ਚੰਡੀਗੜ੍ਹ, 9 ਫਰਵਰੀ, 2017 : ਪੰਜਾਬ ਦੇ ਪੰਜ ਵਿਧਾਨ ਸਭਾ ਹਲਕਿਆਂ ਨਾਲ ਸੰਬੰਧਿਤ 32 ਅਤੇ ਅੰਮ੍ਰਿਤਸਰ ਲੋਕ ਸਭਾ ਹਲਕੇ ਨਾਲ ਸੰਬੰਧਿਤ 16 ਪੋਲਿੰਗ ਕੇਂਦਰਾਂ ‘ਚ ਅਤਿ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਪੈ ਰਹੀਆਂ ਹਨ। ਜ਼ਿਕਰਯੋਗ ਹੈ ਕਿ 4 ਫਰਵਰੀ ਨੂੰ ਪਈਆਂ ਵੋਟਾਂ ਦੌਰਾਨ ਵੀ. ਵੀ. ਪੈਟ ਮਸ਼ੀਨਾਂ ‘ਚ ਖਰਾਬੀ ਕਾਰਨ ਵੋਟਿੰਗ ਦੇ ਪ੍ਰਭਾਵਿਤ ਹੋਏ ਕੰਮ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਰਾਜ ਦੇ ਚੋਣ ਅਧਿਕਾਰੀਆਂ ਦੀ ਰਿਪੋਰਟ ਦੇ ਆਧਾਰ ‘ਤੇ ਮੁੜ ਪੋਲਿੰਗ ਦੇ ਨਿਰਦੇਸ਼ ਦਿੱਤੇ ਹਨ। ਇਸ ਦੌਰਾਨ ਰਾਜ ਮੁੱਖ ਚੋਣ ਅਧਿਕਾਰੀ ਵੀ. ਕੇ. ਸਿੰਘ ਮੁੜ ਪੋਲਿੰਗ ਦੀ ਖੁਦ ਸਿੱਧੀ ਨਿਗਰਾਨੀ ਕਰ ਰਹੇ ਹਨ ਅਤੇ ਉਨ੍ਹਾਂ ਨੇ ਮਜੀਠਾ ਸਮੇਤ ਹੋਰ ਅਹਿਮ ਕੇਂਦਰਾਂ ਦਾ ਖੁਦ ਮੌਕੇ ‘ਤੇ ਜਾ ਕੇ ਜਾਇਜ਼ਾ ਲਿਆ ਹੈ। ਇਸ ਵਾਰ ਸੰਬੰਧਿਤ ਪੋਲਿੰਗ ਕੇਂਦਰਾਂ ‘ਤੇ ਈ. ਵੀ. ਐੱਮ. ਤੇ ਵੀ. ਵੀ. ਪੈਟ ਮਸ਼ੀਨਾਂ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਇਕ ਬੂਥ ‘ਤੇ ਤਿੰਨ-ਤਿੰਨ ਮਸ਼ੀਨਾਂ ਵਾਧੂ ਰੱਖੀਆਂ ਗਈਆਂ ਹਨ ਤਾਂ ਜੋ ਖਰਾਬੀ ਆਉਣ ‘ਤੇ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ। ਮਜੀਠਾ ਹਲਕੇ ‘ਚ ਸੱਤਾ ਧਿਰ ਵਲੋਂ ਪੈਸੇ ਵੰਡੇ ਜਾਣ ਦੀ ਸ਼ਿਕਾਇਤ ਬਾਰੇ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਅਜਿਹਾ ਕਰਨ ਦੀ ਕਿਸੇ ਨੂੰ ਆਗਿਆ ਨਹੀਂ ਦਿੱਤੀ ਜਾਵੇਗੀ ਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ। ਜਿਨ੍ਹਾਂ ਪੰਜ ਵਿਧਾਨ ਸਭਾ ਹਲਕਿਆਂ ‘ਚ ਮੁੜ ਵੋਟਾਂ ਪੈ ਰਹੀਆਂ ਹਨ, ਉਨ੍ਹਾਂ ‘ਚ ਮਜੀਠਾ ਹਲਕੇ ਦੇ 12, ਮੁਕਤਸਰ ਦੇ 9, ਸਰਦੂਲਗੜ੍ਹ ਦੇ 4, ਸੰਗਰੂਰ ਦੇ 6 ਅਤੇ ਮੋਗਾ ਦਾ 1 ਪੋਲਿੰਗ ਕੇਂਦਰ ਸ਼ਾਮਲ ਹੈ। ਅੰਮ੍ਰਿਤਸਰ ਲੋਕ ਸਭਾ ਦੇ 16 ਪੋਲਿੰਗ ਸਟੇਸ਼ਨ ਵੀ ਸ਼ਾਮਲ ਹਨ।