ਪਟਿਆਲਾ, 04 ਫਰਵਰੀ 2017: ਪੰਜਾਬ ਵਿਧਾਨ ਸਭਾ ਦੀਆਂ ਅੱਜ ਹੋਈਆਂ ਆਮ ਚੋਣਾਂ ਦੌਰਾਨ ਪਟਿਆਲਾ ਜ਼ਿਲ੍ਹੇ ਦੇ 8 ਵਿਧਾਨ ਸਭਾ ਹਲਕਿਆਂ 'ਚ 79 ਫੀਸਦੀ ਵੋਟਾਂ ਪਈਆਂ ਹਨ। ਪਟਿਆਲਾ ਜ਼ਿਲ੍ਹੇ ਦੇ ਕੁੱਲ 14 ਲੱਖ 4 ਹਜ਼ਾਰ 316 ਵੋਟਰਾਂ ਵਿੱਚੋਂ ਅੱਜ 11 ਲੱਖ 3 ਹਜ਼ਾਰ 532 ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਜ਼ਿਲ੍ਹਾ ਚੋਣ ਅਫ਼ਸਰ- ਕਮ- ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਸਿੰਘ ਨੇ ਸ਼ਾਂਤੀਪੂਰਨ ਅਤੇ ਨਿਰਵਿਘਨ ਤਰੀਕੇ ਨਾਲ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ 'ਤੇ ਪਟਿਆਲਵੀਆਂ ਦਾ ਧੰਨਵਾਦ ਕੀਤਾ ਹੈ। ਉਹਨਾਂ ਕਿਹਾ ਕਿ ਭਾਵੇਂ ਕਿ ਪਿਛਲੇ ਕਈ ਦਿਨਾਂ ਤੋਂ ਚੋਣ ਪ੍ਰਚਾਰ ਦੌਰਾਨ ਰਾਜਨੀਤਿਕ ਮਹੌਲ ਭਖਿਆ ਹੋਇਆ ਸੀ ਪਰ ਜਿਸ ਸੂਝਵਾਨ ਅਤੇ ਭਾਈਚਾਰਕ ਸਾਂਝ ਨਾਲ ਲੋਕਾਂ ਨੇ ਵੋਟਾਂ ਪਾਈਆਂ ਹਨ ਉਹ ਤਾਰੀਫ ਦੇ ਕਾਬਲ ਹਨ।
ਦੇਰ ਸ਼ਾਮ ਪਟਿਆਲਾ ਜ਼ਿਲ੍ਹੇ ਦੇ 8 ਵਿਧਾਨ ਸਭਾ ਹਲਕਿਆਂ ਨਾਭਾ, ਪਟਿਆਲਾ ਦਿਹਾਤੀ, ਰਾਜਪੁਰਾ, ਘਨੌਰ, ਸਨੌਰ, ਪਟਿਆਲਾ ਸ਼ਹਿਰੀ, ਸਮਾਣਾ ਅਤੇ ਸ਼ਤਰਾਣਾ ਵਿੱਚ ਪਈਆਂ ਵੋਟਾਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਕਈ ਇਲਾਕਿਆਂ 'ਚ ਰਿਕਾਰਡ ਤੋੜ ਵੋਟਾਂ ਪਈਆਂ ਹਨ। ਉਹਨਾਂ ਕਿਹਾ ਕਿ ਜ਼ਿਲ੍ਹੇ ਦੇ 1594 ਪੋਲਿੰਗ ਸਟੇਸ਼ਨਾਂ 'ਚ ਵੋਟਾਂ ਪੈਣ ਦਾ ਕੰਮ ਸਵੇਰੇ ਠੀਕ 8 ਵਜੇ ਤੋਂ ਸ਼ੁਰੂ ਹੋ ਗਿਆ ਪਰ ਇਹ ਵੋਟਿੰਗ ਕਈ ਹਲਕਿਆਂ ਖਾਸ ਤੌਰ 'ਤੇ ਪਟਿਆਲਾ ਦਿਹਾਤੀ,ਰਾਜਪੁਰਾ, ਪਟਿਆਲਾ ਸ਼ਹਿਰੀ, ਸਮਾਣਾ ਅਤੇ ਨਾਭਾ ਵਿਖੇ ਸ਼ਾਮ 5 ਵਜੇ ਤੋਂ ਬਾਅਦ ਵੀ ਜਾਰੀ ਰਹੀ।
ਜ਼ਿਲ੍ਹਾ ਚੋਣ ਅਧਿਕਾਰੀ ਸ਼੍ਰੀ ਰਾਮਵੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ 8 ਵਿਧਾਨ ਸਭਾ ਹਲਕਿਆਂ ਦੇ ਰਿਟਰਨਿੰਗ ਅਧਿਕਾਰੀਆਂ ਤੋਂ ਪ੍ਰਾਪਤ ਰਿਪੋਰਟਾਂ ਅਨੂਸਾਰ ਨਾਭਾ 'ਚ 82 ਫੀਸਦੀ (1 ਲੱਖ 43 ਹਜ਼ਾਰ 229) ਪਟਿਆਲਾ ਦਿਹਾਤੀ 'ਚ 72 ਫੀਸਦੀ (1 ਲੱਖ 47 ਹਜ਼ਾਰ 454), ਰਾਜਪੁਰਾ 'ਚ 79 ਫੀਸਦੀ (1 ਲੱਖ 30 ਹਜ਼ਾਰ 924), ਘਨੌਰ 'ਚ 81 ਫੀਸਦੀ (1 ਲੱਖ 25 ਹਜ਼ਾਰ 237), ਸਨੌਰ 'ਚ 80 ਫੀਸਦੀ (1 ਲੱਖ 62 ਹਜ਼ਾਰ 890), ਪਟਿਆਲਾ ਸ਼ਹਿਰੀ 'ਚ 67 ਫੀਸਦੀ (1 ਲੱਖ 6 ਹਜ਼ਾਰ 229), ਸਮਾਣਾ 'ਚ 84 ਫੀਸਦੀ (1ਲੱਖ 49 ਹਜ਼ਾਰ 27) ਅਤੇ ਸ਼ਤਰਾਣਾ 'ਚ ਵੀ 84 ਫੀਸਦੀ (1 ਲੱਖ 38 ਹਜ਼ਾਰ 542) ਵੋਟਾਂ ਪਈਆਂ। ਉਹਨਾਂ ਚੋਣ ਡਿਊਟੀ ਵਿੱਚ ਲੱਗੇ ਸਟਾਫ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਲਗਾਤਾਰ ਕਈ ਮਹੀਨਿਆਂ ਤੋਂ ਕੀਤੀ ਜਾ ਰਹੀ ਅਣਥੱਕ ਮਿਹਨਤ ਕਰਕੇ ਹੀ ਜ਼ਿਲ੍ਹੇ 'ਚ ਵੋਟਾਂ ਦਾ ਕੰਮ ਸੁਚਾਰੂ ਢੰਗ ਨਾਲ ਨੇਪਰੇ ਚਾੜਿਆ ਗਿਆ ਹੈ।
ਉਹਨਾਂ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਵੋਟਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹੁਣ ਤੱਕ ਇਹਨਾਂ ਨੌਜਵਾਨਾਂ ਕੋਲ ਕਾਨੂੰਨੀ, ਧਾਰਮਿਕ, ਸਮਾਜਿਕ ਅਧਿਕਾਰ ਹੀ ਸਨ ਪਰ ਹੁਣ ਇਹਨਾਂ ਕੋਲ ਰਾਜਨੀਤਿਕ ਅਧਿਕਾਰ ਵੀ ਆ ਗਿਆ ਹੈ। ਉਹਨਾਂ ਆਸ ਕੀਤੀ ਕੀ ਇਹ ਨੌਜਵਾਨ ਲੋਕਤੰਤਰ ਦੀ ਮਜਬੂਤੀ ਅਤੇ ਦੇਸ਼ ਦੀ ਭਲਾਈ ਲਈ ਕੰਮ ਕਰਨਗੇ।
ਇਸ ਮੌਕੇ ਉਹਨਾਂ ਪਹਿਲੀ ਵਾਰ ਵੋਟ ਪਾਉਣ ਵਾਲੇ ਪਹਿਲੇ ਪੰਜ ਵੋਟਰਾਂ ਨੂੰ ਸਰਟੀਫਿਕੇਟ ਵੀ ਦਿੱਤੇ। ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਵਿਧਾਨ ਸਭਾ ਹਲਕਾ 115 ਸ਼ਹਿਰੀ ਦੇ ਕਮਿਸ਼ਨਰ ਆਮਦਨ ਕਰ ਵਿਭਾਗ ਦੇ ਦਫ਼ਤਰ ਵਿਖੇ ਬਣੇ ਬੂਥ ਨੰਬਰ 162 'ਤੇ ਖੁਦ ਵੀ ਲਾਈਨ ਵਿੱਚ ਖੜੇ ਹੋ ਕੇ ਆਪਣੀ ਵੋਟ ਪਾਈ ਅਤੇ ਫਿਰ ਕਰੀਬ ਸਾਰੇ ਹੀ ਹਲਕਿਆਂ ਦਾ ਦੌਰਾ ਕੀਤਾ ਗਿਆ ਅਤੇ ਆਪ ਚੋਣ ਪ੍ਰਕ੍ਰਿਆ ਦਾ ਨੇੜੇ ਤੋਂ ਜਾਇਜਾ ਲਿਆ। ਇਸ ਤੋਂ ਇਲਾਵਾ ਮਿੰਨੀ ਸਕੱਤਰੇਤ ਵਿਖੇ ਬਣਾਏ ਗਏ ਕੰਟਰੋਲ ਰੂਮ ਰਾਹੀਂ ਸਾਰੇ 8 ਹਲਕਿਆਂ 'ਚ ਲਗਾਏ ਗਏ ਕੈਮਰਿਆਂ ਰਾਹੀਂ ਲਾਈਵ ਵੀਡੀਓ ਦੇਖੇ ਗਏ ਅਤੇ ਇਹਨਾਂ ਦੀ ਰਿਕਾਰਡਿੰਗ ਵੀ ਕੀਤੀ ਗਈ ਹੈ। ਜਦ ਕਿ ਚੋਣ ਕਮਿਸ਼ਨ ਵੱਲੋਂ ਹਰ ਹਲਕੇ 'ਚ ਬਣਾਏ ਗਏ 2-2 ਮਾਡਲ ਬੂਥ ਲੋਕਾਂ ਦੀ ਖਿਚ ਦਾ ਕਾਰਨ ਵੀ ਬਣੇ ਰਹੇ ਅਤੇ ਕਈ ਬੂਥਾਂ 'ਤੇ ਲਾਈਵ ਵੈਬ ਕਾਸਟਿੰਗ ਵੀ ਹੋਈ। ਇਸ ਤੋਂ ਇਲਾਵਾ ਪਟਿਆਲਾ ਦੇ ਐਸ.ਐਸ.ਪੀ. ਡਾ. ਐਸ.ਭੂਪਤੀ ਨੇ ਵੀ ਸਾਰਾ ਦਿਨ ਸੁਰੱਖਿਆ ਪ੍ਰਬੰਧਾਂ ਦੀ ਖੁਦ ਨਿਗਰਾਨੀ ਕੀਤੀ।