ਗੁਰੂਹਰਸਹਾਏ/ਫਿਰੋਜ਼ਪੁਰ, 10 ਫਰਵਰੀ, 2017 (ਜਗਦੀਸ਼ ਥਿੰਦ) : ਪੰਜਾਬ ਵਿਧਾਨ ਸਭਾ ਦੀਆਂ ਪੌੜੀਆਂ ਚੜਣ ਲਈ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਕਿਸਮਤ ਚਾਹੇ ਈ.ਵੀ.ਐਮ ਮਸ਼ੀਨਾਂ ਵਿੱਚ ਬੰਦ ਹੋ ਚੁੱਕੀ ਹੈ ਅਤੇ 11 ਮਾਰਚ ਨੂੰ ਹੋਣ ਵਾਲੀ ਗਿਣਤੀ ਵਿੱਚ ਚੋਣ ਨਤੀਜੇ ਕੁਝ ਵੀ ਹੋ ਸਕਦੇ ਹਨ ਪਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਸਮਰੱਥਕਾਂ ਵੱਲੋਂ ਆਪੋ ਆਪਣੇ ਨਜ਼ਰੀਏ ਅਨੁਸਾਰ ਆਪੋ ਆਪਣੀ ਪਾਰਟੀ ਦੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ। ਜਿੱਤ ਦਾਅਵਿਆਂ ਦੇ ਨਾਲ ਹੀ ਸ਼ੋਸ਼ਲ ਮੀਡੀਆ ਤੇ ਜਿੱਥੇ ਆਪ ਅਤੇ ਕਾਂਗਰਸ ਵੱਲੋਂ ਸਪੱਸ਼ਟ ਜਿੱਤ ਦਾ ਅਨੁਮਾਨ ਪੇਸ਼ ਕਰਦਿਆਂ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਹਰੇਕ ਹਲਕੇ ਅੰਦਰ ਹਜ਼ਾਰਾਂ ਦੀ ਗਿਣਤੀ ਵਿੱਚ ਮੁਲਾਜਮ ਵਰਗ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸਤਾਧਾਰੀ ਅਕਾਲੀ ਭਾਜਪਾ ਉਮੀਦਵਾਰਾਂ ਦੇ ਖਿਲਾਫ ਭੁਗਤੇ ਹਨ। ਉਹ ਸਰਕਾਰ ਦੀਆਂ ਕਮੀਆਂ ਗਿਣਾਉਦਿਆਂ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਾਰਮਿਕ ਗ੍ਰੰਥਾਂ ਦੀ ਹੋਈ ਬੇਅਦਬੀ, ਪੰਜਾਬ ਅੰਦਰ ਫੈਲੇ ਕਥਿਤ ਨਸ਼ਿਆਂ ਦਾ ਜਵਾਨੀ ਤੇ ਅਸਰ, ਕਿਸਾਨਾਂ ਦੀਆਂ ਖੁਦਕੁਸ਼ੀਆਂ, ਨਰਮੇ ਤੇ ਹੋਏ ਚਿੱਟੀ ਮੱਖੀ ਅਤੇ ਹੋਰ ਬਿਮਾਰੀਆਂ ਦੇ ਹਮਲੇ, ਬਾਸਮਤੀ ਦੇ ਘੱਟ ਭਾਅ ਮਿਲਣ ਅਤੇ ਡੇਰਾ ਸੱਚਾ ਸੌਦਾ ਦੀ ਹਿਮਾਇਤ ਲੈਣ ਕਾਰਨ ਪੰਥਕ ਵੋਟਰਾਂ ਦੀ ਅਕਾਲੀ ਭਾਜਪਾ ਗਠਜੋੜ ਨਾਲ ਹੋਈ ਨਰਾਜਗੀ ਨੂੰ ਆਪਣੀਆਂ ਪਾਰਟੀਆਂ ਦੀ ਜਿੱਤ ਦਾ ਸਬੱਬ ਹੋਣ ਦਾ ਦਾਅਵਾ ਕਰ ਰਹੇ ਹਨ। ਆਪ ਅਤੇ ਕਾਂਗਰਸ ਵਾਲੇ ਸੋਸ਼ਲ ਮੀਡੀਆ ਤੇ ਕਹਿ ਰਹੇ ਹਨ ਕਿ 11 ਮਾਰਚ ਨੂੰ ਚਾਹੇ 2 ਘੰਟੇ ਦੇਰੀ ਹੋ ਜਾਵੇ ਪਰ ਨਤੀਜਾ ਪੀ ਟੀ ਸੀ ਚੈਨਲ ਤੇ ਹੀ ਦੇਖਣਾ ਹੈ ਅਤੇ ਘੱਟੋ ਘੱਟ 5 ਐਲ.ਈ.ਡੀਆਂ ਲਗਾ ਕੇ ਦੇਖਣਾ ਹੈ। ਇਕ ਹੋਰ ਸਮਰਥਕ ਦਾਅਵਾ ਕਰਦਾ ਹੈ ਕਿ 11 ਮਾਰਚ ਨੂੰ ਮੇਰੇ ਪਿੰਡ ਡੀ.ਜੇ ਭਗਵੰਤ ਮਾਨ ਦੀ ਜਿੱਤ ਦੀ ਖੁੁਸ਼ੀ ਵਿੱਚ ਚੱਲਣਾ ਹੈ। ਇੱਥੇ ਸ਼ੋਸ਼ਲ ਮੀਡੀਆ ਤੇ ਅਕਾਲੀ ਦਲ ਵਲੋ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਮੁਕਾਬਲੇ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰਾਂ ਦੇ ਸਮਰਥਕਾਂ ਵਲੋ ਬਹੁਤ ਘੱਟ ਅਤੇ ਠਰੱਮੇ ਵਾਲੀਆਂ ਪੋਸਟਾਂ ਅਪਲੋਡ ਕੀਤੀਆ ਜਾ ਰਹੀਆ ਹਨ। ਅਕਾਲੀ ਦਲ ਦੇ ਆਈ ਟੀ ਸੈਲ ਵਲੋ ਸ਼ੋਸ਼ਲ ਮੀਡੀਆ ਤੇ ਮਸ਼ਵਰਾ ਦਿੱਤਾ ਜਾ ਰਿਹਾ ਹੈ ਕਿ ਆਪ ਅਤੇ ਕਾਂਗਰਸ ਵਾਲੇ ਸਟਰੌਗ ਰੂਮਜ਼ ਵਿੱਚ ਪਈਆਂ ਮਸ਼ੀਨਾਂ ਦੀ ਚਾਹੁਣ ਤਾਂ ਨਿਗਰਾਨੀ ਕਰ ਸਕਦੇ ਹਨ। ਇੱਥੇ ਕਿਹਾ ਗਿਆ ਹੈ ਕਿ 11 ਮਾਰਚ ਨੂੰ ਅਕਾਲੀ ਭਾਜਪਾ ਗਠਜੋੜ ਦੀ ਜਿੱਤ ਹੋਣ 'ਤੇ ਫਿਰ ਨਾ ਕਹਿਣਾ ਕਿ ਮਸ਼ੀਨਾਂ ਵਿੱਚ ਗੜਬੜ ਹੋ ਗਈ ਹੈ। ਅਕਾਲੀ ਦਲ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਹੋਈਆ ਬੇਅਦਬੀ ਦੀਆਂ ਮੰਦ ਭਾਗੀਆਂ ਘਟਨਾਵਾਂ ਦੇ ਬਾਵਜੂਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸੂਝ ਬੂਝ ਨਾਲ ਪੰਜਾਬ ਅੰਦਰ ਅਮਨ ਕਾਇਮ ਰਿਹਾ ਹੈ। ਉਨ੍ਹਾਂ ਵਲੋ ਕੀਤੇ ਗਏ ਵਿਕਾਸ ਕਾਰਜਾਂ, ਸਬਸਿਡੀ ਵਿੱਚ ਦਿੱਤੀ ਗਈ ਮੁਫਤ ਖੇਤਾਂ ਅਤੇ ਘਰਾਂ ਨੂੰ ਬਿਜਲੀ, ਦਾਲ ਆਟਾ ਅਤੇ ਹੋਰ ਸਕੀਮਾਂ ਕਾਰਨ ਅਕਾਲੀ ਦਲ ਦੀ ਲਗਾਤਾਰ ਤੀਜੀ ਵਾਰ ਸਰਕਾਰ ਬਨਣ ਦੇ ਦਾਅਵੇ ਕੀਤੇ ਜਾ ਰਹੇ ਹਨ। ਇੱਥੇ ਪਿਛਲੀ ਵਾਰ ਮਨਪ੍ਰੀਤ ਸਿੰਘ ਬਾਦਲ ਦੀ ਪੀਪਲਜ ਪਾਰਟੀ ਔਫ ਪੰਜਾਬ ਵਲੋ ਵੋਟਾਂ ਦਾ ਬਟਵਾਰਾ ਕਰਨ ਨਾਲ ਅਕਾਲੀ ਦਲ ਨੂੰ ਸਪੱਸ਼ਟ ਬਹੁਮਤ ਮਿਲਣ ਵਾਂਗ ਇਸ ਵਾਰ ਆਪ ਵਲੋ ਲਏ ਜਾਣ ਵਾਲੇ ਵੋਟ ਕਾਰਨ ਗਠਜੋੜ ਨੂੰ ਲਾਭ ਹੋਣ ਦੀ ਗੱਲ ਕਹੀ ਜਾ ਰਹੀ ਹੈ। ਇਸ ਦੇ ਉਲਟ ਆਪ ਦੇ ਕੌਮੀ ਪੱਧਰ ਦੇ ਅਹੁਦੇਦਾਰ ਨੇ ਗੈਰ ਰਸਮੀ ਗੱਲਬਾਤ ਦੌਰਾਨ ਕਿਹਾ ਕਿ ਕਾਠ ਦੀ ਹਾਂਡੀ ਬਾਰ ਬਾਰ ਨਹੀ ਚੜ੍ਹਦੀ ਬਲਕਿ ਕਾਂਗਰਸ ਅਤੇ ਅਕਾਲੀ ਭਾਜਪਾ ਦੇ ਸਫਾਏ ਲਈ ਵੱਡੇ ਪੱਧਰ ਤੇ ਹੋਈ ਪੋਲਿੰਗ ਪੰਜਾਬ ਅੰਦਰ ਨਵੀ ਸਰਕਾਰ ਬਣਾਉਣ ਦਾ ਫੈਸਲਾ ਕਰ ਚੁੱਕੀ ਹੈ। ਇਸ ਦੌਰਾਨ ਕਾਂਗਰਸ ਪਾਰਟੀ ਦੇ ਆਗੂਆਂ ਵਲੋ ਸਾਰੇ ਦਾਅਵੇ ਰੱਦ ਕਰਕੇ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਬਨਣ ਦੀ ਗੱਲ ਕਰਦੇ ਹੋਏ ਕਿਹਾ ਜਾ ਰਿਹਾ ਹੈ ਕਿ ਸਰਕਾਰੀ ਅਤੇ ਪ੍ਰਾਈਵੇਟ ਸਰਵੇ ਏਜੰਸੀਆਂ ਮੰਨ ਚੁੱਕੀਆਂ ਹਨ ਕਿ ਕਾਂਗਰਸ ਪਾਰਟੀ ਸਪੱਸ਼ਟ ਬਹੁਮਤ ਲੈਣ ਜਾ ਰਹੀ ਹੈ। ਇਸ ਦੌਰਾਨ ਵੱਖ ਵੱਖ ਪਾਰਟੀਆਂ ਦੇ ਸਮਰਥਕਾਂ ਵਲੋ ਵਾਰ ਵਾਰ ਪੱਤਰਕਾਰਾਂ ਨਾਲ ਗੱਲਬਾਤ ਕਰਕੇ ਬਨਣ ਵਾਲੀ ਸਰਕਾਰ ਦੀਆਂ ਸੰਭਾਵਨਾਵਾਂ ਸਬੰਧੀ ਲਗਾਤਾਰ ਪੁੱਛਿਆ ਜਾ ਰਿਹਾ ਹੈ। ਇਸ ਦੌਰਾਨ ਸਿਆਸੀ ਪੰਡਿਤਾਂ ਦਾ ਕਹਿਣਾ ਹੈ ਕਿ ਹੋਈ ਚੁੱਪ ਚੁਪੀਤੀ ਪੋਲਿੰਗ ਕਾਰਨ ਇਸ ਵਾਰ ਲੰਗੜੀ ਸਰਕਾਰ ਬਨਣ ਦਾ ਸਬੱਬ ਵੀ ਬਣ ਸਕਦੀ ਹੈ।
ਫੈਲਾਈਆਂ ਜਾ ਰਹੀਆਂ ਅਫਵਾਹਾਂ
ਕੁਝ ਲੋਕ ਕਾਂਗਰਸ ਦੀ ਸਰਕਾਰ ਬਨਣ ਦੀ ਸੰਭਾਵਨਾਂ ਸਪੱਸ਼ਟ ਹੋ ਜਾਣ ਬਾਅਦ ਕਾਂਗਰਸ ਦੇ ਮੁੱਖ ਮੰਤਰੀ ਦੇ ਦਾਅਵੇਦਾਰ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਵਾਲੀ ਸੁਰੱਖਿਆ ਛੱਤਰੀ ਅਤੇ ਸਕਿਉਰਿਟੀ ਮਿਲਣ ਦੀ ਗੱਲ ਕਰਦੇ ਹਨ ਤਾਂ ਕੁਝ ਲੋਕ ਦਾਅਵਾ ਕਰਦੇ ਹਨ ਕਿ ਭਗਵੰਤ ਮਾਨ ਅਤੇ ਗੁਰਪ੍ਰੀਤ ਸਿੰਘ ਘੁੱਗੀ ਨੂੰ ਜੈਡ ਸੁਰੱਖਿਆ ਮਿਲਣ ਦੀ ਗੱਲ ਉਡਾ ਦਿੰਦੇ ਹਨ। ਕੁਝ ਲੋਕ ਮਨਪ੍ਰੀਤ ਸਿੰਘ ਬਾਦਲ ਦੇ ਖਜਾਨਾ ਮੰਤਰੀ ਬਨਣ ਦੀ ਗੱਲ ਕਰਦੇ ਹਨ ਤਾਂ ਕੋਈ ਹੋਰ ਨਵਜੋਤ ਸਿੰਘ ਸਿੱਧੂ ਦੇ ਉਪ ਮੁੱਖ ਮੰਤਰੀ ਬਨਣ ਦੀ ਗੱਲ ਪੇਸ਼ ਕਰਦਿਆਂ ਦੱਸਦੇ ਹਨ ਕਿ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨਾਲ ਹੋਈ ਨਵਜੋਤ ਸਿੱਧੂ ਦੀ ਚੋਣਾਂ ਬਾਅਦ ਮੀਟਿੰਗ ਵਿੱਚ ਸਿੱਧੂ ਨੂੰ ਉਪ ਮੁੱਖ ਮੰਤਰੀ ਬਣਾਏ ਜਾਣ ਦਾ ਭਰੋਸਾ ਦਿੱਤਾ ਗਿਆ ਹੈ। ਊਠ ਕਿਸ ਕਰਵਟ ਬੈਠਣਾ ਹੈ ਇਹ ਹਾਲੇ ਸਮੇ ਦੇ ਗਰਭ ਵਿੱਚ ਹੈ ਪਰ ਵੱਖ ਵੱਖ ਚਹੇਤਿਆਂ ਵਲੋ ਮੰਗੇਰੀ ਲਾਲ ਦੇ ਹਸੀਨ ਸੁਪਨੇ ਦੇਖਦਿਆਂ ਖਿਆਲੀ ਪਲਾਓ ਪਕਾਏ ਜਾ ਰਹੇ ਹਨ।