ਬਰਨਾਲਾ, 9 ਫਰਵਰੀ, 2017 : ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਸ. ਅਮਰ ਪ੍ਰਤਾਪ ਸਿੰਘ ਵਿਰਕ ਨੇ ਅੱਜ ਜਿਲ੍ਹੇ ਦੇ ਤਿੰਨੋ ਵਿਧਾਨ ਸਭਾ ਹਲਕਿਆਂ ਬਰਨਾਲਾ, ਭਦੌੜ ਅਤੇ ਮਹਿਲ ਕਲਾਂ 'ਚ ਚੋਣਾਂ ਲੜ ਰਹੇ ਸਮੂਹ ਸਿਆਸੀ ਪਾਰਟੀਆਂ ਅਤੇ ਆਜ਼ਾਦੀ ਉਮੀਦਵਾਰਾਂ ਨਾਲ ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਮੀਟਿੰਗ ਕੀਤੀ ਅਤੇ ਸਾਂਤਮਈ ਢੰਗ ਨਾਲ ਚੋਣਾਂ ਕਰਵਾਉਣ ਲਈ ਸਾਰੀਆਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਜਿਲ੍ਹਾ ਪ੍ਰਸਾਸ਼ਨ ਵੱਲੋਂ ਸੰਵਿਧਾਨਿਕ ਤਰੀਕੇ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾ ਅਨੁਸਾਰ ਜਿਲ੍ਹੇ ਵਿੱਚ ਚੋਣਾਂ ਕਰਵਾਇਆ ਗਈਆਂ ਹਨ। ਉਹਨਾਂ ਕਿਹਾ ਕਿ 4 ਫਰਵਰੀ ਨੂੰ ਵੋਟਾ ਪਾਇਆ ਜਾ ਚੁਕਿੱਆ ਹਨ ਅਤੇ ਵੋਟਿੰਗ ਮਸ਼ੀਨਾ ਸਟਰੋਂਗ ਰੂਮ ਦੇ ਜਿੰਦਰੇ ਵਿੱਚ ਬੰਦ ਹਨ। ਉਹਨਾਂ ਸਮੂਹ ਉਮੀਦਵਾਰਾਂ ਨੂੰ ਕਿਹਾ ਕਿ ਸਟਰੋਂਗ ਰੂਮ ਨੂੰ ਵਾਚਣ ਲਈ ਕਿਸੇ ਵੀ ਉਮੀਦਵਾਰ ਤੇ ਕੋਈ ਵੀ ਪਾਬੰਦੀ ਨਹੀ ਹੈ ਅਤੇ 24 ਘੰਟੇ ਸਟਰੋਂਗ ਰੂਮ ਦੀ ਰਿਕਾਰਡਿੰਗ ਕੀਤੀ ਜਾ ਰਹੀ ਹੈ, ਜੇਕਰ ਕਿਸੇ ਵੀ ਉਮੀਦਵਾਰ ਨੇ ਰਿਕਾਰਡਿੰਗ ਦੇਖਣੀ ਹੈ ਤਾਂ ਜਿਲ੍ਹਾ ਪ੍ਰਸਾਸ਼ਨ ਵੱਲੋਂ ਉਹ ਉਪਲੱਬਧ ਕਰਵਾਈ ਜਾ ਸਕਦੀ ਹੈ।
ਸ. ਅਮਰ ਪ੍ਰਤਾਪ ਸਿੰਘ ਵਿਰਕ ਨੇ ਦੱਸਿਆ ਕਿ 11 ਮਾਰਚ ਨੂੰ ਵੋਟਾ ਦੀ ਗਿਣਤੀ ਹੋਣੀ ਹੈ, ਉਸ ਵੇਲੇ ਤੱਕ ਸਟਰੋਂਗ ਰੂਮ ਦੇ ਪ੍ਰਬੰਧ ਇਹੋ-ਜਿਹੇ ਰਹਿਣਗੇ। ਉਹਨਾਂ ਕਿਹਾ ਕਿ ਸਟਰੋਂਗ ਰੂਮ ਵਿੱਚ ਜਿਲ੍ਹੇ ਦੇ ਪੁਲਿਸ ਅਤੇ ਸਿਵਲ ਅਧਿਕਾਰੀਆਂ ਦੀ 24 ਘੰਟੇ ਤਾਇਨਾਤੀ ਕੀਤੀ ਗਈ ਹੈ ਤਾਂ ਜੋ ਸੁਰਖਿੱਆਂ ਦੇ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾ ਸਕੇ। ਉਹਨਾਂ ਕਿਹਾ ਕਿ ਕੋਈ ਵੀ ਉਮੀਦਵਾਰ ਜਾਂ ਉਸਦਾ ਚੋਣ ਏਜੰਟ ਆਪਣਾ ਪਛਾਣ ਪੱਤਰ ਲੈ ਕੇ ਸਟਰੋਂਗ ਰੂਮ ਦੇਖ ਸਕਦਾ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਜੇਕਰ ਕਿਸੇ ਨੂੰ ਕੋਈ ਦਿੱਕਤ ਜਾਂ ਸਮੱਸਿਆ ਪੇਸ਼ ਆਉਂਦੀ ਹੈ ਤਾਂ ਕਿਸੇ ਸੁਣੀ-ਸੁਣਾਈ ਗੱਲ ਤੇ ਵਿਸ਼ਵਾਸ਼ ਨਾ ਕੀਤਾ ਜਾਵੇ ਬਲਕਿ ਤੁਰੰਤ ਜਿਲ੍ਹਾ ਪ੍ਰਸਾਸ਼ਨ ਨਾਲ ਤਾਲਮੇਲ ਕੀਤਾ ਜਾਵੇ। ਉਹਨਾਂ ਇਸ ਮੌਕੇ ਸਮੂਹ ਉਮੀਦਵਾਰਾਂ ਤੋਂ ਸੁਝਾਵ ਵੀ ਮੰਗੇ ਅਤੇ ਕਿਹਾ ਕਿ ਭਾਈਚਾਰਕ ਸਾਂਝ ਅਤੇ ਆਪਸਦਾਰੀ ਨਾਲ ਚੋਣਾਂ ਨੂੰ ਨੇਪਰੇ ਚਾੜ੍ਹਿਆਂ ਜਾਵੇ।
ਇਸ ਮੌਕੇ ਹੋਰਨਾ ਤੋਂ ਇਲਾਵਾ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਪਰਮਪਾਲ ਕੌਰ ਸਿੱਧੂ, ਐਸ. ਪੀ. (ਐਚ) ਸੁਰਿੰਦਰ ਪਾਲ ਸਿੰਘ, ਚੋਣ ਤਹਿਸੀਲਦਾਰ ਮੈਡਮ ਨਰੇਸ ਕਿਰਨ ਅਤੇ ਜਿਲ੍ਹੇ ਵਿੱਚ ਚੋਣਾਂ ਲੜ ਰਹੇ ਸਿਆਸੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰ ਅਤੇ ਉਹਨਾਂ ਦੇ ਨੁਮਾਇੰਦੇ ਹਾਜ਼ਰ ਸਨ।