ਗੁਰਭਜਨ ਗਿੱਲ
ਲੁਧਿਆਣਾ, 19 ਸਤੰਬਰ 2019 - 19 ਸਤੰਬਰ ਨੂੰ ਪੰਜਾਬ ਸਰਕਾਰ ਚਲਾ ਰਹੀ ਕੈਬਨਿਟ ਦੀ ਮੀਟਿੰਗ ਡੇਰਾ ਬਾਬਾ ਨਾਨਕ ਚ ਹੋ ਰਹੀ ਹੈ। ਪੰਜਾਬ ਸਰਕਾਰ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਸਥਾਨ ਸੁਲਤਾਨਪੁਰ ਲੋਧੀ ਤੋਂ ਬਾਅਦ ਹੁਣ ਦੂਜੀ ਮੀਟਿੰਗ ਡੇਰਾ ਬਾਬਾ ਨਾਨਕ ਚ ਕਰ ਰਹੀ ਹੈ। ਸਰਹੱਦੀ ਲੋਕ ਪੰਜਾਬ ਸਰਕਾਰ ਨੂੰ ਸੱਚੀ ਸਰਕਾਰ ਦੇ ਦਵਾਰ ਅੱਖੀਂ ਵੇਖ ਸਕਣਗੇ।
ਇਸ ਸਥਾਨ ਤੇ ਬਾਬਾ ਅਜਿੱਤਾ ਰੰਧਾਵਾ ਜੀ ਯਾਦਗਾਰੀ ਕਿਸਾਨ ਹਵੇਲੀ ਬਣ ਰਹੀ ਹੈ। ਪੰਜਾਬ ਦੇ ਸਹਿਕਾਰਤਾ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਸ਼ਾਮੀਂ ਟੈਲੀਫੋਨ ਤੇ ਦੱਸਿਆ। ਇਹ ਵੀ ਦੱਸਿਆ ਕਿ ਰੱਈਆ ਮੋੜ ਤੋਂ ਡੇਰਾ ਬਾਬਾ ਨਾਨਕ ਤੀਕ ਸੜਕ ਚੌੜੀ ਕਰਨ ਤੇ ਸੁੰਦਰੀਕਰਨ ਲਈ ਸੌ ਕਰੋੜ ਰੁਪਏ ਮਨਜ਼ੂਰ ਹੋ ਗਏ ਨੇ।
ਕਰਤਾਰਪੁਰ ਸਾਹਿਬ ਲਾਂਘੇ ਦੇ ਦੋਹੀਂ ਪਾਸੀਂ ਮਹਿਕਵੰਤੇ ਖ਼ੁਸ਼ਬੂਦਾਰ ਬੂਟੇ ਲਾਏ ਜਾਣਗੇ ਪਲੇ ਪਲਾਏ। ਤਿੰਨ ਸਾਲ ਦੀ ਉਮਰ ਵਾਲੇ ਪੱਕੇ ਬੂਟੇ। ਗੁਰੂ ਮਾਰਗ ਮਹਿਕ ਉੱਠੇਗਾ। ਇੱਕ ਕਰੋੜ ਰੁਪਏ ਰਾਖਵੇਂ ਰੱਖ ਲਏ ਨੇ ਇਸ ਮਹਿਕੰਦੜੇ ਕਾਰਜ ਲਈ।
ਇਹ ਵੀ ਦੱਸਿਆ ਕਿ ਬਾਬਾ ਬੁੱਢਾ ਜੀ ਫਾਉਂਡੇਸ਼ਨ ਬਣਾ ਰਹੇ ਹਾਂ ਸਾਰੇ ਰੰਧਾਵੇ ਰਲ ਕੇ। ਮੈਂ ਦੱਸਿਆ ਕਿ ਮੇਰੀ ਮਾਂ ਮਰਦੇ ਦਮ ਤੀਰ ਚੇਤੇ ਕਰਵਾਉਂਦੀ ਰਹੀ, ਪੁੱਤ ਮੈਂ ਤੈਨੂੰ ਬਾਬਾ ਬੁੱਢਾ ਜੀ ਤੋਂ ਮੰਗ ਕੇ ਰਮਦਾਸੋਂ ਲਿਆ ਸੀ। ਮੈਂ ਹੁਣ ਵੀ ਬਦੀ ਕਰਨ ਲੱਗਿਆਂ ਕੰਬ ਜਾਂਦਾ ਹਾਂ ਕਿ ਬਾਬਾ ਬੁੱਢਾ ਜੀ ਦੇ ਨਾਮ ਨੂੰ ਵੱਟਾ ਨਾ ਲੱਗੇ। ਸਮੂਹ ਰੰਧਾਵਾ ਸਾਹਿਬਾਨ ਵੀ ਮੇਰੀ ਬੀਬੀ ਦੀ ਗੱਲ ਚੇਤੇ ਰੱਖਣ। ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਕਿੱਤਾ ਸਿਖਲਾਈ ਕਾਲਿਜ ਵੀ ਬਣਵਾਵਾਂਗੇ ਕੈਪਟਨ ਸਾਹਿਬ ਪਾਸੋਂ।
ਕਲਾਨੌਰ ਚ ਖੇਤੀਬਾੜੀ ਕਾਲਿਜ ਤਾਂ ਲੈ ਲਿਆ ਹੈ। ਪੜ੍ਹਨ ਵਾਲੇ ਕਮਰਕੱਸਾ ਕਰ ਲੈਣ।
ਪੰਜਾਹ ਸਾਲ ਪਹਿਲਾਂ ਭਾਸ਼ਾ ਵਿਭਾਗ ਪੰਜਾਬ ਵੱਲੋਂ ਛਾਪੀ ਡੇਰਾ ਬਾਬਾ ਨਾਨਕ ਸਰਵੇ ਪੁਸਤਕ ਵੀ ਸੋਧਾਂ ਸਹਿਤ ਪ੍ਰਕਾਸ਼ਿਤ ਕਰਵਾਵਾਂਗੇ। ਗਿਆਨ ਬਿਨ ਗਤੀ ਨਹੀਂ।
ਆਖਰੀ ਗੱਲ
————-
ਖੇਤੀ ਦਾ ਕਰਤਾਰਪੁਰੀ ਮਾਡਲ
—————————
ਖੇਤੀਬਾੜੀ ਦਾ ਕਰਤਾਰਪੁਰੀ ਮਾਡਲ ਹੀ ਪੰਜਾਬ ਨੂੰ ਬਚਾਵੇਗਾ। ਇਹ ਨਾਅਰਾ ਬੁਲੰਦ ਕਰਨਗੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ।
ਕਿਰਤ ਕਰਨ, ਨਾਮ ਜਪਣ ਤੇ ਵੰਡ ਕੇ ਛਕਣ ਦਾ ਸੁਨੇਹਾ ਘਰ ਘਰ ਪਹੁੰਚਾਵਾਂਗੇ ਪਿਆਰਿਓ।
ਅਸਾਂ ਤਾਂ ਪੰਜਾਬ ਨੂੰ ਚੇਤਾ ਕਰਵਾਉਣਾ ਹੈ, ਬਾਕੀ ਕੰਮ ਗੁਰੂ ਮਾਹਰਾਜ ਆਪੇ ਕਰਵਾ ਲੈਣਗੇ।
ਜਿਵੇਂ ਲਾਂਘਾ ਬਣਵਾਇਆ ਹੈ।
ਮੁੱਖ ਮੰਤਰੀ ਸਾਹਿਬ ਤੇ ਕੈਬਨਿਟ ਸੱਚੀ ਸਰਕਾਰ ਦੇ ਦਵਾਰ ਕੀ ਅਰਪ ਕੇ ਆਉਂਦੀ ਹੈ, ਇਹ ਤਾਂ ਕੱਲ੍ਹ ਲੌਢੇ ਵੇਲੇ ਵੇਖਾਂਗੇ ਪਰ ਮੇਰਾ ਜੱਦੀ ਇਲਾਕਾ ਹੋਣ ਕਰਕੇ ਇਹ ਕਹਿਣ ਦਾ ਹੱਕ ਰੱਖਦਾ ਹਾਂ ਕਿ ਡੇਰਾ ਬਾਬਾ ਨਾਨਕ ਨੂੰ 100 ਬਿਸਤਰਿਆਂ ਦਾ ਚੰਗਾ ਹਸਪਤਾਲ ਤੇ ਉਚੇਰੀ ਸਿੱਖਿਆ ਅਦਾਰਾ ਇਥੇ ਜ਼ਰੂਰ ਉੱਸਰੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦੋ ਖੇਤਰੀ ਕੈਂਪਸ ਡੇਰਾ ਬਾਬਾ ਨਾਨਕ ਤੇ ਸੁਲਤਾਨਪੁਰ ਲੋਧੀ ਚ ਖੋਲ੍ਹਣੇ ਬਣਦੇ ਹਨ।
ਡਾ: ਮ ਸ ਰੰਧਾਵਾ ਜਿਉਂਦੇ ਹੁੰਦੇ ਤਾਂ ਉਨ੍ਹਾਂ ਸਰਕਾਰ ਨੂੰ ਇਨ੍ਹਾਂ ਕੰਮਾਂ ਲਈ ਹੁਕਮ ਕਰ ਲੈਣਾ ਸੀ ਪਰ ਅਸੀਂ ਤਾਂ ਅਰਜ਼ੀ ਹੀ ਲਿਖ ਸਕਦੇ ਹਾਂ।