ਸੰਤ ਸਮਾਜ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਕੀਤੀ ਪੁਰਜ਼ੋਰ ਅਪੀਲ
ਕਿਹਾ ਅਕਾਲੀ ਦਲ ਪੰਜਾਬ ਹਿਤੈਸ਼ੀ ਅਤੇ ਪੰਥ ਦੀ ਨੁਮਾਇੰਦਾ ਜਮਾਤ
ਕੁੱਝ ਪੰਥ ਵਿਰੋਧੀ ਤਾਕਤਾਂ ਸਾਜ਼ਿਸ਼ ਤਹਿਤ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ 'ਤੇ ਤੁਲੀਆਂ ਹੋਈਆਂ
ਅੰਮ੍ਰਿਤਸਰ, 3 ਫਰਵਰੀ, 2017 : ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਪੰਥ ਪ੍ਰਸਿੱਧ ਸੰਤਾਂ ਮਹਾਂ ਪੁਰਖਾਂ ਨੇ ਸਿੱਖ ਸੰਗਤਾਂ ਅਤੇ ਪੰਜਾਬ ਵਾਸੀਆਂ ਨੂੰ ਪੰਜਾਬ ਅਤੇ ਪੰਥ ਦੇ ਵਡੇਰੇ ਹਿਤਾਂ ਲਈ 4 ਫਰਵਰੀ ਨੂੰ ਚੋਣ ਨਿਸ਼ਾਨ ਤੱਕੜੀ ਉੱਤੇ ਮੋਹਰ ਲਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਪੁਰਜ਼ੋਰ ਅਪੀਲ ਕੀਤੀ ਹੈ।
ਇੱਥੋਂ ਜਾਰੀ ਇੱਕ ਸਾਂਝੇ ਬਿਆਨ ਵਿੱਚ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਮੁਖੀ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ, ਸੰਤ ਬਾਬਾ ਲੱਖਾ ਸਿੰਘ ਜੀ ਨਾਨਕਸਰ ਕਲੇਰਾਂ, ਸੰਤ ਬਾਬਾ ਸੁਖਦੇਵ ਸਿੰਘ ਜੀ ਭੁਚੋਵਾਲੇ, ਜਥੇਦਾਰ ਬਾਬਾ ਬਲਬੀਰ ਸਿੰਘ ਜੀ ਮੁਖੀ ਬੁੱਢਾ ਦਲ, ਸੰਤ ਬਾਬਾ ਮਨਜੀਤ ਸਿੰਘ ਜੀ ਹਰਖੋਵਾਲ, ਸੰਤ ਬਾਬਾ ਜ਼ੋਰਾ ਸਿੰਘ ਜੀ ਬੱਧਨੀ ਕਲਾਂ ਵਾਲੇ, ਸੰਤ ਬਾਬਾ ਬੁੱਧ ਸਿੰਘ ਜੀ ਨਿੱਕੇ ਘੁੰਮਣਾ ਵਾਲੇ, ਸੰਤ ਬਾਬਾ ਗੁਰਦਿਆਲ ਸਿੰਘ ਜੀ ਟਾਂਡੇ ਵਾਲੇ, ਸੰਤ ਬਾਬਾ ਸੁਖਚੈਨ ਸਿੰਘ ਜੀ ਧਰਮਪੁਰਾ, ਸਿੰਘ ਸਾਹਿਬ ਭਾਈ ਜਸਬੀਰ ਸਿੰਘ ਖ਼ਾਲਸਾ, ਸੰਤ ਬਾਬਾ ਪ੍ਰੀਤਮ ਸਿੰਘ ਜੀ ਆਗਰੇਵਾਲੇ, ਬਾਬਾ ਅਵਤਾਰ ਸਿੰਘ ਜੀ ਧੂਲਕੋਟ ਵਾਲਿਆਂ ਨੇ ਕਿਹਾ ਕਿ ਕੁੱਝ ਪੰਥ ਵਿਰੋਧੀ ਤਾਕਤਾਂ ਇੱਕ ਸਾਜ਼ਿਸ਼ ਤਹਿਤ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ 'ਤੇ ਤੁਲੀਆਂ ਹੋਈਆਂ ਹਨ। ਜੇ ਅਜਿਹਾ ਹੋਇਆ ਤਾਂ ਪੰਜਾਬ ਨੂੰ ਆਉਣ ਵਾਲੇ ਸਮੇਂ 'ਚ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਹੈ।ਅਜਿਹੀਆਂ ਪੰਥ ਅਤੇ ਪੰਜਾਬ ਦੋਖੀ ਸ਼ਕਤੀਆਂ ਦਾ ਮੂੰਹ ਤੋੜਵਾਂ ਜੁਆਬ ਦੇਣਾ ਅੱਜ ਸਮੇਂ ਦੀ ਵੱਡੀ ਲੋੜ ਹੈ।ਉਹਨਾਂ ਕਿਹਾ ਕਿ ਇਹ ਉਹ ਜ਼ਾਲਮ ਤਾਕਤਾਂ ਹਨ ਜਿਨ੍ਹਾਂ ਨੇ ਜੂਨ '84 ਦੌਰਾਨ ਸ੍ਰੀ ਦਰਬਾਰ ਸਾਹਿਬ 'ਤੇ ਤੋਪਾਂ ਟੈਂਕਾਂ ਨਾਲ ਹਮਲਾ ਕੀਤਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ। ਇਸੇ ਤਰਾਂ ਦੀਆਂ ਕੁੱਝ ਹੋਰ ਸਿੱਖ ਵਿਰੋਧੀ ਸ਼ਕਤੀਆਂ ਵੀ ਹਨ ਜੋ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਿਆਂ ਹਿੰਦੁਸਤਾਨ ਦੀ ਪਤ ਰੱਖਣ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਿੱਲੀ 'ਚ ਬਣੇ ਗੁਰਦਵਾਰਾ ਸੀਸ ਗੰਜ ਸਾਹਿਬ ਦੇ ਪਿਆਓ ਨੂੰ ਤੋੜਨ ਤੋਂ ਗੁਰੇਜ਼ ਨਹੀਂ ਕੀਤਾ, ਇਸ ਤੋਂ ਇਲਾਵਾ ਚੋਣ ਮੈਨੀਫੈਸਟੋ ਦੀ ਗੁਰੂ ਗ੍ਰੰਥ ਸਾਹਿਬ ਨਾਲ ਤੁਲਨਾ ਕੀਤੀ ਅਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਉੱਤੇ ਝਾੜੂ ਦੀ ਫੋਟੋ ਲਾ ਕੇ ਪੰਥ ਦੀ ਅਣਖ ਨੂੰ ਵੰਗਾਰ ਦੇ ਰਹੇ ਹਨ।ਸੰਤਾਂ ਮਹਾਂ ਪੁਰਖਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਖ਼ਾਲਸਾ ਪੰਥ ਦੀ ਉਹ ਮਹਾਨ ਸੰਸਥਾ ਹੈ ਜਿਸ ਦਾ ਜਨਮ ਪੰਥ ਦੀਆਂ ਧਾਰਮਿਕ ਅਤੇ ਰਾਜਨੀਤਿਕ ਚਣੌਤੀਆਂ ਭਰਪੂਰ ਪ੍ਰਸਥਿਤੀਆਂ ਦੌਰਾਨ ਵੱਡੇ ਸੰਘਰਸ਼ ਅਤੇ ਕੁਰਬਾਨੀਆਂ ਦੇ ਪਿੜ 'ਚ ਹੋਇਆ। ਜਿਸ ਨੇ ਪੰਥ ਅਤੇ ਪੰਜਾਬ ਨੂੰ ਦਰਪੇਸ਼ ਹਰ ਚੁਣੌਤੀ ਦਾ ਸਾਹਮਣਾ ਸਾਹਸ ਨਾਲ ਕਰਦਿਆਂ ਪੰਜਾਬ ਅਤੇ ਪੰਥ ਦੀ ਸੁਚੱਜੀ ਅਗੁਵਾਈ ਕੀਤੀ। ਗੁਰਧਾਮਾਂ ਨੂੰ ਆਜ਼ਾਦ ਕਰਾਉਣਾ, ਦੇਸ਼ ਦੀ ਆਜ਼ਾਦੀ, ਐਮਰਜੰਸੀ ਦਾ ਵਿਰੋਧ, ਪੰਜਾਬੀ ਸੂਬੇ ਲਈ ਸੰਘਰਸ਼, ਪੰਜਾਬ ਦੇ ਬਿਹਤਰ ਭਵਿੱਖ ਲਈ ਪੰਜਾਬ ਦੇ ਪਾਣੀਆਂ ਅਤੇ ਹੱਕਾਂ ਦੀ ਰਾਖੀ ਨਾਲ ਸੰਬੰਧਿਤ ਸ਼ੁਰੂ ਕੀਤੇ ਗਏ ਧਰਮਯੁੱਧ ਮੋਰਚੇ ਦੌਰਾਨ ਮਹਾਂ ਸੰਘਰਸ਼ ਆਦਿ ਇਸ ਦਾ ਇਤਿਹਾਸ ਰਿਹਾ ਹੈ।
ਉਹਨਾਂ ਕਿਹਾ ਕਿ ਜਦੋ ਜਦੋ ਵੀ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਵਿੱਚ ਸਰਕਾਰ ਆਈ ਜਿੱਥੇ ਪੰਜਾਬ ਦੇ ਅੰਦਰ ਵਿਕਾਸ ਕਾਰਜਾਂ ਦੇ ਨਾਲ ਨਾਲ ਸਮਾਜ ਦੇ ਹਰ ਵਰਗ ਦੀਆਂ ਲੋੜਾਂ ਦਾ ਖਿਆਲ ਰੱਖਦਿਆਂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ, ਉੱਥੇ ਹੀ ਧਾਰਮਿਕ ਅਤੇ ਸਮਾਜਿਕ ਖੇਤਰ ਅੰਦਰ ਵੀ ਬੜੀ ਸੰਜੀਦਗੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਈ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਵਿਰਾਸਤੀ ਰਸਤਿਆਂ ਦਾ ਸੁੰਦਰੀਕਰਨ, ਜੂਨ '84 ਦੇ ਘੱਲੂਘਾਰੇ ਦੀ ਸ਼ਹੀਦੀ ਯਾਦਗਾਰ, ਛੋਟਾ ਅਤੇ ਵੱਡਾ ਘੱਲੂਘਾਰਾ ਯਾਦਗਾਰ, ਵਿਰਾਸਤ-ਏ-ਖ਼ਾਲਸਾ, ਚੱਪੜਚਿੜੀ ਯਾਦਗਾਰ ਆਦਿ ਦੀ ਸੇਵਾ ਕਰ ਕੇ ਪੰਥ ਦੇ ਸ਼ਾਨਾਮੱਤੇ ਇਤਿਹਾਸ ਅਤੇ ਵਿਰਾਸਤ ਨੂੰ ਸੰਭਾਲਣ ਦੇ ਕੀਤੇ ਗਏ ਵੱਡੇ ਵੱਡੇ ਕਾਰਜਾਂ ਉੱਤੇ ਪੰਥ ਨੂੰ ਮਾਣ ਹੈ। ਇਸ ਤੋਂ ਇਲਾਵਾ ਸਭ ਧਰਮਾਂ ਦੇ ਪ੍ਰਮੁੱਖ ਸਥਾਨਾਂ 'ਤੇ ਯਾਦਗਾਰਾਂ ਅਤੇ ਨਵਨਿਰਮਾਣ ਕਰ ਕੇ ਮਾਣ ਸਤਿਕਾਰ ਦਿੰਦਿਆਂ ਗੁਰੂ ਸਾਹਿਬਾਨ ਦੇ ਸਰਬ ਸਾਂਝੀਵਾਲਤਾ ਦੇ ਉਪਦੇਸ਼ 'ਤੇ ਪਹਿਰਾ ਦੇ ਕੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕੀਤਾ ਹੈ।