ਬਾਦਲ, 4 ਫਰਵਰੀ, 2017 : ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਹੈ ਕਿ ਪੂਰੇ ਸੂਬੇ ਵਿਚੋਂ ਆ ਰਹੀਆਂ ਰਿਪੋਰਟਾਂ ਨੇ ਇਹ ਸੰਕੇਤ ਦਿੱਤਾ ਹੈ ਕਿ ਵਿਕਾਸ, ਅਮਨ ਅਤੇ ਫਿਰਕੂ ਸਦਭਾਵਨਾ ਦੇ ਮੁੱਦਿਆਂ ਉੱਤੇ ਪੰਜਾਬ ਦੇ ਲੋਕ ਅਕਾਲੀ-ਭਾਜਪਾ ਗਠਜੋੜ ਵਿਚ ਮੁੜ ਆਪਣਾ ਭਰੋਸਾ ਜਤਾ ਰਹੇ ਹਨ।
ਇੱਥੇ ਮੁੱਖ ਮੰਤਰੀ ਸ਼ ਪਰਕਾਸ਼ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਸਮੇਤ ਆਪਣੀ ਵੋਟ ਪਾਉਣ ਮਗਰੋਂ ਮੀਡੀਆ ਨਾਲ ਗੱਲ ਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਲੋਕ ਸਮਝਦੇ ਹਨ ਕਿ ਸਿਰਫ ਵਿਕਾਸ ਦੇ ਜ਼ਰੀਏ ਹੀ ਸੂਬਾ ਅਗਾਂਹ ਵਧ ਸਕਦਾ ਹੈ ਅਤੇ ਰੁਜ਼ਗਾਰ ਪੈਦਾ ਕੀਤੇ ਜਾ ਸਕਦੇ ਹਨ। ਅਸੀਂ ਨੌਕਰੀਆਂ ਪੈਦਾ ਕਰਕੇ ਵਿਖਾਈਆਂ ਹਨ ਅਤੇ ਅਗਲੇ ਪੰਜ ਸਾਲਾਂ ਦਾ ਵੀ ਖਾਕਾ ਤਿਆਰ ਕਰ ਲਿਆ ਹੈ, ਜਿਸ ਦੌਰਾਨ ਅਸੀਂ 20 ਲੱਖ ਨੌਕਰੀਆਂ ਪੈਦਾ ਕਰਨਾ ਚਾਹੁੰਦੇ ਹਾਂ।
ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਬੁਰੀ ਤਰ੍ਹਾਂ ਨਕਾਰ ਦੇਣਗੇ। ਕੇਜਰੀਵਾਲ ਦੀ ਗਰਮ ਖਿਆਲੀਆਂ ਨਾਲ ਨੇੜਤਾ ਨੇ ਪੰਜਾਬ ਵਿਚ ਗੜਬੜ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਦੇ ਲੋਕ ਨਹੀਂ ਚਾਹੁੰਦੇ ਕਿ ਇਹ ਸੂਬਾ ਮੁੜ ਤੋਂ ਅੱਤਵਾਦ ਦੀ ਭੱਠੀ ਵਿਚ ਜਾ ਡਿੱਗੇ। ਉਹਨਾਂ ਕਿਹਾ ਕਿ ਲੋਕ ਇਹ ਵੀ ਸਮਝ ਗਏ ਹਨ ਕਿ ਆਪ ਦੇ ਪੰਜਾਬ ਅੰਦਰ ਵੜਣ ਮਗਰੋਂ ਹੀ ਬੇਅਦਬੀ ਦੀਆਂ ਘਟਨਾਵਾਂ ਵਾਪਰਨੀਆਂ ਸ਼ੁਰੂ ਹੋਈਆਂ। ਆਪ ਖਿਲਾਫ ਅਚਾਨਕ ਉੱਠੇ ਇਸ ਵਿਰੋਧ ਨੇ ਕੇਜਰੀਵਾਲ ਨੂੰ ਪਰੇਸ਼ਾਨ ਕਰ ਦਿੱਤਾ ਹੈ ਅਤੇ ਉਸ ਨੇ ਖੁਦ ਨੂੰ ਹਾਰਿਆ ਹੋਇਆ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਹੈ।
ਕਾਂਗਰਸ ਬਾਰੇ ਬੋਲਦਿਆਂ ਸ਼ ਬਾਦਲ ਨੇ ਕਿਹਾ ਕਿ ਇੱਥੋਂ ਤਕ ਕਿ ਕਾਂਗਰਸੀ ਵੋਟਰ ਵੀ ਆਪਣੀ ਪਾਰਟੀ ਨੂੰ ਲੈ ਕੇ ਉਲਝਣ ਵਿਚ ਹਨ। ਕਾਂਗਰਸ ਬੁਰੀ ਤਰ੍ਹਾਂ ਪਾਟੋਧਾੜ ਹੋਈ ਪਈ ਹੈ। ਨਾ ਇਸ ਦੀ ਪੁਰਾਣੀ ਕਾਰਗੁਜ਼ਾਰੀ ਸਰਾਹੁਣਯੋਗ ਸੀ ਅਤੇ ਨਾ ਹੀ ਇਸ ਕੋਲ ਭਵਿੱਖ ਵਾਸਤੇ ਕੋਈ ਏਜੰਡਾ ਹੈ।
ਵੋਟ ਪਾਉਣ ਤੋਂ ਤੁਰੰਤ ਮਗਰੋਂ ਅਕਾਲੀ ਦਲ ਦੇ ਪ੍ਰਧਾਨ ਆਪਣੇ ਘਰ ਦੇ ਨਾਲ ਬਣੇ ਘੋੜਿਆਂ ਦੇ ਫਾਰਮ ਵਿਚ ਚਲੇ ਗਏ । ਉਹਨਾਂ ਕਿਹਾ ਕਿ ਉਹਨਾਂ ਨੂੰ ਜਾਨਵਰਾਂ ਨਾਲ ਸਮਾਂ ਬਿਤਾਉਣਾ ਸਭ ਤੋਂ ਵੱਧ ਪਸੰਦ ਹੈ। ਉਹਨਾ ਕੋਲ ਪਾਲਤੂ ਜਾਨਵਰਾਂ ਵਿਚ ਘੋੜਿਆਂ ਤੋਂ ਇਲਾਵਾ ਕੁੱਤੇ, ਤੋਤੇ, ਇੱਕ ਅਮਰੀਕਨ ਤੋਤਾ ਅਤੇ ਇੱਕ ਬਲੂੰਗੜਾ ਸ਼ਾਮਿਲ ਹਨ।
ਆਪਣੀ ਚੋਣ ਮੁਹਿੰਮ ਬਾਰੇ ਬੋਲਦਿਆਂ ਸ਼ ਬਾਦਲ ਨੇ ਕਿਹਾ ਕਿ ਮੈਂ ਪੂਰੀ ਤਰ੍ਹਾ ਸਤੁੰਸ਼ਟ ਹਾਂ। ਅਸੀਂ ਇੱਕ ਲੋਕ-ਪੱਖੀ ਅਤੇ ਹਾਂ-ਮੁਖੀ ਚੋਣ ਮੁਹਿੰਮ ਚਲਾਈ ਸੀ। ਮੈਂ ਚੋਣ ਮੁਹਿੰਮ ਦੌਰਾਨ ਅਕਾਲੀ ਕਾਡਰ ਦੁਆਰਾ ਦਿੱਤੀ ਗਈ ਭਰਵੀਂ ਮੱਦਦ ਤੋਂ ਬਹੁਤ ਪ੍ਰਭਾਵਿਤ ਹਾਂ। ਸਾਡਾ ਕਾਡਰ ਪੂਰੀ ਤਰ੍ਹਾਂ ਜੋਸ਼ ਵਿਚ ਹੈ। ਇਹੀ ਇਸ ਗੱਲ ਦਾ ਸੰਕੇਤ ਹੈ ਕਿ ਅਸੀਂ ਜਿੱਤ ਰਹੇ ਹਾਂ।