ.ਪੀ ਕਲਚਰ ਨੂੰ ਖਤਮ ਕਰ ਦਿੱਤਾ ਜਾਵੇਗਾ। ਉਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਉੱਚ ਪੱਧਰੀ ਸਿੱਖਿਆ ਦੇ ਕੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ। ਮਨੀਸ਼ ਸਿਸੋਦੀਆ ਨੇ ਚੋਣ ਪ੍ਰਚਾਰ ਵਿੱਚ ਦਿੱਲੀ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਗਿਣਾਉਂਦਿਆਂ ਕਿਹਾ ਕਿ ਸਿਹਤ ਸੁਰੱਖਿਆ ਲਈ ਦਿੱਲੀ 'ਚ ਸਥਾਪਿਤ ਕੀਤੀਆਂ ਗਈਆਂ ਮੁਹੱਲਾ ਕਲੀਨਿਕ ਸੁਵਿਧਾ ਦਿੱਤੀ ਗਈ ਹੈ ਜੋ ਕਿ ਦੁਨੀਆਂ ਭਰ ਵਿੱਚ ਚਰਚਾ ਦਾ ਵਿਸ਼ਾ ਹਨ। ਫਰੀਦਕੋਟ ਤੋਂ 'ਆਪ' ਦੇ ਸਾਂਸਦ ਪ੍ਰੋ. ਸਾਧੂ ਸਿੰਘ ਨੇ ਕਿਹਾ ਕਿ ਪੰਜਾਬ ਦੇ ਵਢੇਰੇ ਹਿੱਤਾਂ ਲਈ 'ਆਪ' ਦੇ ਉਮੀਦਵਾਰਾਂ ਨੂੰ ਜਿਤਾਉਣਾ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ 70 ਸਾਲ ਬਾਅਦ ਵੀ ਅਕਾਲੀ ਅਤੇ ਕਾਂਗਰਸੀ ਗਲੀਆਂ ਨਾਲੀਆਂ ਦੇ ਵਿਕਾਸ ਦੇ ਨਾਮ 'ਤੇ ਵੋਟਾਂ ਮੰਗ ਰਹੇ ਹਨ ਅਤੇ ਅਜੇ ਤੱਕ ਕਿਸੇ ਵੀ ਪਿੰਡ ਵਿੱਚ ਇਹ ਕੰਮ ਮੁਕੰਮਲ ਨਹੀਂ ਹੋ ਸਕਿਆ। 'ਆਪ' ਦੇ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ 'ਆਪ' ਦੀ ਸਰਕਾਰ ਆਉਣ 'ਤੇ ਪੰਜਾਬ 'ਚੋਂ ਮਾਫ਼ੀਆ ਰਾਜ ਖਤਮ ਕੀਤਾ ਜਾਵੇਗਾ। ਇਸ ਰੈਲੀ ਨੂੰ ਮਾਸਟਰ ਮੱਖਣ ਸਿੰਘ, ਅਮਨ ਵੜਿੰਗ, ਜਸਕੀਰਤ ਮਾਨ, ਸਨਕਦੀਪ, ਕਾਲਾ ਮੁਹੰਮਦ ਆਦਿ ਨੇ ਵੀ ਸੰਬੋਧਨ ਕੀਤਾ।